ਮਹਾਰਾਸ਼ਟਰ ਦੇ ਜਿਲ੍ਹਾ ਪ੍ਰਭਾਣੀ ਚ ਹਨੂੰਮਾਨ ਮੰਦਿਰ ਦੀ ਸਲੈਬ ਡਿੱਗਣ ਨਾਲ 3 ਦੀ ਮੌਤ.
ਪ੍ਰਭਾਣੀ : ਹਨੂੰਮਾਨ ਮੰਦਿਰ ਦੀ ਸਲੈਬ ਡਿੱਗ ਜਾਣ ਕਾਰਨ 3 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ।ਪੁਲੀਸ ਅਨੁਸਾਰ ਇਹ ਹਾਦਸਾ ਦੁਪਹਿਰ ਕਰੀਬ 3:30 ਵਜੇ ਵਾਪਰਿਆ, ਜਦੋਂ ਮੰਦਰ ਦੇ ਸਭਾ-ਮੰਡਪ (ਬਾਹਰੀ ਹਾਲ) ਦਾ ਸਲੈਬ ਅਚਾਨਕ ਢਹਿ ਗਿਆ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਅਧਿਕਾਰੀਆਂ ਮੁਤਾਬਕ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਲਗਪਗ 25 ਲੋਕਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਯਸ਼ਵਾੜੀ ਪਿੰਡ ਮਨਵਤ ਰੋਡ ’ਤੇ ਸਥਿਤ ਹੈ ਅਤੇ ਛਤਰਪਤੀ ਸੰਭਾਜੀਨਗਰ ਤੋਂ ਕਰੀਬ 190 ਕਿਲੋਮੀਟਰ ਦੂਰ ਹੈ।
ਸ਼ਨਿੱਚਰਵਾਰ ਦਾ ਦਿਨ ਭਗਵਾਨ ਹਨੂਮਾਨ ਨਾਲ ਜੁੜਿਆ ਹੋਣ ਕਾਰਨ ਮੰਦਰ ਵਿੱਚ ਸ਼ਰਧਾਲੂਆਂ ਦੀ ਭੀੜ ਇਕੱਠੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਵੀ ਮੰਦਰ ਵਿੱਚ ਕਾਫ਼ੀ ਗਿਣਤੀ ਵਿੱਚ ਲੋਕ ਮੌਜੂਦ ਸਨ। ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
