ਭੈਣ ਬਿਨਾ ਜੱਗ ਸੱਖਣਾ ਲੱਗਦਾ .
ਜਿਓਂ ਬਾਗਾਂ ਵਿੱਚ ਬਹਾਰਾਂ ਦੀ ਆਮਦ
ਤੱਕ ਕੇ ਜਿਸਨੂੰ ਰੂਹ ਹੋ ਜਾਏ ਗਦਗਦ
ਜਿਓਂ ਵਿੱਚ ਹਨੇਰੇ ਦੀਵਾ ਹੁੰਦਾ
ਭੈਣਾਂ ਦਾ ਤੇਜ ਸਦੀਵਾਂ ਹੁੰਦਾ
ਭੈਣ ਸੁੱਖਾਂ ਦੀ ਆਹਟ ਹੁੰਦੀ
ਭੈਣਾਂ ਨਾਲ ਹੀ ਰਾਹਤ ਹੁੰਦੀ
ਭੈਣ ਹਮੇਸ਼ਾਂ ਖੁਸ਼ੀਆਂ ਵੰਡੇ
ਵੀਰ ਲਈ ਰੱਬ ਤੋਂ ਹਾਸੇ ਮੰਗੇ
ਚੰਚਲ ਸੋਹਲ ਸੁਘੜ ਸਿਆਣੀ
ਭੈਣਾਂ ਦੀ ਹੈ ਅਜਬ ਕਹਾਣੀ
ਜ਼ਿੰਦਗੀ ਦਾ ਸਰਮਾਇਆ ਭੈਣਾਂ
ਅਣਮੁੱਲਾ ਰਤਨ ਕਮਾਇਆ ਭੈਣਾਂ
ਭੈਣ ਹੈ ਕਿਸੇ ਵੀਰ ਦਾ ਸੁਪਨਾ
ਜਿਸ ਕੋਲ ਹੈ ਓਹਨੂੰ ਕੋਈ ਦੁੱਖ ਨਾ
ਛੋਟੀਆਂ ਭੈਣਾਂ ਦਿਲ ਦਾ ਟੁਕੜਾ ਹੁੰਦੀਆਂ
ਕਿਸੇ ਸੋਹਣੀ ਗਜ਼ਲ ਦਾ ਮੁਖੜਾ ਹੁੰਦੀਆਂ
ਸੱਚੇ ਪ੍ਰੇਮ-ਪਿਆਰ ਦੀ ਗਾਥਾ ਭੈਣਾਂ
ਹੱਡ-ਮਾਸ ਜਿਹਾ ਸੰਗ ਨਾਤਾ ਭੈਣਾਂ
ਵੱਡੀਆਂ ਭੈਣਾਂ ਮਾਵਾਂ ਹੁੰਦੀਆਂ
ਮੰਗਦੀਆਂ ਸਦਾ ਦੁਆਵਾਂ ਹੁੰਦੀਆਂ
ਫਿਕਰ ਵੀਰਾਂ ਦਾ ਇੱਕ ਪਲ ਨਾ ਲੱਥੇ
ਸੁੱਖਾਂ, ਖੁਸ਼ੀਆਂ ਦੇ ਵੰਡਦੀਆਂ ਗੱਫੇ
ਸ਼ਹਿਦ ਤੋਂ ਮਿੱਠੀ ਮਿਠਾਸ ਨੇ ਭੈਣਾਂ
ਹਰ ਘਰ ਦੀ ਹੀ ਆਸ ਨੇ ਭੈਣਾਂ
ਭੈਣ ਬਿਨਾਂ ਜੱਗ ਸੱਖਣਾ ਲੱਗਦਾ
ਪੱਬ ਕੰਢਿਆਂ ਤੇ ਰੱਖਣਾ ਲੱਗਦਾ
ਰੱਬਾ! ਸਭ ਵੀਰਾਂ ਨੂੰ ਭੈਣਾਂ ਦੇਵੀਂ
ਰੂਹ ਦਾ ਅਣਮੁੱਲਾ ਗਹਿਣਾ ਦੇਵੀਂ
- - ਗੁਰਵੀਰ ਸਿਆਣ