ਯੋਗ ਸੰਦੇਸ਼ ਯਾਤਰਾ.
ਭਾਰਤ ਤੋਂ ਸ਼ਿਕਾਗੋ ਅਤੇ ਫਿਰ ਹੁਗਲੀ ਤੱਕ ਸਵਾਮੀ ਵਿਵੇਕਾਨੰਦ ਦੇ ਯੋਗ ਸੰਦੇਸ਼ ਦੀ ਆਲਮੀ ਯਾਤਰਾ
ਪ੍ਰਤਾਪ ਰਾਓ ਜਾਧਵ
ਸਮੁੱਚੇ ਇਤਿਹਾਸ ਵਿੱਚ, ਕੁਝ ਵਿਚਾਰ ਸਰਹੱਦਾਂ ਦੇ ਪਾਰ ਜਾ ਕੇ ਸਮਾਜਾਂ ਨੂੰ ਬਦਲਦੇ ਰਹੇ ਹਨ। ਯੋਗ ਭਾਰਤ ਦੀਆਂ ਪ੍ਰਾਚੀਨ ਪਰੰਪਰਾਵਾਂ ਵਿੱਚੋਂ ਇੱਕ ਹੈ, ਜਿਸ ਦੀ ਯਾਤਰਾ ਪ੍ਰਾਚੀਨ ਸ਼ਾਸਤਰਾਂ ਤੋਂ ਸ਼ੁਰੂ ਹੋ ਕੇ ਆਲਮੀ ਮਾਨਤਾ ਤੱਕ ਜਾ ਪਹੁੰਚੀ ਹੈ।
ਯੋਗ ਸ਼ਬਦ- ਜੋ ਸੰਸਕ੍ਰਿਤ ਦੇ ਮੂਲ ਸ਼ਬਦ ਯੁਜ਼ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ‘ਜੋੜਨਾ’ ਜਾਂ ‘ਏਕਤਾ ਸਥਾਪਿਤ ਕਰਨਾ’- ਆਪਣੇ ਅੰਦਰ ਦਾਰਸ਼ਨਿਕ ਚਿੰਤਨ ਅਤੇ ਵਿਵਹਾਰਕ ਅਨੁਸ਼ਾਸਨ ਦੀ ਇੱਕ ਸਮੁੱਚੀ ਪ੍ਰਣਾਲੀ ਸਮਾਈ/(ਜਜ਼ਬ ਕੀਤੀ) ਹੋਈ ਹੈ, ਜਿਸ ਦਾ ਉਦੇਸ਼ ਵਿਅਕਤੀ (ਜੀਵ ਆਤਮਾ) ਦਾ ਵਿਸ਼ਵਵਿਆਪੀ ਚੇਤਨਾ (ਪ੍ਰਮਾਤਮਾ) ਨਾਲ ਮਿਲਾਨ ਕਰਵਾਉਣਾ ਹੈ।
ਯੋਗ ਦੇ ਸ਼ੁਰੂਆਤੀ ਬੀਜ ਰਿਗਵੇਦ (ਲਗਭਗ 1500-1200 ਈ. ਪੂਰਵ) ਵਿੱਚ ਮਿਲਦੇ ਹਨ, ਜਿੱਥੇ ਤਪ ਅਤੇ ਧਿਆਨ ਵਰਗੀਆਂ ਧਾਰਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਅੱਗੇ ਚੱਲ ਕੇ ਇਨ੍ਹਾਂ ਵਿਚਾਰਾਂ ਦਾ ਵਿਕਾਸ ਉਪਨਿਸ਼ਦਾਂ ਵਿੱਚ ਹੋਇਆ, ਜਿਨ੍ਹਾਂ ਨੇ ਯੋਗ ਦੇ ਕਈ ਦਾਰਸ਼ਨਿਕ ਸਿਧਾਂਤਾਂ ਨੂੰ ਸਪਸ਼ਟ ਰੂਪ ਵਿੱਚ ਬਿਆਨ ਕੀਤਾ। ਹਾਲਾਂਕਿ ਯੋਗ ਨੂੰ ਉਸ ਦਾ ਸਭ ਤੋਂ ਯੋਜਨਾਬੱਧ ਸਰੂਪ ਮਹਾਰਿਸ਼ੀ ਪਤੰਜਲੀ ਦੁਆਰਾ ਰਚੇ ਗਏ ਯੋਗਸੂਤਰ ( ਲਗਭਗ 200 ਈ.ਪੂਰਵ-400 ਈਸਵੀ) ਨੇ ਪ੍ਰਦਾਨ ਕੀਤਾ- ਇਸ ਵਿੱਚ ਅਸ਼ਟਾਂਗ ਯੋਗ ਜਾਂ ਅੱਠ ਅੰਗਾਂ ਵਾਲੇ ਮਾਰਗ ਦਾ ਵਰਣਨ ਕੀਤਾ ਗਿਆ ਹੈ, ਜਿਸ ਵਿੱਚ ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ ਅਤੇ ਸਮਾਧੀ ਸ਼ਾਮਲ ਹਨ।
ਪਤੰਜਲੀ ਤੋਂ ਇਲਾਵਾ, ਭਗਵਦ ਗੀਤਾ ਯੋਗ ਨੂੰ ਜੀਵਨ ਜਿਉਣ ਦੇ ਗਤੀਸ਼ੀਲ ਦਰਸ਼ਨ ਵਜੋਂ ਪੇਸ਼ ਕਰਦੀ ਹੈ। ਕੁਰੂਕਸ਼ੇਤਰ ਦੇ ਯੁੱਧ ਖੇਤਰ ਦੇ ਪਿਛੋਕੜ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਵਿਚਕਾਰ ਸੰਵਾਦ ਮਨੁੱਖੀ ਫਰਜ਼, ਉਦੇਸ਼ ਅਤੇ ਅਧਿਆਤਮਿਕ ਉੱਨਤੀ ਦੇ ਵਿਸ਼ੇ ਵਿੱਚ ਡੂੰਘੀ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਭਗਵਦ ਗੀਤਾ ਵਿੱਚ ਵਰਣਿਤ ਵੱਖ –ਵੱਖ ਮਾਰਗਾਂ ਵਿੱਚ ਕਰਮ ਯੋਗ (ਨਿਰਸੁਆਰਥ ਕਰਮ ਦਾ ਮਾਰਗ), ਗਿਆਨ ਯੋਗ (ਗਿਆਨ ਦਾ ਮਾਰਗ) ਅਤੇ ਭਗਤੀ ਯੋਗ (ਭਗਤੀ ਦਾ ਮਾਰਗ) ਮੁਕਤੀ ਪ੍ਰਾਪਤੀ ਦੇ ਤਿੰਨ ਮੁੱਖ ਪਥ ਮੰਨੇ ਗਏ ਹਨ। ਇਸ ਲਈ ਭਾਰਤ ਸਿਰਫ਼ ਯੋਗ ਦੀ ਜਨਮ ਭੂਮੀ ਹੀ ਨਹੀਂ ਹੈ- ਇਹ ਇੱਕ ਜੀਵੰਤ ਸੱਭਿਅਤਾ ਹੈ, ਜਿੱਥੇ ਯੋਗ ਹਜ਼ਾਰਾਂ ਵਰ੍ਹਿਆਂ ਤੋਂ ਸੁਭਾਵਿਕ ਤੌਰ ‘ਤੇ ਵਿਕਸਿਤ ਹੋਇਆ ਹੈ, ਅਤੇ ਜੋ ਇਸ ਦੀ ਅਧਿਆਤਮਿਕ, ਸੱਭਿਆਚਾਰਕ ਅਤੇ ਦਾਰਸ਼ਨਿਕ ਸੰਚਰਨਾ ਦਾ ਅਣਿਖੱੜਵਾਂ ਅੰਗ ਰਿਹਾ ਹੈ।
