ਕੋਰੋਨਾ ਵਾਇਰਸ ਨੇ ਨੰਗਾ ਕੀਤਾ ਨਕਾਰਾ ਸਿਹਤ ਸਿਸਟਮ ਦਾ ਚਿਹਰਾ .
ਭਾਰਤ ਵਿਚ ਬੇਸ਼ਕ ਅਜੇ ਤੱਕ ਸਥਿਤੀ ਬਹੁਤੇ ਦੇਸ਼ਾਂ ਜਿੰਨੀ ਖਰਾਬ ਨਹੀਂ ਹੋਈ, ਪਰ ਦਿਨੋਂ ਦਿਨ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਚੁੱਕੈ। ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 4 ਹਜ਼ਾਰ ਦੇ ਪਾਰ ਪੁੱਜ ਚੁੱਕੀ ਹੈ ਅਤੇ ਹਜਾਰ ਤੋਂ ਵੱਧ ਮਰੀਜ਼ ਦਮ ਤੋੜ ਚੁੱਕੇ ਨੇ।
ਅਜੇਹੇ ਸਮੇਂ ਹੋਈਆਂ ਅਣਗਹਿਲੀਆਂ ਜਾਂ ਰਹੀਆਂ ਕਮੀਆਂ ਲਈ ਸਰਕਾਰ ਜਾਂ ਸਿਸਟਮ ਤੇ ਸਵਾਲ ਕਰਨਾ ਬਾਜਿਵ ਨਹੀਂ ਹੈ, ਸਗੋਂ ਸਿਸਟਮ ਵਿਚ ਸਾਹਮਣੇ ਆ ਰਹੀਆਂ ਖਾਮੀਆਂ ਨੂੰ ਸਹੀ ਢੰਗ ਨਾਲ ਪਛਾਣ ਕਰਨ ਦਾ ਹੈ, ਤਾਂ ਜੋ ਮਹਾਂਮਾਰੀ ਉਪਰੰਤ ਅਣਗਹਿਲੀਆਂ ਤੋ ਸਬਕ ਲਿਆ ਜਾਵੇ ਅਤੇ ਸਿਸਟਮ ਦੀਆਂ ਕੰਮਜ਼ੋਰੀਆਂ ਨੂੰ ਦਰੁਸਤ ਕੀਤਾ ਜਾ ਸਕੇ। ਉਂਝ ਕਦੇ ਅਜੇਹਾ ਸਾਡੇ ਦੇਸ਼ ਵਿਚ ਕਦੇ ਹੋਇਆ ਨਹੀਂ ।
ਸਿਹਤ ਸਿਸਟਮ ਨਕਾਰਾ ਹੋਣਾ:
ਬੇਸ਼ਕ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਅਤਿ ਅਧੁਨਿਕ ਹਸਤਾਲ ਬਣੇ ਹਨ ਅਤੇ ਜਿਥੇ ਹਰ ਬੀਮਾਰੀ ਦੇ ਇਲਾਜ਼ ਦੀਆਂ ਵਿਸ਼ਵ ਪੱਧਰੀ ਸਹੂਲਤਾਂ ਉਪਲੱਭਤ ਨੇ, ਪ੍ਰੰਤੂ ਇਹ ਹਸਪਤਾਲ ਦੇਸ਼ ਦੀ 80% ਗਰੀਬ ਅਤੇ ਮੱਧ ਵਰਗੀ ਵਸੋਂ ਦੀ ਪਹੁੰਚ ਤੋਂ ਬਾਹਰ ਹਨ। ਕਰੀਬ 5 ਦਹਾਕੇ ਪਹਿਲਾਂ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਚ ਅੱਛੇ ਇਲਾਜ਼ ਦੀਆਂ ਸਹੂਲਤਾਂ ਵਿਕਸਤ ਹੋ ਰਹੀਆਂ ਸਨ, ਪਰ ਸਮਾਂ ਬੀਤਦੇ ਪ੍ਰਾਈਵੇਟ ਕਲਿਨਿਕਾਂ/ਹਸਪਤਾਲਾਂ ਵਿਚ ਲਗਾਤਾਰ ਵਾਧਾ ਹੁੰਦਾ ਗਿਆ ਅਤੇ ਇਲਾਜ਼ ਮਹਿੰਗਾ ਹੁੰਦਾ ਗਿਆ। ਕੇੰਦਰ ਅਤੇ ਸੂਬਾ ਸਰਕਾਰਾਂ ਦਾ ਧਿਆਨ ਸਰਕਾਰੀ ਹਸਪਤਾਲਾਂ ਤੋਂ ਘੱਟਦਾ ਗਿਆ, ਨਾਲ ਹੀ ਆਮ ਲੋਕਾਂ ਦਾ ਇਨ੍ਹਾਂ ਪ੍ਰਤੀ ਵਿਸਵਾਸ਼ ਵੀ ਖਤਮ ਹੋ ਗਿਆ। ਮੱਧ ਵਰਗੀ ਅਤੇ ਗਰੀਬ ਲੋਕ ਵੀ ਵਿੱਤ ਮੁਤਾਵਕ ਪ੍ਰਾਈਵੇਟ ਡਾਕਟਰਾਂ ਅਤੇ ਹਸਪਤਾਲਾਂ ਤੋਂ ਇਲਾਜ਼ ਕਰਾਉਣ ਲਈ ਮਜਬੂਰ ਹੋ ਗਏ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਬੱਦ ਤੋ ਬਦਤਰ ਹੁੰਦੀ ਗਈ।
ਕੋਰੋਨਾਵਾਇਰਸ ਨੇ ਖੋਲੀ ਪੋਲ:
ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਸ਼ਨਾਖਤ ਅਤੇ ਇਲਾਜ਼ ਦੀ ਸਾਰੀ ਜਿੰਮੇਵਾਰੀ ਇਕ ਦਮ ਸਰਕਾਰੀ ਸਿਹਤ ਢਾਂਚੇ ਉਪਰ ਆ ਪਈ ਅਤੇ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਹੀ ਮੁਨਕਰ ਹੋ ਗਏ। ਸਰਕਾਰੀ ਹਸਪਤਾਲਾਂ ਵਿਚ ਪਹਿਲਾਂ ਹੀ ਡਾਕਟਰਾਂ, ਨਰਸਾਂ ਅਤੇ ਦੂਜੇ ਸਹਿਯੋਗੀ ਸਟਾਫ ਅਤੇ ਉਪਕਰਣਾਂ ਦੀ ਭਾਰੀ ਘਾਟ ਸੀ। ਸਰਕਾਰਾਂ ਵੀ ਇਸ ਤੋਂ ਭਲੀ ਭਾਂਤ ਵਾਕਿਫ ਸਨ। ਬੇਸ਼ਕ ਲੌਕਡਾਊਨ ਅਤੇ ਕਰਫਿਉ ਲਾਗੂ ਕਰਨ ਦੇ ਫੈਸਲੇ ਦੇਰੀ ਨਾਲ ਹੋਏ, ਪਰ ਦਰੁਸਤ ਹੋਏ। ਇਸ ਬਿਮਾਰੀ ਦੀ ਕੋਈ ਦਵਾਈ ਜਾਂ ਵੈਕਸੀਨ ਨਾਂ ਹੋਣ ਕਾਰਨ ਸਿਰਫ ਸਮਾਜਿਕ ਦੂਰੀ ਅਤੇ ਸਫਾਈ ਹੀ ਇਕੋ ਇਕ ਰਸਤਾ ਬਚਦਾ ਸੀ। ਜਿਸ ਤੇ ਸਖਤੀ ਨਾ ਅਮਲ ਕਰਾਉਣ ਤੋਂ ਬਗੈਰ ਕੋਈ ਹੋਰ ਰਾਸਤਾ ਹੀ ਨਹੀਂ ਸੀ ਅਤੇ ਇਸ ਦੇ ਨਤੀਜੇ ਵੀ ਆਸ ਅਨੁਸਾਰ ਵਧੀਆ ਹੀ ਆ ਰਹੇ ਨੇ। ਕੁੱਲ ਮਿਲਾ ਕੇ ਸਰਕਾਰ ਮਹਾਮਾਰੀ ਨਾਲ ਨਜਿਠਣ ਦੇ ਸਮਰਥ ਜਾਪਦੀ ਹੈ।
ਸਿਹਤ ਸਿਸਟਮ ਦੀਆਂ ਖਾਮੀਆਂ:
ਕੋਰੋਨਾਵਾਇਰਸ ਦੇ ਵੱਧਣ ਨਾਲ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਅਤੇ ਸਟਾਫ ਲਈ ਮਿਆਰੀ ਸੁਰੱਖਿਆ ਉਪਕਰਣਾਂ ਦੀ ਵੱਡੀ ਘਾਟ ਸਾਹਮਣੇ ਆਈ। ਅਮਲੇ ਨੇ ਪੀ ਪੀ ਈ ਕਿੱਟਾਂ, ਅੈਨ-95 ਮਾਸਕ ਅਤੇ ਦਸਤਾਨੇ ਆਦਿ ਮੁਹੱਈਆ ਕਰਾਉਣ ਦੀ ਜਬਾਨੀ ਅਤੇ ਲਿਖਤੀ ਮੰਗ ਸਰਕਾਰ ਤੋਂ ਕੀਤੀ।
ਕੁੱਝ ਸਾਮਾਨ ਉਪਲੱਭਤ ਵੀ ਹੋਇਆ, ਪਰ ਅਜੇ ਵੀ ਇਸ ਦੀ ਭਾਰੀ ਘਾਟ ਹੈ। ਚੰਡੀਗੜ੍ਹ 'ਚ ਪੀਜੀਆਈ , ਸੈਕਟਰ 16 ਦੇ ਸਰਕਾਰੀ ਹਸਪਤਾਲ ਅਤੇ ਦਿਲੀ ਦੀਆਂ ਮੁਹੱਲਾ ਕਲੀਨਿਕਾਂ ਦੇ 50 ਤੋਂ ਵੱਧ ਡਾਕਟਰ ਅਤੇ ਸਟਾਫ ਨੂੰ ਪਹਿਲਾਂ ਹੀ ਇਕਾਂਤਵਾਸ ਕੀਤਾ ਜਾ ਚੁਕੈ। ਉਨਾਂ ਖਿਲਾਫ ਕਾਰਵਾਈ ਕਰਨ ਦੀ ਧਮਕੀ ਨਾਲ ਉਨਾਂ ਦਾ ਮਨੋਬਲ ਡਿਗੇਗਾ ਅਤੇ ਉਹ ਆਪਣੀ ਡਿਉਟੀ ਸਹੀ ਢੰਗ ਨਾਲ ਨਹੀਂ ਨਿਭਾ ਸਕਣਗੇ।
ਪ੍ਰਾਈਵੇਟ ਹਸਪਤਾਲਾਂ ਦੀ ਮਨਮਾਨੀ:
ਪ੍ਰਾਈਵੇਟ ਹਸਪਤਾਲਾਂ ਨੂੰ ਲਾਇਸੈਂਸ ਅਤੇ ਟੈਕਸਾਂ ਵਿਚ ਛੋਟਾਂ ਦੇਣ ਸਮੇਂ ਲੋੜਵੰਦ ਲੋਕਾਂ ਦੇ ਸਸਤੇ ਇਲਾਜ਼ ਦੀਆਂ ਸ਼ਰਤਾਂ ਵੀ ਹੁੰਦੀਆਂ ਨੇ। ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ ਦੀ ਸਰਕਾਰੀ ਦਰਬਾਰੇ ਪਹੁੰਚ ਹੋਣ ਕਰਨ ਇਹ ਛੋਟੇ ਸਰਕਾਰੀ ਅਧਿਕਾਰੀਆਂ ਨੂੰ ਟਿੱਚ ਜਾਣਦੇ ਨੇ। ਇਹੋ ਕਾਰਨ ਹੈ ਕਿ ਇਹ ਹਸਪਤਾਲ ਭਿਆਨਕ ਮਹਾਂਮਾਰੀ ਦੇ ਸਮੇਂ ਵੀ ਸਮਾਜ ਪ੍ਰਤੀ ਜਿੰਮੇਵਾਰੀ ਨਿਭਾਉਣ ਦੀ ਵਜਾਏ ਲੁੱਟ ਕਰਨ 'ਚ ਲੱਗੇ ਨੇ। ਸਰਕਾਰ ਨੂੰ ਚਾਹੀਦੈ ਕਿ ਇਨ੍ਹਾਂ ਵਿੱਚ ਸਾਰੀਆਂ ਅਧੁਨਿਕ ਸਹੁਲਤਾਂ ਕੋਰਨਾ ਮਰੀਜਾਂ ਦੇ ਇਲਜ਼ ਲਈ ਵਰਤੀਆਂ ਜਾਣ। ਸਰਕਾਰੀ ਹਸਪਤਾਲਾਂ ਵਿਚ ਇਲਾਜ਼ ਲਈ ਜਰੂਰੀ ਵੈਂਟੀਲੇਟਰਾਂ ਦੀ ਭਾਰੀ ਘਾਟ ਹੈ, ਪਰ ਇਹ ਵੈਟੀਲੇਟਰ ਪ੍ਰਾਈਵੇਟ ਹਸਪਤਾਲਾਂ ਵਿਚ ਮੌਜੂਦ ਨੇ। ਵਿਦੇਸ਼ੀ ਟੈਸਟ ਕਿੱਟਾਂ ਮਹਿੰਗੀਆਂ ਹੋਣ ਕਾਰਨ ਵੀ ਦੇਸ਼ ਵਿਚ ਟੈਸਟਿੰਗ ਘੱਟ ਹੋਣ ਦੀਆਂ ਸ਼ਕਾਇਤਾਂ ਸਾਹਮਣੇ ਆ ਰਹੀਆਂ ਨੇ। ਇਸ ਦੇ ਬਦਲ ਲਈ ਪੂਨੇ ਦੀ ਮਾਈਲੈਬ ਨਾਮ ਦੀ ਕੰਪਨੀ ਨੇ ਸਸਤੀ ਟੈਸਟ ਕਿੱਟ ਤਿਆਰ ਕੀਤੀ ਹੈ ਅਤੇ ਇਕ ਲੱਖ ਪ੍ਰਤੀ ਹਫਤਾ ਸਪਲਾਈ ਦਾ ਯਕੀਨ ਦਵਾਇਆ ਹੈ।ਸਸਤੀਆਂ ਕਿੱਟਾਂ ਰਾਹੀਂ ਮਰੀਜ਼ਾਂ ਦੀ ਸ਼ਨਾਖਤ ਹੋਣੀ ਤੇਜ਼ੀ ਨਾਲ ਹੋਣੀ ਚਾਹੀਦੀ ਹੈ।
ਉਦਾਹਰਣ ਵਜੋਂ ਅਣਗਹਿਲੀ ਦੇ ਕੇਸ:
ਸਭ ਤੋਂ ਬੱਜਰ ਅਣਗਹਿਲੀ ਦਿੱਲੀ ਦੀ ਨਿਜ਼ਾਮੁਦੀਨ ਮਰਕਜ ਵਿਚ 'ਤਬਲੀਗੀ-ਏ-ਜਮਾਤ' ਦੇ ਸਮਾਗਮ ਵਜੋਂ ਹੋਈ। ਲੌਕ-ਡਾਉਨ ਉਪਰੰਤ ਪ੍ਰਬੰਧਕਾਂ ਅਤੇ ਪੁਲਿਸ ਵਲੋਂ ਜਾਣਕਾਰੀ ਦੇ ਬਾਵਯੂਦ ਮੌਜੂਦ ਲੋਕਾਂ ਨੂੰ ਸਖਤੀ ਨਾਲ ਬਾਹਰ ਨਾਂ ਕੱਢਿਆ ਗਿਆ। ਇਕੋ ਮਾਮਲੇ ਨਾਲ ਸਬੰਧਤ ਹਜ਼ਾਰ ਤੋਂ ਵੱਧ ਲੋਕ ਪਾਜ਼ਿਟਿਵ ਪਾਏ ਗਏ ਅਤੇ 11ਲੋਕਾਂ ਦੀ ਮੌਤ ਹੋਈ ਹੈ। ਇਸ ਮਾਮਲੇ ਵਿਚ ਸਮੁੱਚੇ ਮੁਸਲਿਮ ਭਾਈਚਾਰੇ ਤੇ ਉਂਗਲ ਉਠਾਉਣਾ ਹੋਰ ਵੀ ਘਾਤਿਕ ਸਾਬਿਤ ਹੋ ਸਕਦੈ। ਸਿਰਮੌਰ ਰਾਗੀ ਨਿਰਮਲ ਸਿੰਘ ਖਾਲਸਾ ਨੂੰ ਕੋਰੋਨਾ ਪੀੜਤ ਪਾਏ ਜਾਣ ਤੇ ਅਮਿ੍ਤਸਰ ਦੇ ਸਰਕਾਰੀ ਹਸਪਤਾਲ ਵਿਚ ਸਹੀ ਇਲਾਜ਼ ਨਾਂ ਮਿਲਣ ਦੇ ਦੋਸ਼ ਲੱਗੇ ਨੇ। ਉਨ੍ਹਾਂ ਦੀ ਵਾਇਰਲ ਹੋਈ ਆਡੀ�" 'ਚ ਵਾਰ ਵਾਰ ਇਲਾਜ਼ ਨਾਂ ਹੋਣ ਦੀ ਗੱਲ ਸਾਹਮਣੇ ਆਈ ਹੈ ਅਤੇ ਇਲਾਜ਼ ਲਈ ਤਰਲੇ ਕੱਢਣ ਦੌਰਾਨ ਹੀ ਮੌਤ ਹੋਈ। ਪਹਿਲਾਂ ਤੋਂ ਹੀ ਸਾਹ ਲੈਣ 'ਚ ਦਿੱਕਤ ਦੀ ਅਲਾਮਤ ਵਲ ਧਿਆਨ ਨਹੀਂ ਦਿੱਤਾ ਗਿਆ ਅਤੇ ਇਸ ਕੁਤਾਹੀ ਨਾਲ ਦੇਸ਼ ਸਤਿਕਾਰਤ ਸਖਸ਼ੀਅਤ ਤੋਂ ਵਾਂਝਾ ਹੋ ਗਿਆ। ਉਨ੍ਹਾਂ ਦੇ ਸੰਪਰਕ ਵਿਚ ਆਏ ਚਾਰ ਨਜ਼ਦੀਕੀ ਵੀ ਪਾਜ਼ਿਟਿਵ ਪਾਏ ਗਏ। ਉਨਾਂ ਦਾ ਸ਼ਹਿਰ ਦੀ ਥਾਂ ਵੇਰਕਾ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਸਸਕਾਰ ਕਰਨ ਦੀ ਪ੍ਰਸਾਸ਼ਨ ਦੀ ਉਕਾਈ ਕਾਰਨ ਵੀ ਸਰਕਾਰ ਨੂੰ ਨਿਮੋਸ਼ੀ ਝਲਣੀ ਪਈ। ਪਠਲਾਵਾ ਪਿੰਡ ਦੇ ਬਲਦੇਵ ਸਿੰਘ ਸਹੀ ਸਮੇਂ ਤੇ ਇਕਾਂਤਵਾਸ ਨਾ ਕਰਨ ਕਾਰਨ 28 ਵਿਅੱਕਤੀ ਪੀੜਤ ਪਾਏ ਗਏ। ਲੁਧਿਆਣਾ ਦੀ ਮਧੂ ਨਾਮ ਦੀ ਗਰੀਬ ਅੌਰਤ, ਜਿਸ ਦੀ ਮੌਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ 30 ਮਾਰਚ ਨੂੰ ਹੋਈ ਸੀ, ਦੇ ਮਾਮਲੇ ਵਿਚ ਪਰਵਾਰ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੌਰਤ 23 ਮਾਰਚ ਤੋਂ ਸਰਕਾਰੀ ਹਸਪਤਾਲਾ ਦੇ ਚੱਕਰ ਕਟਦੀ ਰਹੀ, ਸਾਹ, ਖਾਂਸੀ ਦੇ ਬਾਵਯੂਦ ਕੋਰੋਨਾ ਲਈ ਟੈਸਟ ਨਾਂ ਕੀਤਾ ਗਿਆ ਅਤੇ ਸਿਵਲ ਹਸਪਤਾਲ ਨੇ ਵੈਂਟੀਲੇਟਰ ਅਪਰੇਟਰ ਨਾ ਹੋਣਾ ਦਸਕੇ ਪਟਿਆਲਾ ਰੈਫਰ ਕਰ ਦਿੱਤਾ ਅਤੇ ਅੈਂਬੂਲੈਂਸ ਵੀ ਮੁਹੱਈਆ ਨਹੀਂ ਕਰਾਈ । ਬਾਅਦ ਵਿਚ ਉਸ ਦੀ ਰਿਪੋਰਟ ਕਰੋਨਾ ਪਾਜ਼ਿਟਿਵ ਆਈ ਅਤੇ ਦੇਰ ਰਾਤ ਉਸ ਦਾ ਸਸਕਾਰ ਕੀਤਾ ਗਿਆ। ਇਕ ਹੋਰ ਮਾਮਲਾ
ਮੋਗਾ ਜਿਲ੍ਹੇ ਦੇ ਸਠਿਆਲਾ ਪਿੰਡ ਦੀ ਇਕ ਗਰਭਵਤੀ ਅੌਰਤ ਨੂੰ ਜਣੇਪੇ ਸਮੇਂ ਆਈ ਦਿਲ ਕੰਬਾਊ ਘਟਨਾ ਦਾ ਹੈ। ਰਿਸ਼ਤੇਦਾਰ 3 ਅਪਰੈਲ ਦੀ ਰਾਤ ਨੂੰ ਡਲਿਵਰੀ ਲਈ ਧਰਮਕੋਟ ਲੈ ਕੇ ਗਏ,ਪਰ ਸਿਤਮ ਖੁਦਾ ਦਾ ਕਿਸੇ ਹਸਪਤਾਲ ਨੇ ਦਰਵਾਜਾ ਹੀ ਨਹੀਂ ਖੋਹਲਿਆ। ਰਾਤ ਦੇ ਭਿਆਨਕ ਹਨੇਰੇ ਵਿਚ ਮੋਬਾਇਲ ਫੋਨ ਦੀ ਰੌਸ਼ਨੀ ਦੇ ਸਹਾਰੇ ਸੜਕ ਤੇ ਹੀ ਦੋ ਪੁਲਿਸ ਮੁਲਾਜ਼ਮਾਂ ਦੀ ਮੱਦਦ ਨਾਲ ਡਲਿਵਰੀ ਕਰਾਈ ਗਈ , ਜੋ ਸਿਹਤ ਢਾਂਚੇ ਦੇ ਮੂੰਹ ਤੇ ਕਰਾਰੀ ਚਪੇੜ ਹੈ ਅਤੇ ਪ੍ਰਈਵੇਟ ਹਸਪਤਾਲ ਦੇ ਰਹੱਈਏ ਪ੍ਰਤੀ ਸਰਕਾਰ ਦੀਆਂ ਅੱਖਾਂ ਖੋਹਲਣ ਲਈ ਕਾਫੀ ਹੈ, ਪਰ ਸਰਕਾਰਾਂ ਕਦੇ ਜਾਗਦੀਆਂ ਨਹੀਂ । ਇਕ ਹੋਰ ਦਰਦਨਾਕ ਮਾਮਲਾ
