ਹੈਲਮਟ ਨਹੀਂ ਤਾਂ ਭੁਗਤੋ ਚਲਾਨ, 46 ਥਾਵਾਂ ਤੇ ਲੱਗੇ ਕੈਮਰੇ ਵਾਹਨ ਚਾਲਕਾਂ ਦੇ ਕਟਵਾ ਰਹੇ ਈ-ਚਲਾਨ .

ਲੁਧਿਆਣਾ : ਲੁਧਿਆਣਾ ਵਿੱਚ ਬਿਨਾਂ ਹੈਲਮਟ ਦੋਪਹੀਆ ਵਾਹਨ ਚਾਲਕ ਹੁਣ ਤੀਜੀ ਅੱਖ ਤੋਂ ਨਹੀਂ ਬਚ ਪਾ ਰਹੇ।  ਮਈ ਮਹੀਨੇ ’ਚ ਹੀ ਕੈਮਰਿਆਂ ਦੀ ਮਦਦ ਨਾਲ ਬਿਨਾਂ ਹੈਲਮਟ ਦੋਪਹੀਆ ਵਾਹਨ ਚਾਲਕਾਂ ਦੇ 10346 ਈ-ਚਲਾਨ ਕੀਤੇ ਗਏ ਹਨ, ਜਦਕਿ ਕੁੱਲ ਚਲਾਨਾਂ ਦੀ ਗਿਣਤੀ 23036 ਹੈ। ਇਹ ਗਿਣਤੀ ਸਿਰਫ਼ ਵੱਖ-ਵੱਖ ਥਾਵਾਂ ’ਤੇ ਲੱਗੇ ਕੈਮਰਿਆਂ ਰਾਹੀਂ ਕੀਤੇ ਗਏ ਈ-ਚਲਾਨਾਂ ਦੀ ਹੈ, ਜਦਕਿ ਇਸ ਤੋਂ ਵੀ ਵੱਧ ਗਿਣਤੀ ’ਚ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਮਸ਼ੀਨਾਂ ਦੀ ਸਹਾਇਤਾ ਨਾਲ ਚਲਾਨ ਕਰਦੇ ਹਨ।

ਦੱਸ ਦੇਈਏ ਕਿ ਟ੍ਰੈਫਿਕ ਪੁਲਸ ਵੱਲੋਂ ਲੁਧਿਆਣਾ ਵਿਚ 46 ਥਾਵਾਂ ’ਤੇ ਕੈਮਰਿਆਂ ਦੀ ਸਹਾਇਤਾ ਨਾਲ ਈ-ਚਲਾਨ ਕੀਤੇ ਜਾ ਰਹੇ ਹਨ। ਮਈ ਮਹੀਨੇ ਦੇ ਆਰੰਭ ’ਚ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਇਸ ਦਾ ਉਦਘਾਟਨ ਕਰਕੇ ਇਸ ਯੋਜਨਾ ਨੂੰ ਵਿਧੀਵਤ ਰੂਪ ’ਚ ਸ਼ੁਰੂ ਕਰ ਦਿੱਤਾ ਗਿਆ ਸੀ, ਜਦਕਿ ਇਸ ਦੇ ਟ੍ਰਾਇਲ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਸਨ। 46 ਥਾਵਾਂ ’ਤੇ ਏ. ਆਈ. ਆਧਾਰਿਤ ਵਿਸ਼ੇਸ਼ ਕੈਮਰਿਆਂ ਦੀ ਸਹਾਇਤਾ ਨਾਲ ਸ਼ੁਰੂ ਕੀਤੇ ਗਏ ਈ-ਚਲਾਨਾਂ ’ਚ ਵਿਸ਼ੇਸ਼ ਤੌਰ ’ਤੇ ਜੋ ਟ੍ਰੈਫਿਕ ਜ਼ੁਰਮ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ’ਚ ਓਵਰ ਸਪੀਡ, ਬਿਨਾਂ ਹੈਲਮੇਟ, ਬਿਨਾਂ ਹੈਲਮੇਟ ਪਿਛਲੀ ਸਵਾਰੀ, ਰੌਂਗ ਸਾਈਡ ਡਰਾਈਵਿੰਗ, ਰੈੱਡ ਲਾਈਟ ਜੰਪ, ਜ਼ੈਬਰਾ ਕ੍ਰਾਸਿੰਗ ਦੀ ਉਲੰਘਣਾ, ਸਟਾਪ ਲਾਈਨ ਦੀ ਉਲੰਘਣਾ, ਟ੍ਰਿੱਪਲ ਰਾਈਡਿੰਗ ਅਤੇ ਰੌਂਗ ਪਾਰਕਿੰਗ ਸ਼ਾਮਲ ਹਨ। ਟ੍ਰੈਫਿਕ ਪੁਲਸ ਵੱਲੋਂ ਇਨ੍ਹਾਂ ਟ੍ਰੈਫਿਕ ਜੁਰਮਾਂ ’ਚ ਰੋਜ਼ਾਨਾ 800 ਦੇ ਕਰੀਬ ਈ-ਚਲਾਨ ਕੀਤੇ ਜਾ ਰਹੇ ਹਨ।

ਮਈ ਮਹੀਨੇ ’ਚ ਹੋਏ ਈ-ਚਲਾਨਾਂ ਦੇ ਅੰਕੜੇ

ਬਿਨਾਂ ਹੈਲਮੇਟ: 10346

ਰੌਂਗ ਸਾਈਡ ਡਰਾਈਵਿੰਗ: 5573

ਰੈੱਡ ਲਾਈਟ ਜੰਪ : 2841

ਜ਼ੈਬਰਾ ਕਰਾਸਿੰਗ ਦੀ ਉਲੰਘਣਾ : 2813

ਟ੍ਰਿੱਪਲ ਰਾਈਡਿੰਗ : 1463

ਕੁੱਲ: 23036

ਹਾਦਸਿਆਂ ’ਚ ਮੌਤ ਦਰ ਘਟਾਉਣ ਲਈ ਜ਼ਰੂਰੀ ਹੋਈ ਸਖ਼ਤੀ

ਲੁਧਿਆਣਾ ’ਚ ਸੜਕ ਹਾਦਸਿਆਂ ਦੌਰਾਨ ਸਭ ਤੋਂ ਵੱਧ ਦੋਪਹੀਆ ਵਾਹਨ ਚਾਲਕ ਮੌਤ ਦਾ ਸ਼ਿਕਾਰ ਬਣ ਰਹੇ ਹਨ। 2024 ’ਚ ਦੋਪਹੀਆ ਵਾਹਨਾਂ ਦੇ ਹੋਏ 124 ਸੜਕ ਹਾਦਸਿਆਂ ’ਚ 190 ਲੋਕ ਆਪਣੀ ਜਾਨ ਗੁਆ ਬੈਠੇ। ਇਸ ਦੇ ਬਾਵਜੂਦ ਸ਼ਹਿਰ ਦੇ ਜ਼ਿਆਦਾਤਰ ਲੋਕ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਦੀ ਵਰਤੋਂ ਨਹੀਂ ਕਰਦੇ। ਹਾਦਸਿਆਂ ’ਚ ਮੌਤ ਦਰ ਘਟਾਉਣ ਲਈ ਪੁਲਸ ਵਿਭਾਗ ਦੀ ਸਖ਼ਤੀ ਹੁਣ ਜ਼ਰੂਰੀ ਹੋ ਚੁੱਕੀ ਹੈ।