ਜਦੋਂ ਹੱਸਦਿਆਂ ਭੈਣਾਂ .

ਬਾਪੂ ਦੀਆਂ ਲਾਡਲੀਆਂ 

ਘਰ ਨੂੰ ਸੰਭਾਲਦੀਆਂ 

ਨਿੱਕੇ ਨਿੱਕੇ ਵੀਰਾਂ ਨੂੰ ਵੀ 

ਪੁੱਤਾਂ ਵਾਂਗ ਪਾਲਦੀਆਂ । 


ਮਾਵਾਂ ਦੀਆਂ ਘੂਰੀਆਂ ਨੂੰ 

ਚੁੱਪ ਕਰ ਸਹਿੰਦੀਆਂ ਨੇ 

ਭਾਗਾਂ ਵਾਲੇ ਘਰ ਜਿੱਥੇ 

ਭੈਣਾਂ ਖੁਸ਼ ਰਹਿੰਦੀਆਂ ਨੇ । 


ਸੌਣ ਦੇ ਮਹੀਨੇ ਜਦੋਂ 

ਕਿੱਕਲੀਆਂ ਪਾਉਂਦੀਆਂ ਨੇ 

ਝੋਲੀ ਅੱਡ ਵੀਰਿਆਂ ਦੀ 

ਸੁੱਖ ਹੀ ਮਨਾਉਂਦੀਆਂ ਨੇ । 


ਨਿੱਕੇ ਨਿੱਕੇ ਚਾਵਾਂ ਨੂੰ ਵੀ 

ਗੁੱਤਾਂ ਵਿੱਚ ਟੰਗਦੀ ਆਂ 

ਲੈ ਦੇ ਵੀਰਾ ਚੂੜੀਆਂ 

ਵੇ ਮੈਨੂੰ ਸੱਤ ਰੰਗ ਦੀਆਂ । 


ਦਾਜ ਦੀਆਂ ਪੱਖੀਆਂ ਨੂੰ 

ਘੁੰਗਰੂ ਲਵਾਊ ਵੀਰਾ 

ਛੁੱਟੀ ਲੈ ਕੇ ਫੌਜ ਵਿੱਚੋਂ 

ਜਦੋਂ ਕਦੇ ਆਊ ਵੀਰਾ । 


ਤੀਆਂ ਵਿੱਚ ਪਾਵਾਂ ਤੇਰੇ 

ਨਾਮ ਵਾਲੀ ਬੋਲੀ ਵੇ 

ਬਾਬਲੇ ਦੇ ਵਿਹੜੇ ਜਿਹਾ 

ਸਹੁਰਾ ਘਰ ਟੋਲ੍ਹੀਂ ਵੇ । 


ਦੇਸਾਂ ਦੀਏ ਰਾਣੀਏੰ  

ਤੂੰ ਅੱਖੋਂ ਉਹਲੇ ਹੋਏਂਗੀ 

ਵਾਅਦਾ ਕਰ ਡੋਲੀ ਵੇਲੇ 

ਬਹੁਤਾ ਨਹੀਉਂ ਰੋਏਂਗੀ । 


ਸਹੁਰਿਆਂ ਦੇ ਘਰ ਸਦਾ 

ਭੈਣਾਂ ਰਹਿਣ ਵੱਸਦੀਆਂ 

ਰੱਬ ਜਿਹੀਆਂ ਲੱਗਦੀਆਂ 

ਭੈਣਾਂ ਜਦੋਂ ਹੱਸਦੀਆਂ ।  


           ਸਿੰਮੀ ਧੀਮਾਨ ।