ਆਸਟਰੇਲੀਆ ਤੋਂ ਮਾਤਾ ਨਾਲ 19 ਮਾਰਚ ਨੂੰ ਦਿੱਲੀ ਪੁੱਜੇ ਹੁਸ਼ਿਆਰਪੁਰ ਜਿਲੇ ਦੇ ਨੌਜਵਾਨ ਦੀ ਮੌਤ ਦਾ ਹੈ । ਏਅਰਪੋਰਟ ਤੋ ਸਿਰ ਦਰਦ ਦੀ ਸ਼ਕਾਇਤ ਤੇ ਨੌਜਵਾਨ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਦਾਖਿਲ ਕਰਕੇ ਕੁਅਰਨਟੀਨ ਕੀਤਾ ਅਤੇ ਮਾਤਾ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ। ਘਬਰਾਹਟ ਵਿਚ ਆਇਆ ਨੌਜਵਾਨ ਸੱਤਵੀਂ ਮੰਜ਼ਿਲ ਤੋ ਛਾਲ ਮਾਰ ਕੇ ਖੁਦਕੁਸ਼ੀ ਕਰ ਗਿਆ।ਇਸੇ ਤਰ੍ਹਾਂ ਗੁਰਦਾਸਪੁਰ ਜਿਲ੍ਹੇ ਦੇ ਸਠਿਆਲਾ ਪਿੰਡ 'ਚ ਕੋਰੋਨਾ ਦੇ ਭੈਅ ਕਾਰਨ ਪਤੀ ਪਤਨੀ ਨੇ ਆਤਮ ਹੱਤਿਆ ਕਰ ਲਈ ਅਤੇ ਸੁਸਾਈਡ ਨੋਟ ਵਿਚ ਕੋਰੋਨਾ ਦੇ ਡਰ ਨੂੰ ਕਾਰਨ ਦੱਸਿਅੈ।
ਵਿਸ਼ਵ ਵਿਚ ਸਥਿਤੀ ਹੋਰ ਖਰਾਬ:
ਇਸ ਸਮੇਂ ਵਿਸ਼ਵ ਵਿਚ ਕੋਰੋਨਾਵਾਇਰਸ ਦੀ ਭਿਆਨਕ ਮਾਰ ਦਾ ਪ੍ਰਕੋਪ ਜਾਰੀ ਹੈ। ਸਰਕਾਰਾਂ ਅਤੇ ਸਵੈ ਸੇਵੀ ਸੰਸਥਾਵਾਂ ਇਸ ਮਹਾਂਮਾਰੀ ਤੋਂ ਆਪਣੇ ਲੋਕਾਂ ਨੂੰ ਬਚਾਉਣ ਜੁਟੀਆਂ ਨੇ। ਦੁਨੀਆਂ ਵਿਚ ਮਰੀਜ਼ਾਂ ਦੀ ਗਿਣਤੀ 12 ਲੱਖ ਤੋਂ ਵੱਧ ਚੱਕੀ ਹੈ ਅਤੇ 70 ਹਜ਼ਾਰ ਤੋਂ ਵੱਧ ਮੌਤਾਂ ਹੋਈ ਨੇ। ਢਾਈ ਲੱਖ ਮਰੀਜ਼ ਠੀਕ ਵੀ ਹੋਏ ਨੇ। ਅਮਰੀਕਾ ਵਿਚ ਮਰੀਜਾਂ ਦੀ ਗਿਣਤੀ 3 ਲੱਖ ਪਾਰ ਪੁੱਜ ਚੁੱਕੀ ਹੈ ਅਤੇ ਨੌ ਹਜਾਰ ਤੋਂ ਵੱਧ ਮੌਤਾਂ ਹੋਈਆਂ ਨੇ। ਇਟਲੀ ਵਿਚ 126168 ਕੇਸ ਅਤੇ 12000 ਤੋਂ ਵੱਧ ਮੌਤਾਂ। ਸਪੇਨ ਵਿਚ ਮਰੀਜਾਂ ਦਾ ਅੰਕੜਾ ਸਵਾ ਲੱਖ ਪਾਰ ਅਤੇ 16000 ਤੋਂ ਵੱਧ ਮੌਤਾਂ ਹੋਈਆਂ ਨੇ। ਖਤਰਾ ਅਜੇ ਹੋਰ ਵੱਧ ਰਿਹੈ। ਪੂਰੀ ਦੁਨੀਆਂ ਵਿਚ ਕਾਰੋਵਾਰ ਰੁੱਕ ਚੁੱਕੇ ਨੇ। ਕੋਰੋਨਾ ਤੋਂ ਬਚਾ�" ਲਈ ਦਵਾਈ/ਵੈਕਸੀਨ ਦੀ ਖੋਜ ਵਿਚ ਵਿਸ਼ਵ ਦੇ ਵਿਗਿਆਨੀ ਦਿਨ ਰਾਤ ਲੱਗੇ ਹੋਏ ਨੇ, ਸਫਲਤਾ ਅਜੇ ਹਾਸਿਲ ਨਹੀਂ ਹੋ ਸਕੀ।
