ਨਿਊਜ਼ੀਲੈਂਡ ਦੇ ਕਈ ਸਕੂਲਾਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ.

ਬੰਬ ਦਾ ਡਰ ਪਾਇਆ: ਪੁਲਿਸ ਨੇ ਵੀ ਘੇਰਾ ਵਧਾਇਆ 

ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਸਕੂਲ ਨੂੰ ਖਾਲੀ ਕਰਵਾਇਆ

ਔਕਲੈਂਡ, 23 ਜੂਨ : ਅੱਜ ਸਵੇਰੇ ਨਿਊਜ਼ੀਲੈਂਡ ਦੀਆਂ ਕਈ ਸੰਸਥਾਵਾਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਨਵੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਨ੍ਹਾਂ ਗੁਮਨਾਮ ਧਮਕੀਆਂ ਤੋਂ ਬਾਅਦ ਕਈ ਵਿਦਿਅਕ ਅਦਾਰਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵਾਪਸ ਘਰ ਲੈ ਕੇ ਜਾਣ ਲਈ ਕਿਹਾ ਗਿਆ ਹੈ।ਇਥੋਂ ਦੇ ਵਾਂਗਾਪਾਰਾਓਆ ਸਕੂਲ ਨੇ ਮਾਪਿਆਂ ਨੂੰ ਇੱਕ ਈਮੇਲ ਭੇਜ ਕੇ ਦੱਸਿਆ ਕਿ ਸਕੂਲ ਨੂੰ ਇੱਕ ਗੁਮਨਾਮ ਬੰਬ ਦੀ ਧਮਕੀ ਮਿਲੀ ਹੈ। ਸਕੂਲ ਪ੍ਰਸ਼ਾਸਨ ਨੇ ਕਿਹਾ, ਹਾਲਾਂਕਿ ਸਾਨੂੰ ਇਸ ਧਮਕੀ ਦੇ ਸੱਚੇ ਹੋਣ ’ਤੇ ਸ਼ੱਕ ਹੈ, ਫਿਰ ਵੀ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਈਏ। ਇਸ ਲਈ ਮਾਪਿਆਂ ਨੂੰ ਤੁਰੰਤ ਬੱਚਿਆਂ ਨੂੰ ਲੈਣ ਆਉਣ ਲਈ ਕਿਹਾ ਗਿਆ।
ਦੂਜੇ ਪਾਸੇ, ਸਵੇਰੇ 10 ਵਜੇ ਦੇ ਕਰੀਬ ਕ੍ਰਾਈਸਟਚਰਚ ਗਰਲਜ਼ ਹਾਈ ਸਕੂਲ ਨੂੰ ਵੀ ਇੱਕ ਧਮਕੀ ਭਰੀ ਈਮੇਲ ਮਿਲੀ, ਜਿਸ ਤੋਂ ਬਾਅਦ ਸਿੱਖਿਆ ਮੰਤਰਾਲੇ ਦੀ ਸਲਾਹ ’ਤੇ ਸਕੂਲ ਨੂੰ ਲਾਕਡਾਊਨ (ਬੰਦ) ਕਰ ਦਿੱਤਾ ਗਿਆ। ਮੌਕੇ ’ਤੇ ਪੁਲਿਸ ਦੀਆਂ ਤਿੰਨ ਗੱਡੀਆਂ ਪਹੁੰਚੀਆਂ। ਪੁਲਿਸ ਦੀ ਜਾਂਚ ਅਤੇ ਸੁਰੱਖਿਆ ਦੇ ਭਰੋਸੇ ਤੋਂ ਬਾਅਦ ਸਵੇਰੇ 10:30 ਵਜੇ ਲਾਕਡਾਊਨ ਹਟਾ ਦਿੱਤਾ ਗਿਆ ਅਤੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਕਿ ਸਾਰੇ ਬੱਚੇ ਸੁਰੱਖਿਅਤ ਹਨ।
ਇਸ ਤੋਂ ਇਲਾਵਾ ਆਰਾ ਇੰਸਟੀਚਿਊਟ ਨੇ ਵੀ ਬੰਬ ਦੀ ਧਮਕੀ ਤੋਂ ਬਾਅਦ ਟਿਮਾਰੂ ਅਤੇ ਕ੍ਰਾਈਸਟਚਰਚ ਸਥਿਤ ਆਪਣੇ ਕੈਂਪਸ ਖਾਲੀ ਕਰਵਾ ਦਿੱਤੇ। ਸੋਸ਼ਲ ਮੀਡੀਆ ’ਤੇ ਮਾਪਿਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਫੇਅਰਬਰਨ ਸਕੂਲ ਅਤੇ ਬੇਅਰਡਜ਼ ਮੇਨਫਰੇਟ ਪ੍ਰਾਇਮਰੀ ਸਕੂਲ ਨੂੰ ਵੀ ਅਜਿਹੀਆਂ ਧਮਕੀਆਂ ਮਿਲੀਆਂ ਹਨ।
ਇੱਕ ਚਿੰਤਤ ਮਾਂ ਨੇ ਲਿਖਿਆ, ਇਹ ਮੈਸੇਜ ਦੇਖ ਕੇ ਮੈਂ ਬਹੁਤ ਡਰ ਗਈ ਸੀ ਅਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਇੱਕ ਹੋਰ ਮਾਪੇ ਨੇ ਕਿਹਾ, ਧਮਕੀ ਚਾਹੇ ਅਸਲੀ ਹੋਵੇ ਜਾਂ ਨਕਲੀ, ਜਦੋਂ ਗੱਲ ਸਾਡੇ ਬੱਚਿਆਂ ਦੀ ਹੋਵੇ ਤਾਂ ਅਸੀਂ ਇਸਨੂੰ ਹਲਕੇ ਵਿੱਚ ਨਹੀਂ ਲੈ ਸਕਦੇ। ਪੁਲਿਸ ਅਤੇ ਸਿੱਖਿਆ ਮੰਤਰਾਲੇ ਵੱਲੋਂ ਇਸ ਮਾਮਲੇ ’ਤੇ ਅਧਿਕਾਰਤ ਬਿਆਨ ਆਉਣਾ ਅਜੇ ਬਾਕੀ ਹੈ।
ਪਹਿਲਾਂ ਵੀ ਹੋ ਚੁੱਕੀ ਹੈ ਇੱਕ ਗ੍ਰਿਫਤਾਰੀ
ਜ਼ਿਕਰਯੋਗ ਹੈ ਕਿ ਇਸੇ ਸਾਲ ਮਈ ਮਹੀਨੇ ਵਿੱਚ ਵੀ ਨਿਊਜ਼ੀਲੈਂਡ ਦੇ ਕਈ ਜਨਤਕ ਅਤੇ ਵਿਦਿਅਕ ਅਦਾਰਿਆਂ (ਜਿਵੇਂ ਯੂਨੀਟੈੱਕ ਅਤੇ ਓਕਲੈਂਡ ਆਰਟ ਗੈਲਰੀ) ਨੂੰ ਅਜਿਹੀਆਂ ਹੀ ਧਮਕੀਆਂ ਮਿਲੀਆਂ ਸਨ। ਉਸ ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਨੇ ਇਨਵਰਕਾਰਗਿਲ ਤੋਂ ਇੱਕ ਨਾਬਾਲਗ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ। ਉਸ ’ਤੇ ਜਾਨੋਂ ਮਾਰਨ ਅਤੇ ਗੰਭੀਰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦੇ ਦੋ ਦੋਸ਼ ਲਗਾਏ ਗਏ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਹਾਲਾਂਕਿ ਉਸ ਨੌਜਵਾਨ ਕੋਲ ਧਮਕੀ ਨੂੰ ਅੰਜਾਮ ਦੇਣ ਦਾ ਕੋਈ ਸਾਧਨ ਨਹੀਂ ਸੀ, ਫਿਰ ਵੀ ਅਜਿਹੀਆਂ ਧਮਕੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ।