ਡਾ ਅਨੁਭਵ ਸ਼ਰਮਾ ਦੀ ਡਾਕਟਰੀ ਇਲਾਜ ਦੇ ਖੇਤਰ ਵਿਚ ਵਿਸ਼ੇਸ਼ ਉਪਲਬਦੀ.

ਨਿਊਯਾਰਕ ਦੇ ਵਿਸ਼ਵ ਪ੍ਰਸਿੱਧ ਐਮਐਸਕੇਸੀਸੀ ਵਿੱਚ ਉੱਚ ਪੱਧਰੀ ਟ੍ਰੇਨਿੰਗ ਪੂਰੀ ਕਰਕੇ ਡੀਐਮਸੀਐੱਚ ਦੇ ਡਾ. ਅਨੁਭਵ ਸ਼ਰਮਾ ਨੇ ਹਾਸਲ ਕੀਤੀ ਵਿਸ਼ੇਸ਼ ਉਪਲਬਧੀ

ਲੁਧਿਆਣਾ (ਤਮੰਨਾ ਬੇਦੀ) : ਉੱਤਰੀ ਭਾਰਤ ਵਿੱਚ ਹੱਡੀਆਂ ਦੇ ਕੈਂਸਰ ਦੇ ਇਲਾਜ ਨੂੰ ਹੋਰ ਮਜ਼ਬੂਤੀ ਮਿਲਣ ਜਾ ਰਹੀ ਹੈ ਕਿਉਂਕਿ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ  ਲੁਧਿਆਣਾ ਦੇ ਆਰਥੋਪੀਡਿਕ ਔਨਕੋਸਰਜਨ ਡਾ. ਅਨੁਭਵ ਸ਼ਰਮਾ ਨੇ ਅਮਰੀਕਾ ਦੇ ਨਿਊਯਾਰਕ ਸਥਿਤ ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ਵਿੱਚ ਪ੍ਰਤਿਸ਼ਠਿਤ ਕਲੀਨਿਕਲ ਅਬਜ਼ਰਵਰਸ਼ਿਪ ਸਫਲਤਾਪੂਰਵਕ ਪੂਰੀ ਕੀਤੀ ਹੈ। ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ਨੂੰ ਦੁਨੀਆ ਦੇ ਸਭ ਤੋਂ ਅਗੇਤੜ ਕੈਂਸਰ ਹਸਪਤਾਲਾਂ ਵਿੱਚ ਗਿਣਿਆ ਜਾਂਦਾ ਹੈ।

ਇਸ ਵਿਸ਼ੇਸ਼ ਟ੍ਰੇਨਿੰਗ ਦੌਰਾਨ ਡਾ. ਸ਼ਰਮਾ ਨੇ ਐਮ ਐਸ ਕੇ ਸੀ ਸੀ ਦੀ ਆਰਥੋਪੀਡਿਕ ਸਰਜਰੀ ਵਿਭਾਗ ਦੀ ਮੁਖੀ ਡਾ. ਕੈਰੋਲ ਮੋਰਿਸ ਦੀ ਰਹਿਨੁਮਾਈ ਹੇਠ ਕੰਮ ਕੀਤਾ। ਪ੍ਰੋਗਰਾਮ ਦਾ ਮੁੱਖ ਕੇਂਦਰ ਜਟਿਲ ਹੱਡੀ ਅਤੇ ਨਰਮ ਟਿਸ਼ੂ ਟਿਊਮਰਾਂ ਲਈ ਉੱਨਤ ਸਰਜੀਕਲ ਯੋਜਨਾਬੰਦੀ ਅਤੇ ਇਲਾਜੀ ਤਕਨੀਕਾਂ ਸਨ। ਇਸ ਦੌਰਾਨ ਉਨ੍ਹਾਂ ਨੇ ਬਹੁ-ਵਿਭਾਗੀ ਟਿਊਮਰ ਬੋਰਡ ਚਰਚਾਵਾਂ, ਸਬੂਤ-ਅਧਾਰਿਤ ਫ਼ੈਸਲੇ, ਉੱਚ ਪੱਧਰੀ ਇਮੇਜਿੰਗ ਤਕਨਾਲੋਜੀ ਅਤੇ ਮਰੀਜ਼-ਕੇਂਦਰਿਤ ਇਲਾਜ ਪ੍ਰਣਾਲੀਆਂ ਬਾਰੇ ਡੂੰਘੀ ਜਾਣਕਾਰੀ ਹਾਸਲ ਕੀਤੀ।

