ਕਾਂਗੜੇ ਵਾਲਿਆਂ ਨੇ ਕੀਤੀ ਵੱਧ ਰੇਲ ਗੱਡੀਆਂ ਚਲਾਏ ਜਾਣ ਦੀ ਮੰਗ .
ਕਾਂਗੜਾ: ਮੁਸਾਫ਼ਰ ਜੱਥੇਬੰਦੀ ਅਤੇ ਕਾਂਗੜਾ ਘਾਟੀ ਦੇ ਕਈ ਸਥਾਨਕ ਯਾਤਰੀਆਂ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਰੋਜ਼ਾਨਾ ਦੀ ਭਾਰੀ ਭੀੜ ਘਟਾਉਣ ਲਈ ਪਠਾਨਕੋਟ-ਬੈਜਨਾਥ ਰੇਲ ਮਾਰਗ ’ਤੇ ਸਿਰਫ਼ ਦੋ ਜੋੜੀ ਰੇਲ ਗੱਡੀਆਂ ਚਲਾਉਣ ਦੀ ਬਜਾਏ ਸਾਰੀਆਂ ਸੱਤ ਜੋੜੀ ਰੇਲ ਗੱਡੀਆਂ ਬਹਾਲ ਕਰਨ ਦੀ ਅਪੀਲ ਕੀਤੀ ਹੈ।
ਇਸ ਇਤਿਹਾਸਕ 164 ਕਿਲੋਮੀਟਰ ਲੰਮੀ ਲਾਈਨ ’ਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਭਾਰੀ ਨੁਕਸਾਨ ਮਗਰੋਂ ਲਗਪਗ ਚਾਰ ਸਾਲਾਂ ਤੱਕ ਰੇਲ ਸੇਵਾਵਾਂ ਮੁਅੱਤਲ ਰਹੀਆਂ ਸਨ।
ਰੇਲ ਸੇਵਾਵਾਂ ਬੰਦ ਹੋਣ ਤੋਂ ਪਹਿਲਾਂ ਇਸ ਰੂਟ ’ਤੇ ਸੱਤ ਜੋੜੀ ਰੇਲ ਗੱਡੀਆਂ ਚੱਲਦੀਆਂ ਸਨ, ਜੋ ਪਠਾਨਕੋਟ ਅਤੇ ਬੈਜਨਾਥ ਪਪਰੋਲਾ ਦਰਮਿਆਨ ਲਗਪਗ 20 ਕਸਬਿਆਂ ਦੇ ਯਾਤਰੀਆਂ ਨੂੰ ਰੋਜ਼ਾਨਾ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਂਦੀਆਂ ਸਨ। ਕਾਂਗੜਾ ਵੈਲੀ ਰੇਲਵੇ ਸੰਘਰਸ਼ ਸਮਿਤੀ ਦੇ ਪ੍ਰਧਾਨ ਪੀ ਸੀ ਵਿਸ਼ਵਕਰਮਾ ਨੇ ਦੱਸਿਆ ਕਿ ਇਸ ਸਮੇਂ ਚੱਲ ਰਹੀਆਂ ਦੋਵੇਂ ਰੇਲ ਗੱਡੀਆਂ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਅਤੇ ਸਵਾਰੀਆਂ ਨੂੰ ਕੋਚ ਦੇ ਦਰਵਾਜ਼ਿਆਂ ’ਤੇ ਖੜ੍ਹੇ ਹੋ ਕੇ ਸਫ਼ਰ ਕਰਨਾ ਪੈਂਦਾ ਹੈ, ਜਿਸ ਨਾਲ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਨੈਰੋ-ਗੇਜ ਟਰੈਕ ਹੋਣ ਕਰ ਕੇ ਹਰੇਕ ਰੇਲ ਗੱਡੀ ਵਿੱਚ ਸਿਰਫ਼ ਛੇ ਡੱਬੇ ਹੀ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਗੱਡੀਆਂ ਦਾ ਸਮਾਂ ਵੀ ਢੁੱਕਵਾਂ ਨਹੀਂ ਹੈ ਅਤੇ ਸ਼ੁੱਕਰਵਾਰ ਨੂੰ ਰੇਲ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿੰਦੀਆਂ ਹਨ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਰੇਲਵੇ ਵੱਲੋਂ ‘ਸੰਚਾਲਨ ਦੀਆਂ ਰੁਕਾਵਟਾਂ’ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਪਰ ਅਸਲ ਵਿੱਚ ਸਿਆਸੀ ਕਾਰਨਾਂ ਅਤੇ ਲੋਕੋ ਪਾਇਲਟਾਂ ਦੀ ਘਾਟ ਕਰ ਕੇ ਬਾਕੀ ਪੰਜ ਜੋੜੀ ਰੇਲ ਗੱਡੀਆਂ ਦੀ ਬਹਾਲੀ ਵਿੱਚ ਦੇਰ ਕੀਤੀ ਜਾ ਰਹੀ ਹੈ।
