ਪੰਜਾਬ ਖਰੀਦੇਗਾ ਕੌਮੀ ਗਰਿੱਡ ਤੋਂ ਮਹਿੰਗੀ ਬਿਜਲੀ.

 
ਚੰਡੀਗੜ੍ਹ : ਲਹਿਰਾ ਮੁਹੱਬਤ ਦੇ ਚਾਰ ਯੂਨਿਟਾਂ ਤੋਂ ਇਲਾਵਾ ਰੋਪੜ ਥਰਮਲ ਦਾ ਇੱਕ ਅਤੇ ਗੋਇੰਦਵਾਲ ਥਰਮਲ ਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਹੋਣ ਕਾਰਨ ਸੂਬੇ ਦੇ ਜਨਤਕ ਖੇਤਰ ਦੇ ਕੁੱਲ ਛੇ ਯੂਨਿਟ ਬੰਦ ਹੋ ਚੁੱਕੇ ਹਨ। ਅੱਪਰ ਬਾਰੀ ਦੋਆਬ ਨਹਿਰ ਹਾਈਡਲ ਚੈੱਨਲ ਤੋਂ ਵੀ ਪੂਰੀ ਸਮਰੱਥਾ ਵਿੱਚ ਪੈਦਾਵਾਰ ਨਹੀਂ ਹੋ ਰਹੀ। ਉੱਧਰ, ਪੰਜਾਬ ਵਿੱਚ ਗਰਮੀ ਅਤੇ ਝੋਨੇ ਦੀ ਲੁਆਈ ਦੇ ਸਿਖਰ ਦੌਰਾਨ ਬਿਜਲੀ ਦੀ ਮੰਗ 15,500 ਮੈਗਾਵਾਟ ਨੂੰ ਪਾਰ ਕਰ ਗਈ ਹੈ। ਪਾਵਰਕੌਮ ਨੂੰ ਆਪਣੇ ਸਰੋਤਾਂ ਤੋਂ ਇਸ ਵੇਲੇ ਸਿਰਫ਼ 4449 ਮੈਗਾਵਾਟ ਅਤੇ ਪ੍ਰਾਈਵੇਟ ਤਾਪ ਬਿਜਲੀ ਘਰਾਂ ਤੋਂ 3018 ਮੈਗਾਵਾਟ ਬਿਜਲੀ ਮਿਲ ਰਹੀ ਹੈ। ਇਸ ਘਾਟ ਕਾਰਨ ਪਾਵਰਕੌਮ ਵੱਲੋਂ ਕੌਮੀ ਪਾਵਰ ਗਰਿੱਡ ਤੋਂ ਬਿਜਲੀ ਲੈਣ ਦੀ ਮਾਤਰਾ 10,500 ਮੈਗਾਵਾਟ ਛੂਹਣ ਲੱਗੀ ਹੈ। ਇਹ ਮਾਤਰਾ ਸੂਬੇ ਦੀv ਸੀਮਾ ਤੋਂ ਸਿਰਫ਼ 400 ਮੈਗਾਵਾਟ ਹੀ ਘੱਟ ਹੈ। ਇਸ ਸਥਿਤੀ ਵਿੱਚ ਪਾਵਰਕੌਮ ਨੂੰ ਪਾਵਰ ਐਕਸਚੇਂਜ ਤੋਂ ਮਹਿੰਗੀ ਬਿਜਲੀ ਖ਼ਰੀਦਣੀ ਪੈ ਰਹੀ ਹੈ। ਰਾਤ ਸਮੇਂ ਬਿਜਲੀ ਐਕਸਚੇਂਜ ਵਿੱਚ ਰੇਟ 10 ਰੁਪਏ ਪ੍ਰਤੀ ਯੂਨਿਟ ਤੱਕ ਪਹੁੰਚ ਜਾਂਦੇ ਹਨ। ਤਾਪ ਬਿਜਲੀ ਘਰਾਂ ਦੇ ਕਰੀਬ 3 ਹਜ਼ਾਰ ਆਊਟਸੋਰਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਕੋਲੇ ਦੇ ਰੈਕ ਖ਼ਾਲੀ ਕਰਨ ਵਿੱਚ ਵੀ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ।