ਆਪਰੈਟਿਸ ਲਾਈਨਮੈਨਾਂ ਤੇ ਲਾਠੀਚਾਰਜ.
ਪਟਿਆਲਾ ਵਿੱਚ ਪੀ ਐੱਸ ਪੀ ਸੀ ਐੱਲ (PSPCL) ਦੇ ਮੁੱਖ ਦਫ਼ਤਰ ਦੇ ਐਂਟਰੀ ਗੇਟਾਂ ਦਾ ਘਿਰਾਓ ਕਰਨ ਅਤੇ ਉਨ੍ਹਾਂ ਨੂੰ ਤਾਲਾ ਲਗਾਉਣ ਕਰਕੇ '2600 ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ' ਦੇ ਪ੍ਰਦਰਸ਼ਨਕਾਰੀਆਂ 'ਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ। ਇਸ ਘਟਨਾ ਦੇ ਦੋ ਹਫ਼ਤਿਆਂ ਬਾਅਦ, ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਇੱਕ ਵੱਡਾ ਫ਼ੈਸਲਾ ਲੈਂਦੇ ਹੋਏ 2,437 ਅਪ੍ਰੈਂਟਿਸ ਸਿਖਿਆਰਥੀਆਂ ਨੂੰ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ ਕੀਤਾ ਹੈ।
ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ ਦੇ ਕਈ ਮੈਂਬਰ ਸਰਕਾਰ 'ਤੇ ਆਪਣੀ ਭਰਤੀ ਲਈ ਦਬਾਅ ਬਣਾਉਣ ਵਾਸਤੇ ਪਾਣੀ ਵਾਲੀਆਂ ਟੈਂਕੀਆਂ ਦੇ ਉੱਪਰ ਬੈਠੇ ਹੋਏ ਸਨ।
ਇੱਕ ਪੀ ਐੱਸ ਪੀ ਸੀ ਐੱਲ ਅਧਿਕਾਰੀ ਨੇ ਦੱਸਿਆ ਕਿ ਭਰਤੀ ਦਾ ਇਹ ਫ਼ੈਸਲਾ ਮੁੱਖ ਮੰਤਰੀ ਵੱਲੋਂ ਯੂਨੀਅਨ ਮੈਂਬਰਾਂ 'ਤੇ ਹੋਈ ਪੁਲੀਸ ਕਾਰਵਾਈ ਦਾ ਗੰਭੀਰ ਨੋਟਿਸ ਲੈਣ ਤੋਂ ਬਾਅਦ ਲਿਆ ਗਿਆ ਹੈ।
ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ, ਪੀ ਐੱਸ ਪੀ ਸੀ ਐੱਲ ਦੇ ਪ੍ਰਸ਼ਾਸਨਿਕ ਸਕੱਤਰ (ਬਿਜਲੀ)-ਕਮ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ 2,437 ਅਪ੍ਰੈਂਟਿਸ ਸਿਖਿਆਰਥੀਆਂ ਨੂੰ ਜਲਦੀ ਤੋਂ ਜਲਦੀ ਸਹਾਇਕ ਲਾਈਨਮੈਨ (ALM) ਵਜੋਂ ਨੌਕਰੀ 'ਤੇ ਰੱਖਣ ਦੇ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ।
ਉੱਥੇ ਹੀ ਪੰਜਾਬ ਭਵਨ ਤੋਂ ਰਸਮੀ ਐਲਾਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੀ ਐੱਸ ਪੀ ਸੀ ਐੱਲ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ 2,437 ਅਪ੍ਰੈਂਟਿਸ ਸਿਖਿਆਰਥੀਆਂ ਨੂੰ ਸਹਾਇਕ ਲਾਈਨਮੈਨ (ALMs) ਵਜੋਂ ਭਰਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਿਖਿਆਰਥੀ ਮੌਜੂਦਾ ਸਮੇਂ ਵਿੱਚ ਪੀ ਐੱਸ ਪੀ ਸੀ ਐੱਲ ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (PSTCL) ਵਿੱਚ ਲਾਈਨਮੈਨ ਟਰੇਡ ਵਿੱਚ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਲੈ ਰਹੇ ਹਨ।”
ਉਨ੍ਹਾਂ ਕਿਹਾ, “ਪੀ ਐੱਸ ਪੀ ਸੀ ਐੱਲ ਇਨ੍ਹਾਂ ਸਿਖਿਆਰਥੀਆਂ ਲਈ ਇੱਕ ਵਾਰ ਦੀ ਛੋਟ ਵਜੋਂ ਲਾਜ਼ਮੀ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਲਵੇਗਾ। ਪ੍ਰੀਖਿਆ ਦਾ ਸ਼ਡਿਊਲ ਆਉਣ ਵਾਲੇ ਸਮੇਂ ਵਿੱਚ ਪੀ ਐੱਸ ਪੀ ਸੀ ਐੱਲ ਦੀ ਅਧਿਕਾਰਤ ਵੈੱਬਸਾਈਟ 'ਤੇ ਸੂਚਿਤ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ।”
ਚੀਮਾ ਨੇ ਕਿਹਾ ਕਿ ਅਪਰੈਲ 2022 ਤੋਂ ਹੁਣ ਤੱਕ ਪੀ ਐੱਸ ਪੀ ਸੀ ਐੱਲ ਅਤੇ ਪੀ ਐੱਸ ਟੀ ਸੀ ਐੱਲ ਵਿੱਚ ਕੁੱਲ 9,627 ਭਰਤੀਆਂ ਕੀਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਕਿਹਾ, “ਕੁੱਲ 9,627 ਭਰਤੀਆਂ ਵਿੱਚੋਂ 8,048 ਸਿੱਧੀ ਭਰਤੀ ਰਾਹੀਂ ਅਤੇ 1,579 ਤਰਸ ਦੇ ਆਧਾਰ (compassionate grounds) 'ਤੇ ਕੀਤੀਆਂ ਗਈਆਂ ਸਨ।”