ਹਾਲਾਂਕਿ, ਬਸਤੀਵਾਦੀ ਸ਼ਾਸਨ ਦੌਰਾਨ ਭਾਰਤੀ ਸਮਾਜ ਦੇ ਸਿੱਖਿਅਤ ਵਰਗ ਦਾ ਇੱਕ ਵੱਡਾ ਹਿੱਸਾ ਪੱਛਮੀ ਬੌਧਿਕ ਵਿਚਾਰ ਧਾਰਾਵਾਂ ਤੋਂ ਪ੍ਰਭਾਵਿਤ ਹੋਣ ਅਤੇ ਯੋਗ ਸਮੇਤ ਭਾਰਤ ਦੀਆਂ ਅਨੇਕਾਂ ਰਵਾਇਤੀ ਗਿਆਨ-ਪਰੰਪਰਾਵਾਂ ਨੂੰ ਬਦਲਦੀ ਆਧੁਨਿਕ ਦੁਨੀਆ ਵਿੱਚ ਮੁਕਾਬਲਤਨ ਘੱਟ ਪ੍ਰਾਸੰਗਿਕ ਮੰਨਿਆ ਜਾਣ ਲੱਗਿਆ। ਅਜਿਹੇ ਮਹੱਤਵਪੂਰਨ ਸਮੇਂ ਵਿੱਚ, ਸਵਾਮੀ ਵਿਵੇਕਾਨੰਦ ਇੱਕ ਮਜ਼ਬੂਤ ਸੁਰ ਬਣ ਕੇ ਉਭਰੇ, ਜਿਨ੍ਹਾਂ ਨੇ ਲੋਕਾਂ ਨੂੰ ਯੋਗ ਦੀ ਅਸਲ ਮਹੱਤਤਾ ਨੂੰ ਫਿਰ ਤੋਂ ਜਾਣਨ ਵਿੱਚ ਮਦਦ ਕੀਤੀ।
ਸਵਾਮੀ ਵਿਵੇਕਾਨੰਦ ਨੇ ਆਪਣੇ ਉਪਦੇਸ਼ਾਂ ਅਤੇ ਵਿਸ਼ਵ ਧਰਮ ਸੰਸਦ ਵਿੱਚ ਦਿੱਤੇ ਗਏ ਇਤਿਹਾਸਕ ਭਾਸ਼ਣ ਰਾਹੀਂ ਦੁਨੀਆ ਦਾ ਧਿਆਨ ਭਾਰਤ ਦੀ ਅਧਿਆਤਮਿਕ ਵਿਰਾਸਤ ਵੱਲ ਆਕਰਸ਼ਿਤ ਕੀਤਾ ਅਤੇ ਯੋਗ ਦੀ ਸਦੀਵੀ ਗਿਆਨ ਪਰੰਪਰਾ ਪ੍ਰਤੀ ਲੋਕਾਂ ਵਿੱਚ ਨਵਾਂ ਵਿਸ਼ਵਾਸ ਜਗਾਇਆ। ਉਨ੍ਹਾਂ ਨੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨਾਲ ਵੇਦਾਂਤ ਅਤੇ ਯੋਗ ਦੇ ਸਿਧਾਂਤ ਸਾਂਝੇ ਕੀਤੇ ਅਤੇ ਇਹ ਸਪਸ਼ਟ ਕੀਤਾ ਕਿ ਯੋਗ ਸਿਰਫ ਇੱਕ ਧਾਰਮਿਕ ਸਾਧਨਾ ਨਹੀਂ ਹੈ, ਸਗੋਂ ਨਿਜੀ ਵਿਕਾਸ, ਅੰਦਰੂਨੀ ਸ਼ਾਂਤੀ ਅਤੇ ਆਤਮ-ਵਿਕਾਸ ਦਾ ਮਾਰਗ ਵੀ ਹੈ। ਵਿਦੇਸ਼ਾਂ ਵਿੱਚ ਸਵਾਮੀ ਵਿਵੇਕਾਨੰਦ ਨੂੰ ਮਿਲੇ ਵਿਆਪਕ ਸਨਮਾਨ ਅਤੇ ਸ਼ਲਾਘਾ ਨੇ ਭਾਰਤੀਆਂ ਦੇ ਮਨ ਵਿੱਚ ਆਪਣੀਆਂ ਪ੍ਰਾਚੀਨ ਪਰੰਪਰਾਵਾਂ ਅਤੇ ਸੱਭਿਆਚਾਰਕ ਦੇ ਪ੍ਰਤੀ ਨਵਾਂ ਭਰੋਸਾ ਅਤੇ ਮਾਣ ਪੈਦਾ ਕੀਤਾ।
ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ- ਅਤੇ ਉਸ ਤੋਂ ਬਾਅਦ ਅਮਰੀਕਾ ਭਰ ਵਿੱਚ ਅਤੇ ਯੂਰੋਪ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਭਾਸ਼ਣਾਂ ਰਾਹੀਂ ਪੱਛਮੀ ਜਗਤ ਨੂੰ ਰਾਜਯੋਗ (ਮਨ ਦੇ ਕੰਟਰੋਲ ਦਾ ਯੋਗ), ਗਿਆਨ ਯੋਗ (ਸੂਝ-ਬੂਝ ਅਤੇ ਗਿਆਨ ਦਾ ਮਾਰਗ); ਕਰਮਯੋਗ (ਨਿਰਸੁਆਰਥ ਸੇਵਾ ਦਾ ਮਾਰਗ) ਅਤੇ ਭਗਤੀ ਯੋਗ (ਪ੍ਰਮਾਤਮਾ-ਪ੍ਰੇਮ ਅਤੇ ਸਮਰਪਣ ਦਾ ਮਾਰਗ) ਨਾਲ ਜਾਣੂ ਕਰਵਾਇਆ। ਪਤੰਜਲੀ ਦੇ ਯੋਗ ਸੂਤਰਾਂ ‘ਤੇ ਅਧਾਰਿਤ ਉਨ੍ਹਾਂ ਦੀ ਪੁਸਤਕ ਰਾਜਯੋਗ (1896), ਪੱਛਮੀ ਸਮਾਜ ਲਈ ਯੋਗ ਦਰਸ਼ਨ ਦਾ ਪਰੀਚੈ ਕਰਵਾਉਣ ਵਾਲੀ ਸ਼ੁਰੂਆਤੀ- ਸਭ ਤੋਂ ਵੱਧ ਪ੍ਰਭਾਵਸ਼ਾਲੀ ਲਿਖਤਾਂ ਵਿੱਚੋਂ ਇੱਕ ਬਣ ਗਈ।
ਰਾਜਯੋਗ ਬਾਰੇ ਦਿੱਤੇ ਗਏ ਆਪਣੇ ਭਾਸ਼ਣਾਂ ਵਿੱਚ ਸਵਾਮੀ ਵਿਵੇਕਾਨੰਦ ਨੇ ਯੋਗ ਨੂੰ ਮਨੁੱਖੀ ਚੇਤਨਾ ਦੇ ਅੰਦਰੂਨੀ ਆਯਾਮਾਂ ਦੀ ਭਾਲ ਕਰਨ ਵਾਲੀ ਇੱਕ ਯੋਜਨਾਬੱਧ ਅਤੇ ਅਨੁਭਵ-ਅਧਾਰਿਤ ਸਾਧਨਾ ਵਜੋਂ ਪੇਸ਼ ਕੀਤਾ। ਸਵਾਮੀ ਵਿਵੇਕਾਨੰਦ ਦਾ ਮੰਨਣਾ ਸੀ ਕਿ –ਮਨੁੱਖਤਾ ਲਈ ਭਾਰਤ ਦਾ ਸਭ ਤੋਂ ਵੱਡਾ ਯੋਗਦਾਨ ਉਸ ਦੀ ਅਧਿਆਤਮਿਕ ਗਿਆਨ ਪਰੰਪਰਾ ਹੈ, ਅਤੇ ਯੋਗ ਉਸ ਪਰੰਪਰਾ ਦੇ ਸਭ ਤੋਂ ਡੂੰਘੇ ਅਤੇ ਸਥਾਈ ਪ੍ਰਗਟਾਵਿਆਂ ਵਿੱਚੋਂ ਇੱਕ ਹੈ। ਉਨ੍ਹਾਂ ਦੇ ਵਿਚਾਰਾਂ ਨੇ ਉਸ ਸਮੇਂ ਦੇ ਮੰਨੇ-ਪ੍ਰਮੰਨੇ ਬੁੱਧੀਜੀਵੀਆਂ ਅਤੇ ਵਿਚਾਰਕਾਂ ਦਾ ਧਿਆਨ ਖਿੱਚਿਆ, ਜਿਸ ਨਾਲ ਭਾਰਤੀ ਦਰਸ਼ਨ ਦੇ ਨਾਲ ਪੱਛਮੀ ਦੇਸ਼ਾਂ ਦਾ ਜੁੜਾਅ ਹੋਰ ਵਧਿਆ।
ਜੋ ਗੱਲ ਸ਼ਾਇਦ ਘੱਟ ਚਰਚਾ ਵਿੱਚ ਹੈ- ਪਰੰਤੂ ਓਨੀ ਹੀ ਮਹੱਤਵਪੂਰਨ ਹੈ-ਉਹ ਇਹ ਹੈ ਕਿ ਪੱਛਮੀ ਦੇਸ਼ਾਂ ਵਿੱਚ ਸਵਾਮੀ ਵਿਵੇਕਾਨੰਦ ਦੇ ਕਾਰਜਾਂ ਨੇ ਭਾਰਤ ਅੰਦਰ ਹੀ ਯੋਗ ਦੇ ਪੁਨਰਜਾਗਰਣ ਨੂੰ ਪ੍ਰੇਰਿਤ ਕੀਤਾ। ਜਦੋਂ ਸਵਾਮੀ ਵਿਵੇਕਾਨੰਦ 1897 ਵਿੱਚ ਭਾਰਤ ਪਰਤੇ, ਤਾਂ ਉਹ ਖਾਲੀ ਹੱਥ ਵਾਪਸ ਨਹੀਂ ਆਏ ਸਨ। ਉਹ ਆਪਣੇ ਨਾਲ ਇੱਕ ਨਵਾਂ ਆਤਮਵਿਸ਼ਵਾਸ-ਭਾਰਤ ਦੀ ਅਧਿਆਤਮਿਕ ਵਿਰਾਸਤ ‘ਤੇ ਮਾਣ ਦੀ ਇੱਕ ਨਵੀਂ ਭਾਵਨਾ ਲਿਆਏ ਸਨ- ਜੋ ਕਿ ਪੱਛਮ ਵਿੱਚ ਉਨ੍ਹਾਂ ਦੇ ਸੁਆਗਤ ਨਾਲ ਹੋਰ ਵਧ ਗਈ ਸੀ।
1897 ਵਿੱਚ ਭਾਰਤ ਵਾਪਸ ਆਉਣ ਤੋਂ ਬਾਅਦ, ਸਵਾਮੀ ਵਿਵੇਕਾਨੰਦ ਨੇ ਦੇਸ਼ ਭਰ ਵਿੱਚ ਭਾਸ਼ਣ ਦਿੱਤੇ ਅਤੇ ਲੋਕਾਂ ਨੂੰ ਭਾਰਤ ਦੀਆਂ ਅਧਿਆਤਮਿਕ ਪਰੰਪਰਾਵਾਂ ਨੂੰ ਮੁੜ ਲੱਭਣ ਲਈ ਪ੍ਰੇਰਿਆ। 1 ਮਈ 1897 ਨੂੰ, ਸਵਾਮੀ ਵਿਵੇਕਾਨੰਦ ਨੇ ਹਾਵੜਾ ਦੇ ਬੇਲੂਰ ਮਠ ਵਿੱਚ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ- ਜੋ ਕਿ ਹੁਗਲੀ ਨਦੀ ਦੇ ਪੱਛਮੀ ਕੰਢੇ ‘ਤੇ ਹੈ, ਉਸ ਥਾਂ ਤੋਂ ਥੋੜੀ ਜਿਹੀ ਦੂਰੀ ‘ਤੇ ਜਿੱਥੇ ਰਾਮਕ੍ਰਿਸ਼ਨ ਨੇ ਦਕਸ਼ਿਨੇਸ਼ਵਰ (Dakshineswar) ਵਿਖੇ ਆਪਣੇ ਆਖਰੀ ਸਾਲ ਬਿਤਾਏ ਸਨ। ਬੰਗਾਲ ਵਿੱਚ ਹੁਗਲੀ ਨਦੀ ਦੇ ਕੰਢੇ ‘ਤੇ ਸਥਿਤ ਇਹ ਸੰਸਥਾ ਇੱਕ ਅੰਦੋਲਨ ਦਾ ਗਲੋਬਲ ਹੈੱਡਕੁਆਰਟਰ ਬਣ ਗਿਆ, ਜਿਸ ਨੇ ਵੇਦਾਂਤ ਦੇ ਆਦਰਸ਼ਾਂ, ਸੇਵਾ ਨੂੰ ਪੂਜਾ ਮੰਨਣਾ (Śiva jñāne jīva sevā) ਅਤੇ ਯੋਗ ਦਰਸ਼ਨ ਦਾ ਪ੍ਰਸਾਰ ਕੀਤਾ- ਵਿਵਹਾਰਕ ਉਪਯੋਗ ਦਾ ਵਿਆਪਕ ਪ੍ਰਚਾਰ ਕੀਤਾ।
ਰਾਮਕ੍ਰਿਸ਼ਨ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ ਵਰਗੇ ਅਧਿਆਤਮਿਕ ਗੁਰੂਆਂ ਦੀ ਧਰਤੀ ਹੋਣ ਦੇ ਬਾਵਜੂਦ, ਬਦਲਦੇ ਸਮੇਂ ਦੇ ਨਾਲ ਬੰਗਾਲ ਵਿੱਚ ਯੋਗ ਦੀ ਜਨਤਕ ਦ੍ਰਿਸ਼ਟੀ ਹੌਲੀ-ਹੌਲੀ ਘਟਦੀ ਗਈ। ਜੀਵਨਸ਼ੈਲੀ ਵਿੱਚ ਤਬਦੀਲੀ-ਆਧੁਨਿਕ ਤਰਜੀਹਾਂ ਦੇ ਉਭਰਨ ਅਤੇ ਸਮਾਜਿਕ ਢਾਂਚੇ ਵਿੱਚ ਬਦਲਾਅ ਦੇ ਕਾਰਨ ਯੋਗ ਹੌਲੀ-ਹੌਲੀ ਜਨਤਕ ਜੀਵਨ ਦੇ ਕੇਂਦਰ ਤੋਂ ਦੂਰ ਹੁੰਦਾ ਗਿਆ।– ਫਿਰ ਵੀ, ਇਸ ਦੀਆਂ ਜੜ੍ਹਾਂ ਅਧਿਆਤਮਿਕ ਸੰਸਥਾਵਾਂ ਅਤੇ ਸਮਰਪਿਤ ਸਾਧਕਾਂ ਰਾਹੀਂ ਜੀਵਿਤ ਰਹੀਆਂ।
11 ਸਤੰਬਰ 1893 ਨੂੰ, , ‘ਅਮਰੀਕਾ ਦੇ ਭੈਣੋ ਅਤੇ ਭਰਾਵੋ’, ਦੀਆਂ ਅਮਰ ਸ਼ੁਭਕਾਮਨਾਵਾਂ ਨਾਲ ਸ਼ੁਰੂ ਕਰਦੇ ਹੋਏ, ਸਵਾਮੀ ਵਿਵੇਕਾਨੰਦ ਨੇ ਵਿਸ਼ਵ ਧਰਮ ਸੰਸਦ ਵਿੱਚ ਆਪਣੇ ਇਤਿਹਾਸਕ ਭਾਸ਼ਣ ਰਾਹੀਂ ਦੁਨੀਆ ਨੂੰ ਭਾਰਤ ਦੇ ਅਧਿਆਤਮਿਕ ਗਿਆਨ ਨਾਲ ਜਾਣੂ ਕਰਵਾਇਆ। ਹੁਣ ਇਹ ਲਾਈਨਾਂ "ਪੱਛਮੀ ਬੰਗਾਲ ਦੇ ਭੈਣੋ ਅਤੇ ਭਰਾਵੋ, ਆਪਣੇ ਘਰ ਵਿੱਚ ਹੀ ਯੋਗ ਦੀ ਘਰ ਵਾਪਸੀ ਦੇ ਗਵਾਹ ਬਣੋ - ਸ਼ਿਕਾਗੋ ਦੇ ਵਿਸ਼ਵ ਮੰਚ ਤੋਂ ਲੈ ਕੇ ਹੁਗਲੀ ਦੇ ਕੰਢਿਆਂ ਤੱਕ।" ਇਹ ਡੂੰਘੇ ਭਾਵਨਾਤਮਕ ਸਬੰਧ ਨੂੰ ਪ੍ਰਗਟ ਕਰਦੀਆਂ ਹਨ, ਜੋ ਸਾਨੂੰ ਉਸ ਇਤਿਹਾਸਕ ਪਲ ਦੀ ਯਾਦ ਦਿਵਾਉਂਦੀਆਂ ਹਨ ਜਦੋਂ ਸਵਾਮੀ ਵਿਵੇਕਾਨੰਦ ਨੇ ਦੁਨੀਆ ਨੂੰ ਭਾਰਤ ਦੇ ਅਧਿਆਤਮਿਕ ਗਿਆਨ ਨਾਲ ਜਾਣੂ ਕਰਵਾਇਆ ਸੀ। ਉਨ੍ਹਾਂ ਦਾ ਸੰਦੇਸ਼ ਭਾਰਤ ਤੋਂ ਦੁਨੀਆ ਤੱਕ ਪਹੁੰਚਿਆ ਅਤੇ ਯੋਗ, ਸਦਭਾਵਨਾ ਅਤੇ ਅੰਦਰੂਨੀ ਸ਼ਾਂਤੀ ਦੀਆਂ ਕਦਰਾਂ-ਕੀਮਤਾਂ ਨੂੰ ਫੈਲਾਉਂਦਾ ਗਿਆ।
ਅੱਜ ਹੁਗਲੀ ਦੇ ਕੰਢਿਆਂ ‘ਤੇ ਜੋ ਪਰਤਿਆ ਹੈ, ਉਹ ਖੁਦ ਯੋਗ ਨਹੀਂ ਹੈ-ਕਿਉਂਕਿ ਭਾਰਤ ਵਿੱਚ ਯੋਗ ਕਦੇ ਖਤਮ ਹੀ ਨਹੀਂ ਹੋਇਆ- ਸਗੋਂ ਯੋਗ ਦੇ ਪ੍ਰਤੀ ਉਹ ਨਵੀਂ ਆਲਮੀ ਮਾਨਤਾ ਅਤੇ ਸ਼ਲਾਘਾ ਹੈ, ਜਿਸ ਦੀ ਸ਼ੁਰੂਆਤ ਭਾਰਤ ਦੇ ਪ੍ਰਾਚੀਨ ਰਿਸ਼ੀਆਂ ਤੋਂ ਹੋਈ ਅਤੇ ਜਿਸ ਨੂੰ ਸਵਾਮੀ ਵਿਵੇਕਾਨੰਦ ਦੇ ਸੰਦੇਸ਼ ਨੇ ਵਿਸ਼ਵ ਮੰਚ ‘ਤੇ ਨਵੇਂ ਰੂਪ ਵਿੱਚ ਪ੍ਰਗਟ ਕੀਤਾ।
ਇਹ ਅੱਜ ਵਾਪਸ ਆਇਆ ਹੈ ਮੁੜ-ਸੁਰਜੀਤ- ਮੁੜ ਮਾਨਤਾ ਪ੍ਰਾਪਤ ਅਤੇ ਮੁੜ ਸਥਾਪਿਤ ਹੋ ਕੇ ਬੰਗਾਲ ਵਿੱਚ ਹੁਗਲੀ ਨਦੀ ਦੇ ਕੰਢੇ ‘ਤੇ-ਜਿੱਥੇ ਬੇਲੂਰ ਮਠ ਅੱਜ ਵੀ ਉਸ ਯਾਤਰਾ ਦੀ ਜਿਉਂਦੀ ਜਾਗਦੀ ਯਾਦ ਦੇ ਤੌਰ ‘ਤੇ ਖੜਿਆ ਹੈ। ਅੱਜ ਜਦੋਂ ਵਿਸ਼ਵ ਭਰ ਵਿੱਚ ਯੋਗ ਦਾ ਅਭਿਆਸ ਕੀਤਾ ਜਾ ਰਿਹਾ ਹੈ ਅਤੇ ਜਦੋਂ ਦੁਨੀਆ ਇਸ ਨੂੰ ਇੱਕ ਅਮੂਰਤ ਸੱਭਿਆਚਾਰਕ ਵਿਰਾਸਤ ਦੇ ਰੂਪ ਵਿੱਚ ਮਾਨਤਾ ਦਿੰਦੀ ਹੈ-ਅਜਿਹੇ ਵਿੱਚ ਇਹ ਯਾਦ ਰੱਖਣਾ ਲਾਜਮੀ ਹੈ ਕਿ ਯੋਗ ਦੀ ਇਹ ਆਲਮੀ ਯਾਤਰਾ ਆਪਣੇ ਮੂਲ ਵਿੱਚ ਸਵਾਮੀ ਵਿਵੇਕਾਨੰਦ ਦੇ ਇਤਿਹਾਸਕ ਮਿਸ਼ਨ ਨੂੰ ਦਰਸਾਉਂਦੀ ਹੈ।
ਅੱਜ ਕੋਲਕਾਤਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਜਸ਼ਨ ਨਾਲ, ਇੰਝ ਲੱਗ ਰਿਹਾ ਹੈ ਜਿਵੇਂ ਕਿ ਯੋਗ ਦੀ ਖੂਬਸੂਰਤੀ ਘਰ ਵਾਪਸੀ ਉਸੇ ਧਰਤੀ ‘ਤੇ ਹੋ ਰਹੀ ਹੈ, ਜਿੱਥੋਂ ਇਸ ਦੇ ਸੰਦੇਸ਼ ਨੇ ਵਿਸ਼ਵ ਮੰਚ ਤੱਕ ਦੀ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਹੁਗਲੀ ਨਦੀ ਦੇ ਕੰਢੇ ‘ਤੇ ਇੱਕ ਵਾਰ ਫਿਰ ਇਸ ਗੱਲ ਦੇ ਗਵਾਹ ਬਣ ਰਹੇ ਹਾਂ ਕਿ ਲੋਕ ਇੱਕ ਅਜਿਹੀ ਪਰੰਪਰਾ ਦਾ ਜਸ਼ਨ ਮਨਾਉਣ ਲਈ ਇਕੱਠੇ ਹੋ ਰਹੇ ਹਨ, ਜਿਸ ਨੇ ਮਹਾਸਾਗਰਾਂ ਨੂੰ ਪਾਰ ਕੀਤਾ ਸੀ ਅਤੇ ਹੁਣ ਵਧੇਰੇ ਪਛਾਣ ਅਤੇ ਸਨਮਾਨ ਨਾਲ ਵਾਪਸ ਪਰਤੀ ਹੈ।
“ਸ਼ਿਕਾਗੋ ਤੋਂ ਹੁਗਲੀ” ਤੱਕ ਦੀ ਯਾਤਰਾ ਸਿਰਫ਼ ਇੱਕ ਅਭਿਆਸ ਦੀ ਯਾਤਰਾ ਨਹੀਂ ਹੈ, ਇਹ ਇੱਕ ਵਿਚਾਰ ਅਤੇ ਅਸਲ ਵਿੱਚ ਇੱਕ ਭਾਵਨਾ- ਦੀ ਯਾਤਰਾ ਹੈ- ਜੋ ਕਿ ਸੰਤੁਲਨ, ਦਿਆਲਤਾ ਅਤੇ ਆਤਮ-ਚੇਤਨਾ ਦੇ ਜ਼ਰੀਏ ਅਤੇ ਅੰਦਰੂਨੀ ਤਾਲਮੇਲ ਦੀ ਖੋਜ ਦੁਆਰਾ ਮਨੁੱਖਤਾ ਨੂੰ ਨਿਰੰਤਰ ਜੋੜਦੀ ਰਹਿੰਦੀ ਹੈ।
(ਲੇਖਕ ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਹਨ)
