CM ਮਾਨ ਦੀਆਂ ਪਿੰਡਾਂ ਵਿੱਚ ਰਹਿਣਗੀਆਂ ਹੁਣ ਵੱਧ ਗੇੜੀਆਂ.

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੁਣ ਆਉਣ ਵਾਲੇ ਦਿਨਾਂ ਵਿੱਚ ਦਿਹਾਤੀ ਵਿਧਾਨ ਸਭਾ ਹਲਕਿਆਂ ’ਚ ਵੱਧ ਗੇੜੇ ਰਹਿਣਗੇ। ਆਮ ਆਦਮੀ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਰਫ਼ਤਾਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ‘ਆਪ’ ਨੂੰ ਇਹ ਚੋਣਾਂ ਸਮੇਂ ਤੋਂ ਪਹਿਲਾਂ ਨਵੰਬਰ ਮਹੀਨੇ ਹੋਣ ਦਾ ਅਨੁਮਾਨ ਹੈ। ਮੁੱਖ ਮੰਤਰੀ ਭਗਵੰਤ ਮਾਨ ਹੁਣ ਵਿਧਾਨ ਸਭਾ ਹਲਕਿਆਂ ਵਿੱਚ ਲਗਾਤਾਰ ਲੋਕ ਮਿਲਣੀ ਦੇ ਪ੍ਰੋਗਰਾਮ ਕਰਨਗੇ ਅਤੇ ਜੂਨ ਮਹੀਨੇ ਦੇ ਅਖ਼ੀਰ ਤੱਕ ਮੁੱਖ ਮੰਤਰੀ ਰੋਜ਼ਾਨਾ ਅਸੈਂਬਲੀ ਹਲਕਿਆਂ ਦੇ ਕਿਸੇ ਨਾ ਕਿਸੇ ਵੱਡੇ ਪਿੰਡ ਵਿੱਚ ਲੋਕ ਮਿਲਣੀ ਦੇ ਪ੍ਰੋਗਰਾਮ ’ਚ ਪੁੱਜਣਗੇ।

ਮੁੱਖ ਮੰਤਰੀ ਮਾਨ ਜ਼ਿਆਦਾ ਸਮਾਂ ਫੀਲਡ ’ਚ ਰਹਿਣਗੇ। ਆਮ ਆਦਮੀ ਪਾਰਟੀ ਵੱਲੋਂ ਤਿਆਰ ਰਣਨੀਤੀ ਤਹਿਤ ਦਿਹਾਤੀ ਪੰਜਾਬ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਰਹੇਗੀ; ਸ਼ਹਿਰੀ ਸੀਟਾਂ ’ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਧਿਆਨ ਦੇਣਗੇ। ਕੇਜਰੀਵਾਲ ਤਿੰਨ ਦਿਨਾ ਦੌਰੇ ’ਤੇ 27 ਜੂਨ ਨੂੰ ਪੰਜਾਬ ਪਹੁੰਚ ਰਹੇ ਹਨ ਅਤੇ ਉਹ ਅੰਮ੍ਰਿਤਸਰ, ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਸ਼ਹਿਰੀ ਇਲਾਕਿਆਂ ਵਿੱਚ ਪ੍ਰੋਗਰਾਮ ਕਰਨਗੇ। ਅੰਮ੍ਰਿਤਸਰ ’ਚ ਮੁੱਖ ਮੰਤਰੀ ਮਾਨ ਵੀ ਉਨ੍ਹਾਂ ਦੇ ਨਾਲ ਰਹਿਣਗੇ। ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਦੇ ਵੱਖ-ਵੱਖ ਪ੍ਰੋਗਰਾਮ ਹੋਣਗੇ। ਮਾਲਵਾ ਖ਼ਿੱਤੇ ਦੇ ਹਲਕਿਆਂ ਵਿੱਚ ਮੁੱਖ ਮੰਤਰੀ ਧਿਆਨ ਦੇਣਗੇ ਜਦੋਂ ਕਿ ਕੇਜਰੀਵਾਲ ਕਾਰੋਬਾਰੀ ਲੋਕਾਂ ਨਾਲ ਵਪਾਰਕ ਮਿਲਣੀਆਂ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ 22 ਜੂਨ ਨੂੰ ਕੈਬਨਿਟ ਮੀਟਿੰਗ ਕਰਨ ਮਗਰੋਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਪੰਜਗਰਾਈਂ ’ਚ ਲੋਕ ਮਿਲਣੀ ਦਾ ਪ੍ਰੋਗਰਾਮ ਕਰਨਗੇ। 23 ਜੂਨ ਨੂੰ ਮੁੱਖ ਮੰਤਰੀ ਹਲਕਾ ਮੌੜ ਦੇ ਪਿੰਡ ਮੰਡੀ ਕਲਾਂ ਦੀ ‘ਤਾਜੋ ਕੀ ਪੱਤੀ’ ਦੀ ਧਰਮਸ਼ਾਲਾ ’ਚ ਲੋਕ ਮਿਲਣੀ ਪ੍ਰੋਗਰਾਮ ਕਰਨਗੇ। 24 ਜੂਨ ਨੂੰ ਮਾਨਸਾ ਦੇ ਪਿੰਡ ਧਰਮਪੁਰਾ ਵਿੱਚ ਲੋਕ ਮਿਲਣੀ ਪ੍ਰੋਗਰਾਮ ਹੋਵੇਗਾ। ਧਰਮਪੁਰਾ ਗਾਇਕ ਆਰ ਨੇਤ ਦਾ ਪਿੰਡ ਹੈ ਜਿਸ ਦਾ ਗੀਤ ‘ਜੱਟ ਦੱਬਦਾ ਕਿਥੇ ਹੈ’, ਆਮ ਆਦਮੀ ਪਾਰਟੀ ਦੇ ਪ੍ਰਚਾਰ ’ਚ ਗੂੰਜਦਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਜੁਲਾਈ ਦੇ ਪਹਿਲੇ ਹਫ਼ਤੇ ਦੇ ਨਿੱਜੀ ਰੁਝੇਵੇਂ ਹਨ। ਪਤਾ ਲੱਗਿਆ ਹੈ ਕਿ ਮਾਝੇ ਅਤੇ ਦੋਆਬੇ ਦੇ ਸ਼ਹਿਰਾਂ ’ਚ ਅਰਵਿੰਦ ਕੇਜਰੀਵਾਲ ਜ਼ਿਆਦਾ ਸਮਾਂ ਦੇਣਗੇ। ‘ਆਪ’ ਲਈ ਹੁਣ ਅਗਾਮੀ ਚੋਣਾਂ ਦੀ ਜੰਗ ‘ਕਰੋ ਜਾਂ ਮਰੋ’ ਵਾਂਗ ਹੈ। ਗੁਜਰਾਤ ਚੋਣਾਂ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਕਾਰਗੁਜ਼ਾਰੀ ’ਤੇ ਲੋਕਾਂ ਦੀ ਨਜ਼ਰ ਰਹੇਗੀ। ਇਸੇ ਦੌਰਾਨ ਭਾਜਪਾ ਨੇ ਵੀ ਆਪਣੀ ਸਿਆਸੀ ਸਰਗਰਮੀ ਪੰਜਾਬ ਵਿੱਚ ਵਧਾ ਦਿੱਤੀ ਹੈ ਅਤੇ ਇਸ ਵੇਲੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਪੰਜਾਬ ਦੇ ਦੌਰੇ ’ਤੇ ਹਨ।