ਗੋਬਿੰਦ ਸਾਗਰ ਝੀਲ ਚੋਂ ਗਾਰ ਕੱਢਣ ਦੇ ਕੰਮ ਵਿਚ ਪਈ ਰੁਕਾਵਟ .
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚੋਂ ਵੱਡੇ ਪੱਧਰ 'ਤੇ ਜੰਮੀ ਹੋਈ ਗਾਰ (ਸਿਲਟ) ਬਾਹਰ ਕੱਢਣ ਦੀ ਵੱਡੀ ਯੋਜਨਾ ਮੁਸ਼ਕਲ ਵਿੱਚ ਫਸ ਗਈ ਹੈ। ਦਰਅਸਲ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਸ ਪ੍ਰੋਜੈਕਟ ਲਈ ਕੱਢੇ ਗਏ ਟੈਂਡਰਾਂ 'ਤੇ ਇਤਰਾਜ਼ ਜਤਾਇਆ ਹੈ। ਹਿਮਾਚਲ ਸਰਕਾਰ ਦਾ ਕਹਿਣਾ ਹੈ ਕਿ ਬੋਰਡ ਨੇ ਇਹ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਸੂਬੇ ਤੋਂ ਜ਼ਰੂਰੀ 'ਨੋ ਅਬਜੈਕਸ਼ਨ ਸਰਟੀਫਿਕੇਟ ਨਹੀਂ ਲਿਆ।ਹਿਮਾਚਲ ਸਰਕਾਰ ਨੇ ਬੀ ਬੀ ਐੱਮ ਬੀ ਨੂੰ ਸਪਸ਼ਟ ਕੀਤਾ ਹੈ ਕਿ ਜਿਸ ਪੂਰੇ ਹਿੱਸੇ ਵਿੱਚੋਂ ਮਿੱਟੀ ਕੱਢੀ ਜਾਣੀ ਹੈ, ਉਹ ਹਿਮਾਚਲ ਦੀ ਹੱਦ ਦੇ ਅੰਦਰ ਆਉਂਦਾ ਹੈ। ਇਸ ਲਈ ਬੋਰਡ ਨੂੰ ਟੈਂਡਰ ਜਾਰੀ ਕਰਨ ਤੋਂ ਪਹਿਲਾਂ ਸੂਬਾ ਸਰਕਾਰ ਤੋਂ ਮਨਜ਼ੂਰੀ ਲੈਣੀ ਚਾਹੀਦੀ ਸੀ।
ਹਿਮਾਚਲ ਪ੍ਰਦੇਸ਼ ਦੇ ਬਿਜਲੀ ਸਕੱਤਰ (ਸੈਕਟਰੀ ਪਾਵਰ) ਅਤੇ ਉਦਯੋਗ ਨਿਰਦੇਸ਼ਕ (ਡਾਇਰੈਕਟਰ ਇੰਡਸਟਰੀਜ਼) ਵੱਲੋਂ ਬੀ ਬੀ ਐੱਮ ਬੀ ਦੇ ਅਧਿਕਾਰੀਆਂ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਦੀ ਐੱਨ ਓ ਸੀ ਤੋਂ ਬਿਨਾਂ ਝੀਲ ਦੇ ਅੰਦਰ ਖੁਦਾਈ ਦਾ ਕੋਈ ਵੀ ਕੰਮ ਅੱਗੇ ਨਹੀਂ ਵਧਾਇਆ ਜਾ ਸਕਦਾ।
ਸੂਤਰਾਂ ਨੇ ਦੱਸਿਆ ਕਿ ਇਸ ਇਤਰਾਜ਼ ਨੇ ਬੀ ਬੀ ਐੱਮ ਬੀ ਨੂੰ ਆਪਣੀ ਟੈਂਡਰਿੰਗ ਰਣਨੀਤੀ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ। ਬੋਰਡ ਹੁਣ ਇੱਕ ਸੋਧੀ ਹੋਈ ਸ਼ਰਤ ਦੇ ਨਾਲ ਟੈਂਡਰਾਂ ਨੂੰ ਦੁਬਾਰਾ ਜਾਰੀ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜਿਸ ਦੇ ਤਹਿਤ ਸਫਲ ਠੇਕੇਦਾਰ (ਜਿਸ ਨੂੰ ਟੈਂਡਰ ਮਿਲੇਗਾ) ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਹੋਰ ਏਜੰਸੀਆਂ ਤੋਂ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ, ਇਜਾਜ਼ਤਾਂ ਅਤੇ ਐੱਨ ਓ ਸੀ ਪ੍ਰਾਪਤ ਕਰਨ ਲਈ ਜ਼ਿੰਮੇਵਾਰ ਹੋਵੇਗਾ।
