ਵਿਵਾਦਿਤ ਵੀਡਿਓ ਮਾਮਲਾ : ਫੋਰੇਂਸਿਕ ਜਾਂਚ ਰਿਪੋਰਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ.

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਥਿਤ ਬੇਅਦਬੀ ਵੀਡੀਓ ਮਾਮਲੇ ਵਿੱਚ ਕਲੀਨ ਚਿੱਟ ਦੇਣ ਵਾਲੀ ਫਰਜ਼ੀ ਫੋਰੈਂਸਿਕ ਰਿਪੋਰਟ ਪੁਲੀਸ ਅਧਿਕਾਰੀਆਂ ਵੱਲੋਂ 10 ਲੱਖ ਰੁਪਏ ਦੇ ਕੇ ਤਿਆਰ ਕਰਵਾਈ ਗਈ ਸੀ।
ਗੁਰੂਗ੍ਰਾਮ ਪੁਲੀਸ ਵੱਲੋਂ ਕੇਸ ਦਰਜ ਕਰਨ ਅਤੇ ਇਸ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਹ ਰਿਪੋਰਟ ਜਸਪ੍ਰੀਤ ਸਿੰਘ ਜੱਸੀ ਨਾਮਕ ਵਿਅਕਤੀ ਤੋਂ ਪ੍ਰਾਪਤ ਕੀਤੀ ਗਈ ਸੀ, ਜੋ ਗੁਰੂਗ੍ਰਾਮ ਦੇ ਕ੍ਰਾਊਨ ਪਲਾਜ਼ਾ ਹੋਟਲ ਵਿੱਚ ਪੁਲੀਸ ਅਧਿਕਾਰੀਆਂ ਨੂੰ ਮਿਲਿਆ ਸੀ। ਉਨ੍ਹਾਂ ਕਿਹਾ, “ਜਸਪ੍ਰੀਤ ਜੱਸੀ ਨੂੰ ਝੂਠੇ ਨਤੀਜੇ ਬਣਾਉਣ ਲਈ 10 ਲੱਖ ਰੁਪਏ ਦਿੱਤੇ ਗਏ ਸਨ ਅਤੇ ਇਹ ਪੈਸੇ ਇੱਕ ਸਰਕਾਰੀ ਗੱਡੀ ਵਿੱਚੋਂ ਕੱਢ ਕੇ ਜੱਸੀ ਨੂੰ ਦਿੱਤੇ ਗਏ ਸਨ।”ਮਜੀਠੀਆ ਨੇ ਕਿਹਾ ਕਿ ਜਸਪ੍ਰੀਤ ਜੱਸੀ ਵੱਲੋਂ ਇੱਕ ਕਥਿਤ ਵੀਡੀਓ ਵਿੱਚ ਇਹ ਮੰਨਣ ਤੋਂ ਬਾਅਦ ਕਿ ਉਹ ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਮਿਲਿਆ ਸੀ ਜਿਨ੍ਹਾਂ ਨੇ ਉਸਨੂੰ ਆਪਣੇ ਨਿਰਦੇਸ਼ਾਂ ਅਨੁਸਾਰ ਰਿਪੋਰਟ ਤਿਆਰ ਕਰਨ ਲਈ 10 ਲੱਖ ਰੁਪਏ ਦਿੱਤੇ ਸਨ, ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ, “ਜਸਪ੍ਰੀਤ ਨੇ ਹਰਿਆਣਾ ਪੁਲੀਸ ਨੂੰ ਦੱਸਿਆ ਕਿ ਜਿਨ੍ਹਾਂ ਨੇ ਰਿਪੋਰਟ ਤਿਆਰ ਕੀਤੀ ਸੀ, ਉਹ ਨਾ ਤਾਂ ਆਡੀਓ ਅਤੇ ਨਾ ਹੀ ਵੀਡੀਓ ਮਾਹਿਰ ਸਨ ਅਤੇ ਇਹ ਰਿਪੋਰਟ ਪੁਲੀਸ ਅਧਿਕਾਰੀਆਂ ਅਤੇ ਉਨ੍ਹਾਂ ਦੇ ਹੁਕਮਰਾਨਾਂ ਵੱਲੋਂ ਦਿੱਤੀਆਂ ਵਿਸ਼ੇਸ਼ਤਾਵਾਂ ਅਨੁਸਾਰ ਤਿਆਰ ਕੀਤੀ ਗਈ ਸੀ।”
ਇਹ ਦਾਅਵਾ ਕਰਦਿਆਂ ਕਿ ਜਸਪ੍ਰੀਤ ਦੀ ਜਾਨ ਹੁਣ ਖਤਰੇ ਵਿੱਚ ਹੈ ਅਕਾਲੀ ਆਗੂ ਨੇ ਕਿਹਾ, "ਅਜਿਹੀਆਂ ਸੰਭਾਵਨਾਵਾਂ ਹਨ ਕਿ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ ਜਾਂ ਉਸ ਦੇ ਪਰਿਵਾਰ ਨੂੰ ਕਿਸੇ ਝੂਠੇ ਕੇਸ ਵਿੱਚ ਫਸਾਇਆ ਜਾ ਸਕਦਾ ਹੈ।"ਮਜੀਠੀਆ ਨੇ ਉਨ੍ਹਾਂ ਸਰਕਾਰੀ ਗੱਡੀਆਂ ਦੇ ਰਜਿਸਟ੍ਰੇਸ਼ਨ ਨੰਬਰ ਵੀ ਜਾਰੀ ਕੀਤੇ, ਜਿਨ੍ਹਾਂ ਬਾਰੇ ਉਨ੍ਹਾਂ ਦਾ ਦਾਅਵਾ ਸੀ ਕਿ ਗੁਰੂਗ੍ਰਾਮ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਕਥਿਤ ਫਰਜ਼ੀ ਲੈਬ ਦੇ ਮਾਲਕਾਂ ਨਾਲ ਮੀਟਿੰਗਾਂ ਦੌਰਾਨ ਵਰਤੇ ਗਏ ਸਨ। ਉਨ੍ਹਾਂ ਨੇ ਇੱਕ ਹੋਰ ਵੀਡੀਓ ਵੀ ਜਾਰੀ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਅਤੇ ਲੈਬ ਦੇ ਮਾਲਕਾਂ ਵਿਚਕਾਰ ਮੀਟਿੰਗ ਦਿਖਾਈ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਪੁਲੀਸ ਨੇ ਵਿਵਾਦਿਤ ਰਿਪੋਰਟ ਤਿਆਰ ਕਰਨ ਦੇ ਦੋਸ਼ ਵਿੱਚ ਜਸਪ੍ਰੀਤ, ਅਰੁਣ ਅਤੇ ਅੰਕਿਤ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਮਜੀਠੀਆ ਨੇ ਇੱਕ ਵਿਅਕਤੀ ਦੀ ਕਥਿਤ ਵੀਡੀਓ ਕਬੂਲਨਾਮਾ ਵੀ ਜਾਰੀ ਕੀਤਾ ਜਿਸ ਨੇ ਮੁੱਖ ਮੰਤਰੀ ਅਤੇ ਪੁਲੀਸ ਅਧਿਕਾਰੀਆਂ ਦੇ ਦਬਾਅ ਹੇਠ ਰਿਪੋਰਟ ਤਿਆਰ ਕੀਤੀ ਸੀ। ਮੀਡੀਆ ਨਾਲ ਦਸਤਾਵੇਜ਼ ਅਤੇ ਸਬੂਤ ਸਾਂਝੇ ਕਰਦਿਆਂ ਮਜੀਠੀਆ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ 'ਆਪ' ਆਗੂ ਬਲਤੇਜ ਪੰਨੂ ਵੱਲੋਂ ਜਿਸ ਲੈਬ ਦਾ ਜ਼ਿਕਰ ਕੀਤਾ ਗਿਆ ਸੀ, ਉਹ ਅਸਲ ਵਿੱਚ ਮੌਜੂਦ ਹੀ ਨਹੀਂ ਸੀ।
ਬਾਅਦ ਵਿੱਚ ਗੁਰੂਗ੍ਰਾਮ ਦੇ ਸੈਕਟਰ 29 ਸਥਿਤ ਲੈਬ ਤੋਂ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਸੁਨੇਹਾ ਲਿਖਿਆ: "ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥"ਇਹ ਸਿਆਸੀ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸ੍ਰੀ ਅਕਾਲ ਤਖ਼ਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਕਥਿਤ ਬੇਅਦਬੀ ਵੀਡੀਓ ਮਾਮਲੇ ਵਿੱਚ "ਗੁਰੂ-ਦੋਖੀ" ਅਤੇ "ਪੰਥ ਵਿਰੋਧੀ" ਕਰਾਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਵਾਇਰਲ ਕਲਿੱਪ ਅਸਲੀ ਹੈ ਅਤੇ ਏਆਈ (AI) ਦੁਆਰਾ ਤਿਆਰ ਨਹੀਂ ਕੀਤੀ ਗਈ ਹੈ। ਸੀਐੱਮ ਮਾਨ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਵੀਡੀਓ ਵਿੱਚ ਬੇਅਦਬੀ ਕਰਦਾ ਦਿਖਾਈ ਦੇਣ ਵਾਲਾ ਵਿਅਕਤੀ ਉਹ ਨਹੀਂ ਹੈ। ਜਲਦੀ ਹੀ ਅਕਾਲ ਤਖ਼ਤ ਨੇ ਸੀਐੱਮ ਮਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਚਕਾਰ ਵਿਵਾਦਿਤ ਵੀਡੀਓ ਬਾਰੇ ਕੈਮਰੇ ਸਾਹਮਣੇ ਹੋਈ ਕਾਰਵਾਈ ਜਾਰੀ ਕਰ ਦਿੱਤੀ ਗਈ।
ਹਾਲਾਂਕਿ, ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਹਮਲਾ ਬੋਲਦਿਆਂ ਦਾਅਵਾ ਕੀਤਾ ਕਿ ਸੀਐੱਮ ਨੇ ਇਹ ਨਹੀਂ ਕਿਹਾ ਸੀ ਕਿ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਬਣਾਈ ਗਈ ਸੀ, ਸਗੋਂ ਇਹ ਕਿਹਾ ਸੀ ਕਿ ਇੱਕ ਨਕਲੀ ਵਿਅਕਤੀ ਨੇ ਸੀਐੱਮ ਵਜੋਂ ਅਭਿਨੈ ਕੀਤਾ ਹੈ। ਪਾਰਟੀ ਨੇ ਮੰਗ ਕੀਤੀ ਕਿ ਸੀਐੱਮ ਦਾ ਰੋਲ ਕਰਨ ਵਾਲੇ ਵਿਅਕਤੀ ਨੂੰ ਲੱਭਿਆ ਜਾਵੇ।ਅਕਾਲੀ ਦਲ ਨੇ 19 ਜੁਲਾਈ ਤੋਂ ਬਾਅਦ 'ਧਰਮ ਯੁੱਧ ਮੋਰਚਾ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ 'ਆਪ' ਸਰਕਾਰ ਨੂੰ ਮੁੱਖ ਮੰਤਰੀ ਨੂੰ ਬਰਖਾਸਤ ਕਰਨ ਲਈ ਅਲਟੀਮੇਟਮ ਦਿੱਤਾ ਹੈ।