ਚੰਡੀਗੜ੍ਹ ਵਿੱਚ ਮੈਡੀਕਲ ਹਾਲ ਗੋਲੀ ਕਾਂਡ ਦੇ ਦੋ ਮੁਲਜ਼ਮ ਕਾਬੂ.

ਚੰਡੀਗੜ੍ਹ - ਪੁਲਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਜੰਮੂ-ਕਸ਼ਮੀਰ ਪੁਲਸ ਦੀ ਮਦਦ ਨਾਲ, 13 ਜੂਨ ਨੂੰ ਸੈਕਟਰ 11 ਦੇ 'ਸ੍ਰੀ ਕੁਮਾਰ ਮੈਡੀਕਲ ਹਾਲ' ਵਿੱਚ ਦਿਨ-ਦਿਹਾੜੇ ਹੋਏ ਹਮਲੇ ਦੇ ਸਬੰਧ ਵਿੱਚ ਦੋ ਮੁਲਜ਼ਮਾਂ ਆਰੀਅਨ ਅਤੇ ਸੰਨੀ ਮਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਹਮਲੇ ਵਿੱਚ 45 ਸਾਲਾ ਜਾਨਕੀ ਦਾਸ ਦੀ ਜਾਨ ਚਲੀ ਗਈ ਸੀ।

ਸੂਤਰਾਂ ਨੇ ਦੱਸਿਆ ਕਿ ਤੀਜਾ ਮੁਲਜ਼ਮ, ਜਿਸ ਨੇ ਹਮਲੇ ਦੌਰਾਨ ਇੱਕ ਆਧੁਨਿਕ ਹਥਿਆਰ ਨਾਲ ਕਰੀਬ 13 ਰਾਊਂਡ ਗੋਲੀਆਂ ਚਲਾਈਆਂ ਸਨ, ਅਜੇ ਵੀ ਫ਼ਰਾਰ ਹੈ। ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ।
ਪੁਲਸ ਨੇ ਤਿੰਨ ਦਿਨਾਂ ਦੀ ਲਗਾਤਾਰ ਭਾਲ ਤੋਂ ਬਾਅਦ ਸ਼ੱਕੀਆਂ ਦਾ ਪਤਾ ਲਗਾਇਆ। ਅਖੀਰ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਰਾਜੌਰੀ ਵਿੱਚ ਦਬੋਚ ਲਿਆ। ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਚੰਡੀਗੜ੍ਹ ਲਿਆਂਦੇ ਜਾਣ ਦੀ ਉਮੀਦ ਹੈ, ਜਿੱਥੇ ਪੁਲਸ ਅਗਲੇਰੀ ਜਾਂਚ ਲਈ ਉਨ੍ਹਾਂ ਦਾ ਰਿਮਾਂਡ ਹਾਸਲ ਕਰੇਗੀ।ਸੂਤਰਾਂ ਅਨੁਸਾਰ, ਇਸ ਅਪਰੇਸ਼ਨ ਵਿੱਚ ਕਈ ਸੂਬਿਆਂ ਦੀਆਂ ਪੁਲਸ ਟੀਮਾਂ ਸ਼ਾਮਲ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਪੁਲਸ ਅਧਿਕਾਰੀ ਦੇ ਰਿਸ਼ਤੇਦਾਰ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਪਹਿਲਾਂ ਹੀ ਜੰਮੂ-ਕਸ਼ਮੀਰ ਪੁਲਸ ਦੇ ਰਾਡਾਰ 'ਤੇ ਸੀ।

 ਪੁਲਸ ਦੇ ਇੱਕ ਸੂਤਰ ਨੇ ਕਿਹਾ, "ਮੁਲਜ਼ਮਾਂ ਦਾ ਪਤਾ ਉਨ੍ਹਾਂ ਦੇ ਡਿਜੀਟਲ ਫੁੱਟਪ੍ਰਿੰਟਸ (ਇੰਟਰਨੈੱਟ/ਮੋਬਾਈਲ ਗਤੀਵਿਧੀਆਂ) ਅਤੇ ਨਿਗਰਾਨੀ (ਸਰਵੇਲੈਂਸ) ਇਨਪੁਟਸ ਰਾਹੀਂ ਲਗਾਇਆ ਗਿਆ ਸੀ। ਪੁਲੀਸ ਨੇ ਹਥਿਆਰ ਸਪਲਾਈ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਪਰ ਜਾਂਚ ਅਜੇ ਜਾਰੀ ਹੈ।"

ਹਾਲਾਂਕਿ, ਖਬਰ ਲਿਖੇ ਜਾਣ ਤੱਕ, ਚੰਡੀਗੜ੍ਹ ਪੁਲਸ ਨੇ ਅਧਿਕਾਰਤ ਤੌਰ 'ਤੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਨਹੀਂ ਕੀਤੀ ਸੀ।