25 ਕਰੋੜ ਲੋਕਾਂ ਨੂੰ ਗਰੀਬੀ ਵਿਚੋਂ ਬਾਹਰ ਕਢਿਆ : PM ਮੋਦੀ.
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੈਰਿਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਪਿਛਲੇ ਸਾਲਾਂ ਦੌਰਾਨ ਗਰੀਬੀ ਖ਼ਿਲਾਫ਼ ਲੜਾਈ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਕਰੀਬ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ।
ਉਹਨਾਂ ਕਿਹਾ ਕਿ ਉਹ ਅਜਿਹੇ ਸਮੇਂ ਫਰਾਂਸ ਦੇ ਦੌਰੇ ’ਤੇ ਆਏ ਹਨ ਜਦੋਂ ਭਾਰਤ ਅਤੇ France ਦਰਮਿਆਨ ਰਣਨੀਤਕ ਭਾਈਵਾਲੀ ਦੇ 12 ਸਾਲ ਪੂਰੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਰਿਸ਼ਤੇ ਲਗਾਤਾਰ ਮਜ਼ਬੂਤ ਹੋ ਰਹੇ ਹਨ ਅਤੇ ਦੋਵੇਂ ਦੇਸ਼ ਕਈ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਰਹੇ ਹਨ।
ਸ੍ਰੀ ਮੋਦੀ ਨੇ ਕਿਹਾ, “ਦੇਸ਼ ਦੀ 12 ਸਾਲ ਸੇਵਾ ਕਰਨਾ ਮੇਰੇ ਜੀਵਨ ਦਾ ਬਹੁਤ ਵੱਡੀ ਖੁਸ਼ਕਿਸਮਤੀ ਹੈ। ਇਹ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ ਕਿ ਇੱਕ ਚਾਹ ਵੇਚਣ ਵਾਲਾ ਵਿਅਕਤੀ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ।”
ਉਨ੍ਹਾਂ ਕਿਹਾ ਕਿ ਭਾਰਤ ਦਾ ਵਿਕਾਸ ਹੁਣ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸ ਦਾ ਲਾਭ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਕੁਝ ਸਾਲਾਂ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ, ਜੋ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਸਮਾਜਿਕ-ਆਰਥਿਕ ਤਬਦੀਲੀਆਂ ਵਿੱਚੋਂ ਇੱਕ ਹੈ।
ਪੀਐਮ ਮੋਦੀ ਨੇ ਰਿਹਾਇਸ਼ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਫਰਾਂਸ ਵਿੱਚ ਜਿੰਨੇ ਕੁੱਲ ਘਰ ਹਨ, ਉਸ ਤੋਂ ਵੱਧ ਘਰ ਭਾਰਤ ਵਿੱਚ ਲੋੜਵੰਦ ਅਤੇ ਗਰੀਬ ਪਰਿਵਾਰਾਂ ਲਈ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰ ਪਰਿਵਾਰ ਨੂੰ ਪੱਕਾ ਘਰ, ਬਿਜਲੀ, ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
ਸ੍ਰੀ ਮੋਦੀ ਨੇ ਸੰਬੋਧਨ ਦੌਰਾਨ ਭਾਰਤੀ ਭਾਈਚਾਰੇ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੁਨੀਆ ਭਰ ਵਿੱਚ ਵੱਸਦੇ ਭਾਰਤੀ ਦੇਸ਼ ਦੀ ਸੰਸਕ੍ਰਿਤੀ, ਕਾਬਲੀਅਤ ਅਤੇ ਸਮਰੱਥਾ ਦੇ ਮਜ਼ਬੂਤ ਰਾਜਦੂਤ ਹਨ। ਉਨ੍ਹਾਂ ਕਿਹਾ ਕਿ ਭਾਰਤ ਅੱਜ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚ ਆਪਣੀ ਮਜ਼ਬੂਤ ਪਛਾਣ ਬਣਾ ਰਿਹਾ ਹੈ।
