ਡਿਊਟੀ ਤੋਂ ਫਾਰਗ ਕਰਕੇ ਜਾਂਚ ਕੀਤੀ ਸ਼ੁਰੂ.
ਰਾਇਲ ਕੈਨੇਡਾ ਮਾਂਉਟਿਡ ਪੁਲੀਸ ਦੇ ਇੱਕ ਅਫਸਰ ਵਿਰੁੱਧ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਆਨਲਾਈਨ ਧਮਕੀ ਦੇਣ ਦਾ ਅਪਰਾਧਕ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਕਰਮੀ ਨੂੰ ਡਿਊਟੀ ਤੋਂ ਉਦੋਂ ਹੀ ਫਾਰਗ ਕਰ ਦਿੱਤਾ ਗਿਆ ਸੀ, ਜਦ ਉਸ ਨੇ ਪਿਛਲੇ ਸਾਲ ਸਨੈਪਚੈਟ ਤੇ ਧਮਕੀਆਂ ਭਰੀ ਵੀਡੀਓ ਪੋਸਟ ਕੀਤੀ ਸੀ।
ਕਿਊਬਕ ’ਚ ਤਾਇਨਾਤ ਪੁਲੀਸ ਅਫਸਰ ਦੀ ਪਛਾਣ 34 ਸਾਲਾ ਈਵਨਸਨ ਡੁਮੈਰਲਸ ਵਜੋਂ ਦੱਸੀ ਗਈ ਹੈ, ਜੋ ਜੀ-7 ਮੌਕੇ ਅਲਬਰਟਾ ’ਚ ਸੰਮੇਲਨ ਸਥਾਨ ਤੇ ਉਵਰਸੀਜ ਸਕਿਉਰਟੀ ਡਿਊਟੀ ਭਾਵ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਦੀ ਸੁਰੱਖਿਆ ਡਿਊਟੀ ਤੇ ਤਾਈਨਾਤ ਕੀਤਾ ਗਿਆ ਸੀ।
ਜਿਵੇਂ ਹੀ ਉਸ ਦੀ ਵੀਡੀਓ ਵਾਇਰਲ ਹੋਈ ਤਾਂ ਉਸਨੂੰ ਤੁਰੰਤ ਡਿਊਟੀ ਤੋਂ ਫਾਰਗ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਵਿਸ਼ੇਸ਼ ਜਾਂਚ ਟੀਮ ਵਲੋਂ ਪਿਛਲੇ ਦਿਨੀਂ ਰਿਪੋਰਟ ਚ ਦੋਸ਼ੀ ਪਾਏ ਗਏ ਪੁਲੀਸ ਅਫਸਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਬੇਸ਼ੱਕ ਉਸ ਨੇ ਕੁਝ ਘੰਟਿਆਂ ਬਾਅਦ ਆਪਣੀ ਸਨੈਪਚੈਟ ਵੀਡੀਓ ਡਿਲੀਟ ਕਰ ਦਿੱਤੀ ਗਈ ਸੀ, ਪਰ ਸੁਰੱਖਿਆ ਅਫਸਰ ਵਲੋਂ ਇੰਝ ਕੀਤੇ ਜਾਣ ਨੂੰ ਗੰਭੀਰ ਅਪਰਾਧ ਮੰਨਿਆ ਗਿਆ। ਉਸ ਨੂੰ 30 ਜੁਲਾਈ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
