ਨਸ਼ੇ ਨਾਲ਼ ਜੁੜੀ ਵੀਡਿਓ ਵਾਇਰਲ ਹੋਣ ਨਾਲ ਛਿੜੀ ਨਵੀਂ ਚਰਚਾ .

ਸੁਲਤਾਨਪੁਰ ਲੋਧੀ - ਨਸ਼ੇ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਇਲਾਕੇ 'ਚ ਚਰਚਾ ਦਾ ਮਾਹੌਲ ਗਰਮ ਕਰ ਦਿੱਤਾ ਹੈ।

 

ਵਾਇਰਲ ਹੋ ਰਹੀ ਵੀਡੀਓ ਵਿਚ ਇਕ ਮਹਿਲਾ ਬੱਸ ਦੇ ਅੰਦਰ ਬੈਠੀ ਕਥਿਤ ਤੌਰ 'ਤੇ ਨਸ਼ਾ ਕਰਦੀ ਹੋਈ ਨਜ਼ਰ ਆ ਰਹੀ ਹੈ।

 

ਹਾਲਾਂਕਿ ਵੀਡੀਓ ਦੀ ਅਧਿਕਾਰਿਕ ਪੁਸ਼ਟੀ ਹਾਲੇ ਨਹੀਂ ਹੋਈ, ਪਰ ਇਸ ਨੇ ਨਸ਼ਿਆਂ ਖ਼ਿਲਾਫ਼ ਚੱਲ ਰਹੀਆਂ ਮੁਹਿੰਮਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਲੋਕਾਂ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਜੇਕਰ ਜਨਤਕ ਥਾਵਾਂ 'ਤੇ ਉਹ ਵੀ ਇਕ ਯਾਤਰੀ ਬੱਸ ਦੇ ਅੰਦਰ, ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਫਿਰ ਨਸ਼ਿਆਂ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਧਰਾਤਲ 'ਤੇ ਕਿੰਨੇ ਕੁ ਸਫ਼ਲ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਨਸ਼ਿਆਂ ਵਿਰੁੱਧ ਜੰਗ ਦੇ ਨਾਅਰੇ ਤਾਂ ਬਹੁਤ ਸੁਣਨ ਨੂੰ ਮਿਲਦੇ ਹਨ ਪਰ ਜ਼ਮੀਨੀ ਹਕੀਕਤ ਅਜੇ ਵੀ ਚਿੰਤਾਜਨਕ ਤਸਵੀਰ ਪੇਸ਼ ਕਰ ਰਹੀ ਹੈ।
ਵੀਡਿਓ ਵਾਲੀ ਇਹ ਘਟਨਾ ਇਸ ਗੱਲ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਨਸ਼ੇ ਦੀ ਸਮੱਸਿਆ ਅਜੇ ਵੀ ਸਮਾਜ 'ਚ ਡੂੰਘੀਆਂ ਜੜ੍ਹਾਂ ਰੱਖਦੀ ਹੈ ਅਤੇ ਇਸ 'ਤੇ ਕਾਬੂ ਪਾਉਣ ਲਈ ਸਿਰਫ਼ ਐਲਾਨਾਂ ਨਾਲ ਨਹੀਂ, ਸਗੋਂ ਸਖ਼ਤ ਕਾਰਵਾਈ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਦੀ ਲੋੜ ਹੈ। ਵਾਇਰਲ ਵੀਡੀਓ ਨੇ ਨਾ ਸਿਰਫ਼ ਪ੍ਰਸ਼ਾਸਨ ਲਈ ਚੁਣੌਤੀ ਖੜ੍ਹੀ ਕੀਤੀ ਹੈ, ਸਗੋਂ ਆਮ ਲੋਕਾਂ ਵਿੱਚ ਵੀ ਚਿੰਤਾ ਵਧਾ ਦਿੱਤੀ ਹੈ। ਫਿਲਹਾਲ ਲੋਕਾਂ ਦੀ ਨਜ਼ਰ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਸੰਬੰਧਤ ਵਿਭਾਗ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ ਅਤੇ ਵੀਡੀਓ ਦੀ ਜਾਂਚ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਂਦੀ ਹੈ।