ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ ਪੁਸਤਕ ਸਲੋਹ (ਇੰਗਲੈਂਡ ਵਿਚ ਲੇਖਕ ਪਾਠਕ ਮੰਚ ਵੱਲੋਂ ਲੋਕ ਅਰਪਣ.
ਲੁਧਿਆਣਾ, 18 ਜੂਨ (ਮਨਜੀਤ ਸਿੰਘ ਧੀਮਾਨ) : ਵਿਸ਼ਵ ਪੰਜਾਬੀ ਸਭਾ ਬਰੈਮਪਟਨ(ਕੈਨੇਡਾ) ਵੱਲੋਂ ਪ੍ਰਕਾਸ਼ਿਤ ਪੁਸਤਕ ਪੰਜਾਬੀ ਬੋਲੀ, ਰਮਜ਼ਾਂ ਰੁਕਾਵਟਾਂ ਤੇ ਰਾਹ ਨੂੰ ਲੇਖਕ ਪਾਠਕ ਮੰਚ ਸਲੋਹ (ਇੰਗਲੈਂਡ) ਵੱਲੋਂ ਲੋਕ ਅਰਪਣ ਕੀਤਾ ਗਿਆ। ਡਾ. ਦਲਬੀਰ ਸਿੰਘ ਕਥੂਰੀਆ ਦੀ ਸਰਪ੍ਰਸਤੀ ਹੇਠ ਡਾ. ਆਤਮਜੀਤ ਤੇ ਗੁਰਭਜਨ ਗਿੱਲ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਇਸ ਵੱਡ ਆਕਾਰੀ ਪੁਸਤਕ ਨੂੰ ਹਰਜੀਤ ਅਟਵਾਲ, ਮਹਿੰਦਰਪਾਲ ਸਿੰਘ ਧਾਲੀਵਾਲ, ਭਜਨ ਕੌਰ ਧਾਲੀਵਾਲ, ਰਾਜਿੰਦਰਜੀਤ, ਨੁਜ਼ਹਤ ਅੱਬਾਸ, ਅਜ਼ੀਮ ਸ਼ੇਖਰ,ਡਾ. ਅਮਰ ਜਯੋਤੀ, ਰਣਜੀਤ ਧੀਰ, ਰੂਪ ਦੇਵਿੰਦਰ ਕੌਰ,ਮਨਜੀਤ ਕੌਰ ਪੱਡਾ,ਗੁਰਨਾਮ ਸਿੰਘ ਗਰੇਵਾਲ ਅਤੇ ਸੁਰਿੰਦਰ ਮਹੇਸ਼ਵਰੀ ਨੇ ਲੋਕ ਅਰਪਨ ਕੀਤਾ।
ਇਸ ਪੁਸਤਕ ਬਾਰੇ ਜਾਣਕਾਰੀ ਦੇਦਿਆਂ ਅਮਰੀਕਾ ਤੋਂ ਸ, ਉਜਾਗਰ ਸਿੰਘ ਨੇ ਲਿਖ ਭੇਜਿਆ ਹੈ ਕਿ ਇਹ ਇਤਿਹਾਸਕ ਦਸਤਾਵੇਜ਼ ਸੰਸਾਰ ਦੇ ਲਗਪਗ 130 ਦੇਸ਼ਾਂ ਵਿੱਚ ਬੋਲੀ ਜਾਂਦੀ ਪੰਜਾਬੀ ਬੋਲੀ ਬਾਰੇ ਅਰਿਮ ਦਸਤਾਵੇਜ਼ ਹੈ।
ਪੰਜਾਬੀ ਬੋਲੀ ਨਾਲ ਸਾਡਾ ਸਭਿਆਚਾਰ, ਵਿਰਸਾ ਅਤੇ ਪਛਾਣ ਜੁੜੇ ਹੋਏ ਹਨ। ਇਸ ਕਰਕੇ ਪੰਜਾਬੀ ਬੋਲੀ ਦੀ ਹੋਂਦ ਨੂੰ ਬਚਾਉਣਾ ਅਤਿਅੰਤ ਜ਼ਰੂਰੀ ਹੈ। ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵੱਖਰੇ ਕਰਕੇ ਨਹੀਂ ਵੇਖਿਆ ਜਾ ਸਕਦਾ। ਇੰਗਲੈਂਡ ਵਿੱਚ ਚੌਥੇ ਤੇ ਕੈਨੇਡਾ ਵਿੱਚ ਪੰਜਵੇਂ ਨੰਬਰ ਤੇ ਪੰਜਾਬੀ ਬੋਲੀ ਜਾਂਦੀ ਹੈ। ਵਿਸ਼ਵ ਪੰਜਾਬੀ ਕਾਨਫਰੰਸਾਂ 1980 ਤੋਂ ਸ਼ੁਰੂ ਹੋਈਆਂ ਤੇ ਲਗਾਤਾਰ ਹੋ ਰਹੀਆਂ ਹਨ, ਪ੍ਰੰਤੂ ਇਨ੍ਹਾਂ ਕਾਨਫ਼ਰੰਸਾਂ ਦੇ ਕੀਤੇ ਭਾਵੇਂ ਕੋਈ ਸਾਰਥਿਕ ਨਤੀਜੇ ਨਜ਼ਰ ਨਹੀਂ ਆਏ ਪਰ ਵਿਸ਼ਵ ਪੰਜਾਬੀ ਸਭਾ ਬਰੈਂਮਟਨ ਕੈਨੇਡਾ ਦੇ ਰੂਹੇ ਰਵਾਂ ਡਾ.ਦਲਬੀਰ ਸਿੰਘ ਕਥੂਰੀਆ ਨੇ ਆਪਣੀ ਸੰਸਥਾ ਰਾਹੀਂ ‘ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ’ ਪੁਸਤਕ ਪ੍ਰਕਾਸ਼ਿਤ ਕਰਕੇ ਇਸ ਮੰਚ ਦਾ ਸਦਉਪਯੋਗ ਕੀਤਾ ਹੈ। ਪੰਜਾਬੀ ਦੇ ਸੁਪ੍ਰਸਿੱਧ ਵਿਦਵਾਨਾਂ ਆਤਮਜੀਤ ਅਤੇ ਗੁਰਭਜਨ ਗਿੱਲ ਨੇ ‘ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ’ ਪੁਸਤਕ ਦੀ ਸੰਪਾਦਨਾ ਕਰਕੇ ਪੰਜਾਬੀ ਬੋਲੀ ਨੂੰ ਪ੍ਰਫ਼ੁੱਲਤ ਕਰਨ ਲਈ ਸ਼ਲਾਘਾਯੋਗ ਉਦਮ ਕੀਤਾ ਹੈ। ਇਸ ਪੁਸਤਕ ਵਿੱਚ ਪੰਜਾਬੀ ਬੋਲੀ ਦੇ ਤਿੰਨ ਦਰਜਨ ਦੇਸ਼ ਵਿਦੇਸ਼ ਦੇ ਵਿਦਵਾਨਾ ਦੇ ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ।
