ਗੁਰਮਤਿ ਸਮਾਗਮ.
ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
ਖੰਨਾ, 24 ਜੂਨ (ਮਨਜੀਤ ਸਿੰਘ ਧੀਮਾਨ ) - ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਕ੍ਰਿਸ਼ਨਾ ਨਗਰ ਖੰਨਾ ਵਿਖੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ’ਚ ਵਿਸ਼ੇਸ਼ ਤੌਰ ’ਤੇ ਭਾਈ ਹਰਪ੍ਰੀਤ ਸਿੰਘ ਹੈੱਡ ਗ੍ਰੰਥੀ ਨੇ ਕਥਾ ਦੀ ਹਾਜ਼ਰੀ ਭਰੀ। ਉਨ੍ਹਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦੇ ਜੀਵਨ ’ਤੇ ਚਾਨਣਾ ਪਾਇਆ ਤੇ ਸੰਗਤਾਂ ਨੂੰ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਸਾਰੀ ਕਰਵਾਈ, ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਜੋ ਕਿ ਸੰਤ-ਸਿਪਾਹੀ, ਭਗਤੀ ਅਤੇ ਸ਼ਕਤੀ, ਧਰਮ ਅਤੇ ਰਾਜਨੀਤੀ ਦਾ ਪ੍ਰਤੀਕ ਹਨ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ’ਚ ਕੈਦ ਕੀਤਾ ਗਿਆ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਉਥੋਂ ਰਿਹਾਅ ਹੋਏ ਸਨ ਤਾਂ ਉਨ੍ਹਾਂ ਨੇ 52 ਕੈਦੀ ਰਾਜਿਆਂ ਨੂੰ ਵੀ ਉਸ ਕਿਲੇ ’ਚੋਂ ਰਿਹਾਅ ਕਰਵਾਇਆ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੌਜਵਾਨਾਂ ਨੂੰ ਸ਼ਸਤਰ ਵਿੱਦਿਆ ਸਿੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਪਣੇ ਜੀਵਨ ’ਚ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਜੰਗਾਂ ’ਚ ਜਿੱਤ ਪ੍ਰਾਪਤ ਕੀਤੀ। ਸੰਗਤਾਂ ਨੂੰ ਦੱਸਿਆ ਕਿ ਗੁਰੂ ਸਾਹਿਬਾਨ ਜੀ ਦੇ ਦੱਸੇ ਹੋਏ ਮਾਰਗ ’ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਬਣਾ ਸਕਦੇ ਹਾਂ।
ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਸਪਾਲ ਸਿੰਘ ਕੰਗ ਨੇ ਕਿਹਾ ਕਿ ਅਜਿਹੇ ਗੁਰਮਤਿ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਇਹ ਹੈ ਕਿ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਉਹ ਗੁਰ ਇਤਿਹਾਸ ਅਤੇ ਗੁਰਬਾਣੀ ਨੂੰ ਸੁਣ ਕੇ ਉਸ ਅਨੁਸਾਰ ਆਪਣਾ ਜੀਵਨ ਬਣਾਉਣ ਅਤੇ ਨਸ਼ਿਆਂ ਦੀ ਦਲਦਲ ’ਚੋਂ ਨਿਕਲ ਸਕਣ ਅਤੇ ਆਪਣੇ ਜੀਵਨ ਨੂੰ ਗੁਰੂ ਦੇ ਲੇਖੇ ਲਾਉਣ। ਇਸ ਮੌਕੇ ਮਲਕੀਤ ਸਿੰਘ ਐੱਸ.ਡੀ.ਓ. ਮੀਤ ਮੁੱਖ ਸੇਵਾਦਾਰ, ਹਰਪ੍ਰੀਤ ਸਿੰਘ ਹੈੱਡ ਗ੍ਰੰਥੀ, ਸਾਹਿਲਪ੍ਰੀਤ ਸਿੰਘ ਮੀਤ ਗ੍ਰੰਥੀ, ਬੇਅੰਤ ਸਿੰਘ ਹਜੂਰੀ ਰਾਗੀ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਸਿਕੰਦਰ ਸਿੰਘ ਖਜ਼ਾਨਚੀ, ਹਰਮਹਿੰਦਰਜੀਤ ਸਿੰਘ ਮੀਤ ਸਕੱਤਰ, ਸੋਹਣ ਸਿੰਘ ਖਜਾਨਚੀ, ਰਜਿੰਦਰਵੀਰ ਸਿੰਘ, ਜਸਵੀਰ ਸਿੰਘ, ਭਜਨ ਸਿੰਘ, ਦਰਸ਼ਨ ਸਿੰਘ ਢਿੱਲੋਂ, ਹਰਭਜਨ ਸਿੰਘ ਐੱਸ.ਡੀ.ਓ., ਮਾ. ਕ੍ਰਿਪਾਲ ਸਿੰਘ, ਬਲਬੀਰ ਸਿੰਘ, ਪਰਮਜੀਤ ਸਿੰਘ ਪੰਮਾ, ਮਨਜੀਤ ਸਿੰਘ ਮਿੰਟੂ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਸੇਵਾਦਾਰ ਕਰਮਜੀਤ ਸਿੰਘ, ਰਣਧੀਰ ਸਿੰਘ, ਹਰਦਿਆਲ ਸਿੰਘ, ਇੰਦਰਜੀਤ ਸਿੰਘ, ਸਿਮਰਨ ਸਿੰਘ, ਅੰਮ੍ਰਿਤ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
