ਕਾਂਗਰਸ ਦੇ ਆਬਜ਼ਰਵਰਾਂ ਨੇ ਪੰਜਾਬ ਲੀਡਰਸ਼ਿਪ ਦੀ ਨਬਜ਼ ਟੋਹੀ .
ਇੰਡੀਅਨ ਨੈਸ਼ਨਲ ਕਾਂਗਰਸ ਹਾਈਕਮਾਂਡ ਵੱਲੋਂ ਨਿਯੁਕਤ ਤਿੰਨ ਸੀਨੀਅਰ ਕੌਮੀ ਨਿਗਰਾਨਾਂ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਚੋਣ ਰਣਨੀਤੀ ਮੁਤੱਲਕ ਤਿੰਨ ਦਿਨਾ ਮੰਥਨ ਦੇ ਪਹਿਲੇ ਦਿਨ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਦੀ ਨਬਜ਼ ਟੋਹੀ। ਤਿੰਨ ਮੈਂਬਰੀ ਟੀਮ ਨੇ ਕਾਂਗਰਸ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨਾਲ ਅੱਜ ਦਿੱਲੀ ਦੇ ਇੰਦਰਾ ਭਵਨ ’ਚ ਮੀਟਿੰਗ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਬਾਰੇ ਫੀਡ ਬੈਕ ਲਈ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ’ਚ ਫੇਰਬਦਲ ਬਾਰੇ ਲੰਮੇ ਸਮੇਂ ਤੋਂ ਕਿਆਸ ਚੱਲ ਰਹੇ ਹਨ ਪਰ ਹਾਈਕਮਾਂਡ ਲੀਡਰਸ਼ਿਪ ’ਚ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਤਬਦੀਲੀ ਤੋਂ ਦੋ ਵਾਰ ਇਨਕਾਰ ਕਰ ਚੁੱਕੀ ਹੈ। ਅੱਜ ਜਦੋਂ ਤਿੰਨ ਮੈਂਬਰੀ ਟੀਮ ਦੇ ਮੈਂਬਰਾਂ ਨੇ ਇਕੱਲੇ-ਇਕੱਲੇ ਕਾਂਗਰਸੀ ਆਗੂਆਂ ਨਾਲ ਵਾਰਤਾ ਕੀਤੀ ਤਾਂ ਇਸ ਮੌਕੇ ਸਵਾਲ ਉੱਭਰਿਆ ਕਿ ਪੰਜਾਬ ਕਾਂਗਰਸ ਨੂੰ ਕੌਣ ਅਗਵਾਈ ਦੇ ਸਕਦਾ ਹੈ? ਕਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਕਿਹਾ ਕਿ ਅਗਵਾਈ ਕਰਨ ਵਾਲਾ ਦਾਗ਼ੀ ਨਾ ਹੋਵੇ ਜਿਸ ਨੂੰ ਕੋਈ ਸੰਘੀ ਏਜੰਸੀ ਆਪਣਾ ਸੌਖੇ ਹੀ ਸ਼ਿਕਾਰ ਨਾ ਬਣਾ ਸਕੇ। ਪੰਜਾਬ ਕਾਂਗਰਸ ਦੀ ਜਥੇਬੰਦਕ ਮਜ਼ਬੂਤੀ ਬਾਰੇ ਵੀ ਰਾਇ ਲਈ ਗਈ।
