ਲਖਨਊ ਕੋਚਿੰਗ ਸੈਂਟਰ ਹਾਦਸਾ, ਪੀਐਮ ਮੋਦੀ ਨੇ ਮਿਰਤਕਾਂ ਦੇ ਪਰਿਵਾਰਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ .
ਲਖਨਊ : ਇੱਥੋਂ ਦੇ ਅਲੀਗੰਜ ਇਲਾਕੇ ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਤਿੰਨ-ਮੰਜ਼ਿਲਾ ਵਪਾਰਕ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਚਸ਼ਮਦੀਦਾਂ ਅਨੁਸਾਰ ਇਸ ਹਾਦਸੇ ਵਿੱਚ ਕਈ ਲੋਕਾਂ ਦੇ ਅੰਦਰ ਫਸੇ ਹੋਣ ਦਾ ਖ਼ਦਸ਼ਾ ਹੈ ਅਤੇ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਕੁਝ ਲੋਕਾਂ ਦੀ ਮੌਤ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ। ਘਟਨਾ ਦੀਆਂ ਸਾਹਮਣੇ ਆਈਆਂ ਵੀਡੀਓਜ਼ ਵਿੱਚ ਦੇਖਿਆ ਗਿਆ ਕਿ ਜਦੋਂ ਅੱਗ ਨੇ ਪੂਰੀ ਇਮਾਰਤ ਨੂੰ ਘੇਰ ਲਿਆ, ਤਾਂ ਇੱਕ ਨੌਜਵਾਨ ਨੇ ਖ਼ੁਦ ਨੂੰ ਬਚਾਉਣ ਲਈ ਪਹਿਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਨੂੰ ਬਾਹਰ ਖੜ੍ਹੇ ਲੋਕਾਂ ਨੇ ਤੁਰੰਤ ਉੱਥੋਂ ਦੂਰ ਹਟਾਇਆ।
ਫਾਇਰ ਵਿਭਾਗ ਨੂੰ ਅਲੀਗੰਜ ਥਾਣਾ ਖੇਤਰ ਦੇ ਅਧੀਨ ਪੈਂਦੀ ਊਸ਼ਾ ਮਹਿਤਾ ਮਾਰਗ ਸਥਿਤ ਇਸ ਇਮਾਰਤ ਵਿੱਚ ਅੱਗ ਲੱਗਣ ਦੀ ਸੂਚਨਾ ਦੁਪਹਿਰ ਲਗਪਗ 3 ਵਜੇ ਮਿਲੀ। ਅੱਗ 'ਤੇ ਕਾਬੂ ਪਾਉਣ ਲਈ ਹਾਈਡ੍ਰੌਲਿਕ ਪਲੇਟਫਾਰਮ ਗੱਡੀ ਸਮੇਤ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਤਾਇਨਾਤ ਕੀਤੀਆਂ ਗਈਆਂ। ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਅਤੇ ਨੇੜਲੇ ਫਾਇਰ ਸਟੇਸ਼ਨਾਂ ਦੀਆਂ ਟੀਮਾਂ ਵੀ ਪਾਣੀ ਦੀਆਂ ਟੈਂਕੀਆਂ ਅਤੇ ਅੱਗ ਬੁਝਾਉਣ ਵਾਲੇ ਉਪਕਰਨਾਂ ਨਾਲ ਮੌਕੇ 'ਤੇ ਪਹੁੰਚ ਗਈਆਂ। ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਵੀ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ 'ਤੇ ਅਫ਼ਸੋਸ ਜ਼ਾਹਰ ਕਰਦਿਆਂ 'ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ' (PMNRF) ਵਿੱਚੋਂ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ (PMO) ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਸਾਂਝੀ ਕੀਤੀ ਗਈ ਪੋਸਟ ਮੁਤਾਬਕ:
ਮ੍ਰਿਤਕਾਂ ਦੇ ਪਰਿਵਾਰਾਂ (ਵਾਰਸਾਂ) ਨੂੰ 2-2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ 50,000 ਰੁਪਏ ਦਿੱਤੇ ਜਾਣਗੇ।
ਪੀ.ਐਮ.ਓ. ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਲਿਖਿਆ, "ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਅੱਗ ਲੱਗਣ ਕਾਰਨ ਹੋਈਆਂ ਮੌਤਾਂ ਤੋਂ ਬਹੁਤ ਦੁਖੀ ਹਾਂ। ਪੀੜਤ ਪਰਿਵਾਰਾਂ ਨਾਲ ਮੇਰੀਆਂ ਹਮਦਰਦੀਆਂ ਹਨ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਬਚਾਅ ਕਾਰਜ ਜਾਰੀ ਹਨ ਅਤੇ ਪ੍ਰਸ਼ਾਸਨ ਹਰ ਸੰਭਵ ਮਦਦ ਪਹੁੰਚਾ ਰਿਹਾ ਹੈ।"ਡਿਪਟੀ ਸੀ.ਐਮ. ਬ੍ਰਿਜੇਸ਼ ਪਾਠਕ ਨੇ ਦੱਸਿਆ ਕਿ ਸਾਡੀ ਸਭ ਤੋਂ ਪਹਿਲੀ ਤਰਜੀਹ ਇਮਾਰਤ ਦੇ ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ। ਫਾਇਰ ਵਿਭਾਗ ਅਨੁਸਾਰ ਅੱਗ ਇੱਕ ਕੋਚਿੰਗ ਸੈਂਟਰ ਵਿੱਚ ਲੱਗੀ ਸੀ, ਜਦਕਿ ਡਿਪਟੀ ਸੀ.ਐਮ. ਨੇ ਦੱਸਿਆ ਕਿ ਇਹ ਇੱਕ ਐਨੀਮੇਸ਼ਨ ਸੈਂਟਰ ਸੀ। ਉਨ੍ਹਾਂ ਦੱਸਿਆ ਕਿ ਕੁਝ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਪਰ ਉਨ੍ਹਾਂ ਦੇ ਦੋਸਤਾਂ ਮੁਤਾਬਕ 3-4 ਬੱਚੇ ਅਜੇ ਵੀ ਅੰਦਰ ਫਸੇ ਹੋ ਸਕਦੇ ਹਨ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਇਮਾਰਤ ਦੀ ਸਭ ਤੋਂ ਉੱਪਰਲੀ ਮੰਜ਼ਿਲ, ਸਾਰੇ ਕਮਰਿਆਂ ਅਤੇ ਬਾਥਰੂਮਾਂ ਦੀ ਚੈਕਿੰਗ ਕੀਤੀ ਹੈ, ਪਰ ਫਿਲਹਾਲ ਉੱਥੇ ਕੋਈ ਨਹੀਂ ਮਿਲਿਆ। ਇਮਾਰਤ ਦੇ ਅੰਦਰ ਸੰਘਣਾ ਧੂੰਆਂ ਹੋਣ ਕਾਰਨ ਬਚਾਅ ਕਾਰਜ ਵਿੱਚ ਕਾਫੀ ਮੁਸ਼ਕਲ ਆ ਰਹੀ ਸੀ, ਜਿਸ ਕਰਕੇ ਫਾਇਰ ਮੁਲਾਜ਼ਮ ਨਾਲ ਲੱਗਦੀ ਦੂਜੀ ਇਮਾਰਤ ਦੀ ਕੰਧ ਤੋੜ ਕੇ ਅੰਦਰ ਦਾਖ਼ਲ ਹੋਏ।
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਤਿੰਨ-ਮੰਜ਼ਿਲਾ ਇਮਾਰਤ ਦੇ ਗਰਾਊਂਡ ਫਲੋਰ (ਹੇਠਲੀ ਮੰਜ਼ਿਲ) 'ਤੇ ਪਾਲਤੂ ਜਾਨਵਰਾਂ ਦੀ ਦੁਕਾਨ (ਪੈੱਟ ਸ਼ਾਪ) ਸੀ ਅਤੇ ਉੱਪਰਲੀ ਮੰਜ਼ਿਲ 'ਤੇ ਐਨੀਮੇਸ਼ਨ ਸੈਂਟਰ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸਾਂ, ਹਸਪਤਾਲ ਅਤੇ ਮੈਡੀਕਲ ਟੀਮਾਂ ਨੂੰ ਪੂਰੀ ਤਰ੍ਹਾਂ ਤਿਆਰ ਰੱਖਿਆ ਗਿਆ ਹੈ ਤਾਂ ਜੋ ਬੱਚਿਆਂ ਨੂੰ ਵਧੀਆ ਇਲਾਜ ਮਿਲ ਸਕੇ। ਚਸ਼ਮਦੀਦਾਂ ਮੁਤਾਬਕ ਕੁਝ ਫਾਇਰ ਫਾਈਟਰਜ਼ ਗਿੱਲੇ ਕੰਬਲ ਲੈ ਕੇ ਇਮਾਰਤ ਦੇ ਅੰਦਰ ਗਏ ਅਤੇ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ ਭੇਜਿਆ ਗਿਆ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਸਟ੍ਰੈਚਰ ਅਤੇ ਬੌਡੀ ਬੈਗ (ਮ੍ਰਿਤਕ ਦੇਹਾਂ ਨੂੰ ਪਾਉਣ ਵਾਲੇ ਬੈਗ) ਵੀ ਇਮਾਰਤ ਦੇ ਅੰਦਰ ਲਿਜਾਏ ਗਏ।
ਨੇੜੇ ਹੀ ਪੇਇੰਗ ਗੈਸਟ (PG) ਚਲਾਉਣ ਵਾਲੀ ਇੱਕ ਮਹਿਲਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੌਕੇ 'ਤੇ ਭਗਦੜ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਜਦੋਂ ਉਹ ਉੱਥੇ ਪਹੁੰਚਿਆ ਤਾਂ ਇਮਾਰਤ ਵਿੱਚੋਂ ਕਾਲਾ ਧੂੰਆਂ ਨਿਕਲ ਰਿਹਾ ਸੀ ਅਤੇ ਕੁਝ ਵਿਦਿਆਰਥੀ ਕਿਸੇ ਤਰ੍ਹਾਂ ਬਾਹਰ ਆਉਣ ਵਿੱਚ ਕਾਮਯਾਬ ਹੋ ਗਏ ਸਨ। ਉਸ ਨੇ ਇਹ ਵੀ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਪਹੁੰਚਣ ਵਿੱਚ ਥੋੜ੍ਹਾ ਸਮਾਂ ਲੱਗਿਆ। ਇੱਕ ਹੋਰ ਸਥਾਨਕ ਵਿਅਕਤੀ ਨੇ ਦੱਸਿਆ ਕਿ ਅੱਗ ਸ਼ਾਇਦ ਸ਼ਾਰਟ ਸਰਕਟ ਜਾਂ ਚੰਗਿਆੜੀ ਕਾਰਨ ਲੱਗੀ ਹੈ ਅਤੇ ਆਪਣੀ ਜਾਨ ਬਚਾਉਣ ਲਈ 7 ਤੋਂ 8 ਵਿਦਿਆਰਥੀਆਂ ਨੇ ਇਮਾਰਤ ਤੋਂ ਹੇਠਾਂ ਛਾਲਾਂ ਮਾਰੀਆਂ, ਜਦਕਿ ਲਗਪਗ 20 ਤੋਂ 25 ਵਿਦਿਆਰਥੀਆਂ ਦੇ ਅਜੇ ਵੀ ਅੰਦਰ ਫਸੇ ਹੋਣ ਦਾ ਖ਼ਦਸ਼ਾ ਹੈ।