ਡਾ. ਸ਼ਰਮਾ ਦੀ ਕਾਰਗੁਜ਼ਾਰੀ ਨੂੰ ਐਮ ਏਸ ਕੇ ਸੀ ਸੀ  ਦੇ ਮਾਹਿਰਾਂ ਵੱਲੋਂ ਵੀ ਖੂਬ ਸਰਾਹਿਆ ਗਿਆ। ਡਾ. ਕੈਰੋਲ ਮੋਰਿਸ ਨੇ ਆਪਣੇ ਮੁਲਾਂਕਣ ਵਿੱਚ ਉਨ੍ਹਾਂ ਦੀ ਜਟਿਲ ਆਰਥੋਪੀਡਿਕ ਔਨਕੋਲੋਜੀ ਮਾਮਲਿਆਂ ਬਾਰੇ ਗਹਿਰੀ ਸਮਝ ਅਤੇ ਉੱਚ ਪੱਧਰੀ ਸਰਜੀਕਲ ਧਾਰਣਾਵਾਂ ਨੂੰ ਤੇਜ਼ੀ ਨਾਲ ਅਪਣਾਉਣ ਦੀ ਸਮਰੱਥਾ ਦੀ ਸ਼ਲਾਘਾ ਕੀਤੀ।

ਆਪਣੇ ਤਜਰਬੇ ਬਾਰੇ ਗੱਲ ਕਰਦਿਆਂ ਡਾ. ਅਨੁਭਵ ਸ਼ਰਮਾ ਨੇ ਕਿਹਾ ਕਿ ਉਕਤ ਸੈਂਟਰ ਵਿੱਚ ਟ੍ਰੇਨਿੰਗ ਉਨ੍ਹਾਂ ਲਈ ਬਹੁਤ ਹੀ ਬਦਲਾਅਕਾਰੀ ਅਨੁਭਵ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤਜਰਬੇ ਨੇ ਉਨ੍ਹਾਂ ਨੂੰ ਆਧੁਨਿਕ ਸਰਜੀਕਲ ਤਕਨੀਕਾਂ, ਪ੍ਰਿਸੀਜ਼ਨ ਔਨਕੋਲੋਜੀ ਅਤੇ ਬਹੁ-ਵਿਭਾਗੀ ਸਹਿਯੋਗ ਦੀ ਮਹੱਤਤਾ ਨੂੰ ਹੋਰ ਨੇੜੇ ਤੋਂ ਸਮਝਣ ਦਾ ਮੌਕਾ ਦਿੱਤਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਸਿੱਖਿਆ ਡੀ ਐਮ ਸੀ ਐੱਚ ਦੇ ਮਰੀਜ਼ਾਂ ਨੂੰ ਵਿਸ਼ਵ-ਪੱਧਰੀ ਇਲਾਜ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋ।

ਇਸ ਮੌਕੇ ਡੀਐਮਸੀ ਐਂਡ ਐਚ ਮੈਨੇਜਿੰਗ ਸੋਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕਿਹਾ ਕਿ ਇਹ ਉਪਲਬਧੀ ਨਾ ਸਿਰਫ਼ ਡੀ ਐਮ ਸੀ ਐੱਚ ਲਈ ਸਗੋਂ ਉੱਤਰੀ ਭਾਰਤ ਵਿੱਚ ਆਰਥੋਪੀਡਿਕ ਕੈਂਸਰ ਦੇ ਇਲਾਜ ਲਈ ਵੀ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਉੱਥੇ ਹੀ ਪ੍ਰਿੰਸੀਪਲ ਡਾ. ਗੁਰਪ੍ਰੀਤ ਵਾਂਡਰ ਨੇ ਕਿਹਾ ਕਿ  ਵਿਸ਼ਵ ਪ੍ਰਸਿੱਧ ਸੰਸਥਾਨ ਤੋਂ ਪ੍ਰਾਪਤ ਗਿਆਨ ਅਤੇ ਤਜਰਬਾ ਮਰੀਜ਼ਾਂ ਦੀ ਸੰਭਾਲ, ਸਿੱਖਿਆ ਅਤੇ ਖੋਜ ਦੇ ਮਾਪਦੰਡਾਂ ਨੂੰ ਹੋਰ ਉੱਚਾ ਚੁੱਕਣ ਵਿੱਚ ਸਹਾਇਕ ਹੋਵੇਗਾ। ਉਨ੍ਹਾਂ ਕਿਹਾ ਕਿ ਡਾ. ਸ਼ਰਮਾ ਦੀ ਇਹ ਉਪਲਬਧੀ ਡੀ ਐਮ ਸੀ ਐੱਚ ਦੀ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।