1400 ਕਰੋੜ ਦੇ ਕਾਦੀਆਂ ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਗਰੀਨ ਸਿਗਨਲ .

ਕੇਂਦਰ ਸਰਕਾਰ ਨੇ ਪੰਜਾਬ ਦੇ ਮਾਝਾ ਖੇਤਰ ਦੇ ਵਿਕਾਸ ਲਈ ਲੰਮੇ ਸਮੇਂ ਤੋਂ ਰੁਕੇ ਹੋਏ ਕਾਦੀਆਂ-ਬਿਆਸ ਨਵੇਂ ਰੇਲਵੇ ਲਾਈਨ ਪ੍ਰੋਜੈਕਟ ਨੂੰ ਦੁਬਾਰਾ ਸੁਰਜੀਤ ਕਰ ਦਿੱਤਾ ਹੈ।

ਇਹ ਪ੍ਰੋਜੈਕਟ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਵੇਲੇ, ਯਾਨੀ ਲਗਪਗ 100 ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀ।

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਨੂੰ ਇੱਥੇ ਰੇਲ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਇਸ ਪ੍ਰੋਜੈਕਟ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, "ਇਹ ਨਵਾਂ 39.68 ਕਿਲੋਮੀਟਰ ਲੰਮਾ ਰੇਲਵੇ ਲਿੰਕ ਲਗਪਗ 1,400 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ ਇਸ ਨੂੰ ਉੱਤਰੀ ਰੇਲਵੇ (ਨੌਰਦਰਨ ਰੇਲਵੇ) ਵੱਲੋਂ ਪੂਰਾ ਕੀਤਾ ਜਾਵੇਗਾ। ਇਹ ਮਾਝਾ ਖੇਤਰ ਦੀ ਆਰਥਿਕਤਾ, ਧਾਰਮਿਕ ਸੈਰ-ਸਪਾਟੇ ਅਤੇ ਖੇਤਰੀ ਵਿਕਾਸ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗਾ।" ਇਸ ਪ੍ਰੋਜੈਕਟ ਨੂੰ ਪੂਰਾ ਹੋਣ ਵਿੱਚ ਘੱਟੋ-ਘੱਟ ਤਿੰਨ ਸਾਲ ਲੱਗਣਗੇ।ਮੰਤਰੀ ਨੇ ਦੱਸਿਆ ਕਿ ਪ੍ਰਸਤਾਵਿਤ ਪ੍ਰੋਜੈਕਟ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਜੋੜੇਗਾ ਅਤੇ ਕਾਦੀਆਂ, ਧਪਈ, ਘੁਮਾਣ, ਬੁਟਾਲਾ, ਸਠਿਆਲਾ ਅਤੇ ਬਿਆਸ ਵਰਗੇ ਮਹੱਤਵਪੂਰਨ ਕਸਬਿਆਂ ਅਤੇ ਪਿੰਡਾਂ ਵਿੱਚੋਂ ਦੀ ਗੁਜ਼ਰੇਗਾ। ਇਸ ਨਾਲ ਮਾਝਾ ਇਲਾਕੇ ਦੇ ਬਹੁਤ ਸਾਰੇ ਹਿੱਸੇ ਰੇਲਵੇ ਲਾਈਨ ਨਾਲ ਜੁੜ ਜਾਣਗੇ ਅਤੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਆਉਣ-ਜਾਣ ਬਹੁਤ ਆਸਾਨ ਹੋ ਜਾਵੇਗਾ।

ਇਸ ਪ੍ਰੋਜੈਕਟ ਦੇ ਤਹਿਤ ਆਧੁਨਿਕ ਰੇਲਵੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਯੋਜਨਾ ਹੈ, ਜਿਸ ਵਿੱਚ ਘੁਮਾਣ ਅਤੇ ਬੁਟਾਲਾ ਵਿਖੇ ਦੋ ਕਰਾਸਿੰਗ ਸਟੇਸ਼ਨ, 11 ਵੱਡੇ ਪੁਲ ਅਤੇ 121 ਛੋਟੇ ਪੁਲ, 54 ਰੋਡ ਅੰਡਰ ਬ੍ਰਿਜ (ਆਰ ਯੂ ਬੀ), ਆਧੁਨਿਕ ਸਿਗਨਲ, ਦੂਰਸੰਚਾਰ ਪ੍ਰਣਾਲੀ ਅਤੇ 'ਕਵਚ' (Kavach) ਸੁਰੱਖਿਆ ਪ੍ਰਣਾਲੀ ਦੀ ਤਾਇਨਾਤੀ ਸ਼ਾਮਲ ਹੈ।

ਬਿੱਟੂ ਨੇ ਕਿਹਾ, "ਕਾਦੀਆਂ-ਬਿਆਸ ਰੇਲ ਲਿੰਕ ਦੀ ਸ਼ੁਰੂਆਤ 1928-29 ਵਿੱਚ ਹੋਈ ਸੀ ਜਦੋਂ ਇਸ ਨੂੰ ਤਤਕਾਲੀ ਨੌਰਥ-ਵੈਸਟਰਨ ਰੇਲਵੇ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। 1930 ਦੇ ਦਹਾਕੇ ਦੀ ਸ਼ੁਰੂਆਤ ਤੱਕ ਇਸ ਦੇ ਨਿਰਮਾਣ ਵਿੱਚ ਕਾਫ਼ੀ ਪ੍ਰਗਤੀ ਹੋਈ ਸੀ ਪਰ ਬਾਅਦ ਵਿੱਚ ਬਦਲਦੀਆਂ ਤਰਜੀਹਾਂ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।

ਲੰਮੇ ਸਮੇਂ ਦੀ ਦੇਰੀ ਅਤੇ ਪ੍ਰਕਿਰਿਆਤਮਕ ਰੁਕਾਵਟਾਂ ਤੋਂ ਬਾਅਦ, ਹੁਣ ਇਸ ਨੂੰ 1,400 ਕਰੋੜ ਰੁਪਏ ਦੇ ਸੋਧੇ ਹੋਏ ਅਨੁਮਾਨ ਨਾਲ ਰਸਮੀ ਤੌਰ 'ਤੇ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ।"