ਕਾਂਗਰਸ ਹਾਈ ਕਮਾਂਡ ਚੰਨੀ ਦੇ ਨਾਂ ਤੇ ਲਾਵੇ ਮੋਹਰ: ਪਾਲਾ ਢੰਡਾਰੀ .

ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਬਹੁਗਿਣਤੀ ਲੋਕਾਂ ਦੀ ਪਸੰਦ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਤੇ ਲੜੀ ਜਾਵੇ ਚੋਣ : ਪਾਲਾ ਢੰਡਾਰੀ


ਕਿਹਾ ! ਚੰਨੀ ਤੋਂ ਬਿਨਾ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਔਖੀ ਸੋਸ਼ਲ ਮੀਡੀਆ ਤੇ ਲੱਖਾਂ ਲੋਕ ਕਰ ਚੁੱਕੇ ਨੇ ਸਾਬਤ

ਲੁਧਿਆਣਾ, 18 ਜੂਨ (ਵਰਿੰਦਰ) ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਦੇ ਮੈਂਬਰ ਲੋਕ ਸਭਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨਾ, ਸਾਬਕਾ ਮੁੱਖ ਮੰਤਰੀਆਂ, ਵਿਧਾਇਕਾਂ, ਸਾਬਕਾ ਵਿਧਾਇਕਾਂ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਅਤੇ ਹੋਰ ਕਾਂਗਰਸ ਪਾਰਟੀ ਦੇ  ਆਗੂਆਂ ਵਲੋਂ ਲਈ ਜਾ ਰਹੀ ਸਲਾਹ ਦੀ ਸ਼ਲਾਘਾ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਸ. ਗੁਰਕ੍ਰਿਪਾਲ ਸਿੰਘ ਪਾਲਾ ਢੰਡਾਰੀ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਕਾਂਗਰਸੀ ਆਗੂਆਂ ਦੀ ਸਲਾਹ ਦੇ ਨਾਲ ਨਾਲ ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਚੈਨਲਾਂ ਵਲੋਂ ਸੋਸ਼ਲ ਮੀਡੀਆ ਤੇ ਕਰਵਾਏ ਗਏ ਸਰਵੇ ਅਨੁਸਾਰ ਵੱਡੀ ਗਿਣਤੀ ਵਿਚ ਕੂਮੈਂਟ ਸ. ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਆਏ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਕਾਂਗਰਸ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਚਰਨਜੀਤ ਸਿੰਘ ਚੰਨੀ ਦੇ ਹੱਥ ਪੰਜਾਬ ਕਾਂਗਰਸ ਦੀ ਕਮਾਂਡ ਦੇਣੀ ਚਾਹੀਦੀ ਹੈ ਅਤੇ ਚੰਨੀ ਤੋਂ ਬਿਨਾ ਕਾਂਗਰਸ ਦੀ ਸਰਕਾਰ ਬਣਨੀ ਬਹੁਤ ਔਖੀ ਹੈ।
ਪਾਲਾ ਢੰਡਾਰੀ ਨੇ ਕਾਂਗਰਸ ਹਾਈ ਕਮਾਂਡ ਨੂੰ ਯਾਦ ਕਰਵਾਇਆ ਕਿ ਆਮ ਆਦਮੀ ਪਾਰਟੀ ਉਪਜ ਹੀ ਸੋਸ਼ਲ ਮੀਡੀਆ ਦੀ ਹੈ ਅਤੇ ਦਿੱਲੀ ਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣ ਵਿੱਚ ਸੋਸ਼ਲ ਮੀਡੀਆ ਦਾ ਹੀ ਯੋਗਦਾਨ ਹੈ। ਇਸ ਲਈ ਸੋਸ਼ਲ ਮੀਡੀਆ ਦੀ ਤਾਕਤ ਨੂੰ ਦੇਖਦੇ ਹੋਏ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਲੋਕ ਸਭਾ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨੀਆ ਚਾਹੀਦੀਆਂ ਹਨ ਤਾਂ ਜੌ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਜਾ ਸਕੇ। ਪਾਲਾ ਢੰਡਾਰੀ ਨੇ ਕਾਂਗਰਸ ਹਾਈ ਕਮਾਂਡ ਨੂੰ ਆਗਾਹ ਕੀਤਾ ਕਿ ਪੰਜਾਬ ਵਿੱਚ ਕੋਈ ਨਵਾਂ ਤਜੁਰਬਾ ਨਾ ਕੀਤਾ ਜਾਵੇ, ਕਿਉ ਕਿ ਇਹ ਕਾਂਗਰਸ ਪਾਰਟੀ ਲਈ ਘਾਟੇ ਦਾ ਸੌਦਾ ਹੋ ਸਕਦਾ ਹੈ। ਪਾਲਾ ਢੰਡਾਰੀ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਅਤੇ ਉਨ੍ਹਾਂ ਦਾ ਨੇਤਾ ਇਹੋ ਜਿਹਾ ਹੋਵੇ ਜਿਸ ਨੂੰ ਅਸਾਨੀ ਨਾਲ ਮਿਲਿਆ ਜਾ ਸਕੇ ਅਤੇ ਪੰਜਾਬ ਦੇ ਲੋਕ ਅਜੇ ਤੱਕ ਸ. ਚੰਨੀ ਦੇ ਮੁੱਖ ਮੰਤਰੀ ਵਜੋਂ ਤਿੰਨ ਮਹੀਨੇ ਦੇ ਕਾਰਜਕਾਲ ਨੂੰ ਨਹੀਂ ਭੁੱਲੇ ਜਦੋਂ ਉਹ ਆਮ ਲੋਕਾਂ ਵਿੱਚ ਬੈਠ ਕੇ ਚਾਹ ਪਾਣੀ ਅਤੇ ਖਾਣਾ ਖਾ ਲੈਂਦੇ ਸਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਵੀ ਕਿਸੇ ਕਿਸੇ ਦੀ ਸਮੱਸਿਆ ਨਹੀਂ ਆਉਣ ਦਿੱਤੀ ਅਤੇ ਬਾਕੀ ਦੇ ਸਾਰੇ ਵਰਗਾਂ ਦਾ ਵੀ ਧਿਆਨ ਰੱਖਿਆ। ਜਿਸ ਕਾਰਨ ਉਹ ਅੱਜ ਵੀ ਹਰਮਨ ਪਿਆਰੇ ਨੇਤਾ ਵਜੋਂ ਜਾਣੇ ਜਾਂਦੇ ਹਨ। ਪਾਲਾ ਢੰਡਾਰੀ ਨੇ ਇਕ ਵਾਰ ਫਿਰ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਸ. ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਪੱਤਾ ਖੇਡਿਆ ਜਾਵੇ।