ਕੱਪੜੇ ਦੇ ਸ਼ੋਅਰੂਮ ਤੇ ਫਾਇਰਿੰਗ.

ਫਿਰੋਜ਼ਪੁਰ  : ਇਥੋਂ ਦੇ ਮੱਲਵਾਲ ਰੋਡ ਤੇ ਬਣੇ ਕੱਪੜਿਆਂ ਸ਼ੋਅਰੂਮ 'ਲਿਬਾਸ' 'ਤੇ ਬੀਤੀ ਸ਼ਾਮ ਦੋ ਅਣਪਾਛਾਤੇ ਮੋਟਰਸਾਈਕਲ ਸਵਾਰ ਫਾਇਰਿੰਗ ਕਰਕੇ ਫਰਾਰ ਹੋ ਗਏ।

ਇਸ ਦੌਰਾਨ ਗੋਲੀ ਸ਼ੋਰੂਮ ਦੇ ਸ਼ੀਸ਼ੇ 'ਤੇ ਜਾ ਲੱਗੀ ਅਤੇ ਸ਼ੋਅਰੂਮ ਅੰਦਰ ਮੌਜੂਦ ਕਰਮਚਾਰੀ ਜਾਂ ਗਾਹਕਾਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਪਹੁੰਚਣ ਤੋਂ ਬਚਾਅ ਰਿਹਾ।
ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਦੁਕਾਨਦਾਰ ਅਤੇ ਰਹਿਗੀਰ ਮੌਕੇ 'ਤੇ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਅਤੇ ਥਾਣਾ ਪੁਲੀਸ ਘਟਨਾ ਸਥਾਨ 'ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ।
ਸ਼ੋਅਰੂਮ ਦੇ ਸੰਚਾਲਕ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਨਾ ਹੀ ਉਨਾਂ ਨੂੰ ਹਮਲਾਵਰਾਂ ਦੀ ਪਛਾਣ ਹੈ।

ਘਟਨਾ ਸਥਾਨ ਤੇ ਪਹੁੰਚੇ ਐੱਸ ਪੀ ਡੀ ਮਨਜੀਤ ਸਿੰਘ ਨੇ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਦੋ ਲੜਕੇ ਮੋਟਰਸਾਈਕਲ ਤੇ ਆਏ ਅਤੇ ਸ਼ੋਅਰੂਮ ਦੇ ਬਾਹਰ ਫਾਇਰਿੰਗ ਕਰ ਫਰਾਰ ਹੋ ਗਏ। ਪੁਲੀਸ ਨੇ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਪੁਲੀਸ ਨੇ ਘਟਨਾ ਸਥਾਨ ਤੋਂ ਸੁਰਾਗ ਲੱਭਣ ਦੇ ਨਾਲ-ਨਾਲ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਵੀ ਕਬਜੇ ਵਿੱਚ ਲਈ ਹੈ।
ਅਧਿਕਾਰੀ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਘਟਨਾ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕਦਾ ਹੈ ਜਦਕਿ ਸ਼ਹਿਰ ਦੇ ਵੱਖ-ਵੱਖ ਆਉਣ ਤੇ ਜਾਣ ਵਾਲੇ ਰਸਤਿਆਂ 'ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ।