ਧਰਨਾ.

*ਬਿਜਲੀ ਮੰਤਰੀ ਦੀ ਰਿਹਾਇਸ ਨੇੜੇ ਪਾਵਰ ਕਾਰਪੋਰੇਸ਼ਨ ਦੇ ਠੇਕਾ ਮੁਲਾਜ਼ਮਾਂ ਦਾ ਧਰਨਾ ਅੱਠਵੇਂ ਦਿਨ ਵੀ ਜਾਰੀ* 

 *ਠੇਕਾ ਮੁਲਾਜ਼ਮਾਂ ਦੀ ਹੜਤਾਲ ਕਰਕੇ ਬਿਜਲੀ ਉਤਪਾਦਨ/ਵੰਡ ਦਾ ਕੰਮ ਬੁਰੀ ਤਰਾਂ ਪ੍ਰਭਾਵਿਤ :- ਕਮੇਟੀ ਆਗੂ

ਖੰਨਾ 22 ਜੂਨ  (ਮਨਜੀਤ ਸਿੰਘ ਧੀਮਾਨ ) ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਸੱਦੇ ਤੇ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗ ਵਿੱਚ ਮਰਜ਼ ਕਰਨ ਦੀ ਮੰਗ ਨੂੰ ਲੈਕੇ 15 ਜੂਨ ਤੋਂ ਬਿਜਲੀ ਮੰਤਰੀ ਦੀ ਰਿਹਾਇਸ ਨੇੜੇ ਪਰਿਵਾਰਾਂ ਸਮੇਤ ਸੁਰੂ ਕੀਤਾ ਧਰਨਾ ਲਗਾਤਾਰ ਅੱਠਵੇਂ ਦਿਨ ਵੀ ਜਾਰੀ ਰਿਹਾ,ਇਸ ਸਮੇਂ ਹਾਜ਼ਿਰ ਤਾਲਮੇਲ ਕਮੇਟੀ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ ਗੁਰਵਿੰਦਰ ਸਿੰਘ ਪੰਨੂੰ, ਸਿਮਰਨਜੀਤ ਸਿੰਘ ਨੀਲੋ, ਗੁਰਪ੍ਰੀਤ ਸਾਡੇ ਢਿੱਲੋਂ - ਨੇ ਕਿਹਾ ਕਿ ਸਮੁੱਚੇ ਪਾਵਰ ਕਾਰਪੋਰੇਸ਼ਨ ਦੇ ਹਜ਼ਾਰਾਂ ਠੇਕਾ ਮੁਲਾਜ਼ਮ ਪਿਛਲੇ ਲੰਬੇ ਅਰਸੇ ਤੋਂ ਵਿਭਾਗ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ । ਪਰ ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜਮੈਂਟ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ। ਪਾਵਰ ਕਾਰਪੋਰੇਸ਼ਨ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ 09 ਜੂਨ ਤੋਂ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਦੇ ਕਾਰਨ ਬਿਜਲੀ ਉਤਪਾਦਨ ਅਤੇ ਬਿਜਲੀ ਵੰਡ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਿਛਲ਼ੇ ਦਿਨੀਂ ਸਰਕਾਰੀ ਥਰਮਲ ਪਲਾਂਟਾਂ ਦੇ 10 ਯੂਨਿਟਾਂ ਵਿੱਚੋਂ 05 ਯੂਨਿਟ ਬਿਜਲੀ ਉਤਪਾਦਨ ਨਹੀਂ ਕਰ ਰਹੇ । ਜਿੰਨਾਂ ਵਿੱਚੋਂ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ 04 ਯੂਨਿਟਾਂ ਵਿੱਚੋਂ 03 ਯੂਨਿਟ ਅਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 04 ਯੂਨਿਟਾਂ ਵਿੱਚੋਂ 01 ਅਤੇ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਦੇ 02 ਯੂਨਿਟਾਂ ਵਿੱਚੋਂ 01 ਯੂਨਿਟ ਬਿਜਲੀ ਉਤਪਾਦਨ ਨਹੀਂ ਕਰ ਰਹੇ,ਬਿਜਲੀ ਉਤਪਾਦਨ ਕਰ ਰਹੇ ਯੂਨਿਟਾਂ ਨੂੰ ਥਰਮਲਾਂ ਦੀ ਮੈਨੇਜ਼ਮੈਂਟ ਵੱਲੋਂ ਆਪਣੇ ਬਚਾਅ ਲਈ ਯੂਨਿਟ ਸਮਰੱਥਾ ਤੋਂ ਬਿੱਲਕੁੱਲ ਘੱਟ ਲੋਡ ਤੇ ਚਲਾਇਆ ਜਾ ਰਿਹਾ ਹੈ ।ਆਗੂਆਂ ਨੇ ਕਿਹਾ ਕਿ ਜਦ ਤੱਕ ਪਾਵਰ ਕਾਰਪੋਰੇਸ਼ਨ ਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਦ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ । ਆਗੂਆਂ ਨੇ ਖੰਨਾ ਸ਼ਹਿਰ ਦੇ ਨਿਵਾਸੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।