ਕੈਪਟਨ ਸਰਕਾਰ ਦੇ ਸਹੀ ਕਦਮ:
ਕੇਂਦਰ ਵਲੋਂ ਲੌਕ-ਡਾਊਨ ਅੈਲਾਲਣ ਤੋ ਪਹਿਲਾਂ ਹੀ ਮੁੱਖ ਮੰਤਰੀ ਨੇ ਪੰਜਾਬ ਵਿਚ ਕਰਫਿਊ ਲਗਾ ਕੇ ਲੋਕਾਂ ਨੂੰ ਘਰਾਂ ਵਿਚ ਸੀਮਿਤ ਕਰ ਦਿਤਾ ਅਤੇ ਲੋੜਵੰਦ ਲੋਕਾਂ ਲਈ ਰਾਸ਼ਣ ਅਤੇ ਹੋਰ ਸਮੱਗਰੀ ਪਹੁੰਚਾਉਣ ਲਈ ਸਰਕਾਰੀ ਤੰਤਰ ਨੂੰ ਸਖਤ ਆਦੇਸ਼ ਦੇ ਦਿੱਤੇ। ਸਿਹਤ ਅਤੇ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਲਈ 50-50 ਲੱਖ ਦਾ ਬੀਮਾ ਅਤੇ ਡਾਕਟਰਾਂ, ਨਰਸਾਂ ਅਤੇ ਦੂਜੇ ਤਕਨੀਕੀ ਸਟਾਫ ਲਈ ਲੋੜੀਂਦੀਆਂ ਮਿਆਰੀ ਸੁਰੱਖਿਆ ਕਿੱਟਾਂ, ਉਪਕਰਣ ਅਤੇ ਵੈਂਟੀਲੇਟਰ ਮੁਹੱਈਆ ਕਰਾਉਣ ਦਾ ਪ੍ਰਬੰਧ ਕਰਨ ਦੇ ਸਹੀ ਫੈਸਲੇ ਲਏ। ਪ੍ਰਸਾਸ਼ਨ ਨੇ ਵੀ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਪਹਿਲੀ ਵਾਰ ਅੈਨਾ ਲੰਮਾ ਕਰਫਿਉ ਲੱਗਣ ਨਾਲ ਕੁੱਝ ਅਰੰਭਕ ਆਈਆਂ, ਪਰ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੇ ਤੁਰੰਤ ਹੱਲ ਕੱਢ ਕੇ ਜਰੂਰੀ ਚੀਜ਼ਾਂ ਦੀ ਵੰਡ ਪ੍ਰਣਾਲੀ ਚੁਸਤ ਦਰੁਸਤ ਕਰ ਦਿਤੀ। ਇਸ ਮਾਰੂ ਬੀਮਾਰੀ ਤੋਂ ਬਚਾ�" ਸਿਰਫ ਸਮਾਜਿਕ ਦੂਰੀ ਅਤੇ ਸੈਨੇਟਾਈਜ਼ੇਸ਼ਨ ਰਾਹੀਂ ਹੀ ਕੀਤਾ ਜਾ ਸਕਦੈ, ਇਸ ਲਈ ਸਭ ਨੂੰ ਆਪਣੇ ਘਰਾਂ ਅੰਦਰ ਰਹਿ ਕੇ ਹੀ ਸਰਕਾਰ ਦਾ ਸਹਿਯੋਗ ਕਰਨਾ ਚਾਹੀਦੈ।
