ਅੱਲ੍ਹੜ ਉਮਰ ਦੇ ਤਿਕੜੀ ਗਿਰੋਹ ਨੇ ਕੀਤਾ ਸੀ ਡਾਕਟਰ ਦੇ ਕਲੀਨਿਕ ਤੇ ਪੈਟ੍ਰੋਲ ਬੰਬ ਧਮਾਕਾ .


ਬਠਿੰਡਾ ਪੁਲਿਸ ਵੱਲੋਂ ਦੋ ਮੁਲਜਮ ਕਾਬੂ- 1 ਫਰਾਰ

ਬਠਿੰਡਾ, 25 ਜੂਨ  ਬਠਿੰਡਾ ਪੁਲਿਸ ਨੇ ਮੇਲਾ ਰਾਮ ਰੋਡ ’ਤੇ ਆਰ.ਐਸ.ਐਸ. ਦਫ਼ਤਰ ਦੇ ਸਾਹਮਣੇ ਭਾਜਪਾ ਆਗੂ ਡਾਕਟਰ ਤਰਸੇਮ ਗਰਗ ਦੇ ਕਲੀਨਿਕ ’ਤੇ ਪੈਟਰੋਲ ਬੰਬ ਹਮਲਾ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਅੱਲ੍ਹੜ ਉਮਰ ਦੋ ਮੁੰਡੇ ਗ੍ਰਿਫਤਾਰ ਕੀਤੇ ਹਨ ਜਿੰਨ੍ਹਾਂ ਨੂੰ ਕਾਬੂ ਕਰਨ ’ਚ ਸੀਆਈਏ ਸਟਾਫ ਅਤੇ ਕਾਊਂਟਰ ਇੰਟੈਲੀਜੈਂਸ ਦੀ ਪ੍ਰਮੁੱਖ ਭੂਮਿਕਾ ਰਹੀ ਹੈ। ਮੁਲਜਮਾਂ ਦੀ ਪਛਾਣ ਨਾਖੁਲ ਕੁਮਾਰ ਰਾਜਪੂਤ ਪੁੱਤਰ ਦੇਵੀ ਲਾਲ ਅਤੇ ਗੁਰਵਿੰਦਰ ਸਿੰਘ ਉਰਫ ਉੱਲੀ ਵਾਸੀਅਨ ਖੂਈਆਂ ਸਰਵਰ ਜਿਲ੍ਹਾ ਫਾਜਿਲਕਾ ਵਜੋਂ ਹੋਈ ਹੈ। ਮੁਲਜਮਾਂ ਦੀ ਉਮਰ 19-20 ਸਾਲ ਹੈ ਜਦੋਂਕਿ ਤੀਸਰਾ ਮੁਲਜਮ ਫਿਲਹਾਲ ਫਰਾਰ ਹੈ। ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵੱਲੋਂ ਜਾਂਚ ਸ਼ੁਰੂ ਕਰਨ ਦੇ ਇੱਕ ਦਿਨ ਬਾਅਦ ਮਿਲੀ ਇਸ ਸਫਲਤਾ ਸਬੰਧੀ ਖੁਲਾਸਾ ਅੱਜ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ , ਐਸਐਸਪੀ ਜੋਤੀ ਯਾਦਵ, ਏਆਈਜੀ ਕਾਊਂਟਰ ਇੰਟੈਲੀਜੈਂਸੀ ਅਵਨੀਤ ਕੌਰ ਸਿੱਧੂ ਅਤੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਕੋਲ ਕੀਤਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਬਠਿੰਡਾ ਲਿਆ ਰਹੀ ਸੀ ਤਾਂ ਰਸਤੇ ’ਚ ਪਿਸ਼ਾਬ ਕਰਨ ਦਾ ਬਹਾਨਾ ਬਣਾਕੇ ਉਨ੍ਹਾਂ ਨੇ ਪੁਲਿਸ ਦੀ ਗੱਡੀ ਰੁਕਵਾ ਲਈ ਅਤੇ ਫਰਾਰ ਹੋਣ ਦੀ ਕੋਸ਼ਿਸ਼ ’ਚ ਬਠਿੰਡਾ- ਮੁਕਤਸਰ ਸੜਕ ’ਤੇ ਫਲਾਈਓਵਰ ਤੋਂ ਛਾਲਾਂ ਮਾਰ ਦਿੱਤੀਆਂ ਤਾਂ ਮੁਸਤੈਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। । ਇਸ ਦੌਰਾਨ ਗੁਰਵਿੰਦਰ ਸਿੰਘ ਦੀ ਲੱਤ ਅਤੇ ਨਾਖੁਲ ਰਾਜਪੂਤ ਦੀ ਬਾਂਹ ਟੁੱਟ ਗਈ ਸੀ ਜਿਸ ਕਰਕੇ ਮੁਲਜਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮੁਲਜਮਾਂ ਨੇ ਥੋਹੜੇ ਜਿਹੇ ਪੈਸਿਆਂ ਖਾਤਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਰ ਪੈਸੇ ਕਿੰਨੇ ਸਨ ਇਸ ਬਾਰੇ ਜਾਣਕਾਰੀ ਸੰਦੀਪ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਨੂੰ ਕਾਬੂ ਕਰਨ ਲਈ ਪੁਲਿਸ ਪਾਰਟੀਆਂ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੰਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਖੁਲਾਸਾ ਹੋ ਸਕੇਗਾ ਕਿ ਪੈਟਰੋਲ ਬੰਬ ਧਮਾਕਾ ਕਰਨ ਪਿੱਛੇ ਆਖਿਰ ਮਕਸਦ ਕੀ ਸੀ। ਉਨ੍ਹਾਂ ਦੱਸਿਆ ਕਿ ਧਮਾਕਾ ਕਰਨ ਤੋਂ ਕੁੱਝ ਸਮਾਂ ਬਾਅਦ ਡਾ ਤਰਸੇਮ ਗਰਗ ਦੀ ਪਤਨੀ ਡਾ ਰਜਨੀ ਜਿੰਦਲ ਨੂੰ ਸ਼ਹਿਰਜਾਦ ਭੱਟੀ ਨਾਂ ਦੇ ਵਿਅਕਤੀ ਦਾ ਫੋਨ ਆਇਆ ਸੀ ਜਿਸ ਕਰਕੇ ਉਸ ਨੂੰ ਵੀ ਕੇਸ ’ਚ ਨਾਮਜਦ ਕੀਤਾ ਗਿਆ ਹੈ। ਮੁਢਲੀ ਪੁੱਛਗਿਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮਾਂ ਨੂੰ ਧਮਾਕਾ ਕਰਨ ਲਈ 3-3 ਹਜ਼ਾਰ ਰੁਪਏ ਦਿੱਤੇ ਜਾਣੇ ਸਨ। ਉਨ੍ਹਾਂ ਦੱਸਿਆ ਕਿ ਮੁਲਜਮ ਪੈਟਰੋਲ ਬੰਬ ਵਾਲੀ ਬੋਤਲ ਆਪਣੇ ਨਾਲ ਲਿਆਏ ਸਨ । ਵਾਰਦਾਤ ਤੋਂ ਬਾਅਦ ਉਹ ਇੱਕ ਆਟੋ ਰਿਕਸ਼ਾ ’ਤੇ ਸਵਾਰ ਹੋਕੇ ਫਰਾਰ ਹੋਏ ਸਨ ਜਿੱਥੋਂ ਸੂਹ ਮਿਲਣ ਕਾਰਨ ਇੰਨ੍ਹਾਂ ਕਾਬੂ ਕਰਨ ’ਚ ਮਹੱਤਵਪੂਰਨ ਸਫਲਤਾ ਮਿਲੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪ੍ਰੀਵਾਰ ਨੂੰ ਪਹਿਲਾਂ ਵੀ ਫਿਰੌਤੀ ਲਈ ਕੋਈ ਫੋਨ ਵਗੈਰਾ ਨਹੀਂ ਆਇਆ ਹੈ। ਗੌਰਤਲਬ ਹੈ ਕਿ ਡਾਕਟਰ ਤਰਸੇਮ ਗਰਗ ਸਿਵਲ ਡਿਫੈਂਸ ਕੋਰ, ਬਠਿੰਡਾ ਦੇ ਚੀਫ਼ ਵਾਰਡਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਨੇਤਾ ਹਨ। ਉਹ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਸੂਬਾ ਸਕੱਤਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੀ ਪਤਨੀ ਡਾ. ਰਜਨੀ ਜਿੰਦਲ, ਜਿਨ੍ਹਾਂ ਨੇ ਹਾਲ ਹੀ ਵਿੱਚ ਭਾਜਪਾ ਉਮੀਦਵਾਰ ਵਜੋਂ ਨਗਰ ਨਿਗਮ ਚੋਣਾਂ ਲੜੀਆਂ ਸਨ ਜਿੰਨ੍ਹਾਂ ਦਾਅਵਾ ਕੀਤਾ ਕਿ ਧਮਾਕੇ ਦੇ ਲਗਪਗ ਦੋ ਘੰਟੇ ਬਾਅਦ ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ। ਕਾਲਰ ਨੇ ਕਥਿਤ ਤੌਰ ’ਤੇ ਆਪਣੀ ਪਛਾਣ ਪਾਕਿਸਤਾਨ ਸਥਿਤ ਅਤਿਵਾਦੀ ਸ਼ਹਿਜ਼ਾਦ ਭੱਟੀ ਵਜੋਂ ਦੱਸੀ। ਰਜਨੀ ਨੇ ਕਿਹਾ, ‘ਕਾਲਰ ਨੇ ਬਾਅਦ ਵਿੱਚ ਦੋ ਮੈਸੇਜ ਵੀ ਭੇਜੇ ਸਨ। ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ ਸੀ। ਉਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਿਰ ਵਿੱਚ ਰਾਤ ਨੂੰ ਰੁਕੇ ਹੋਏ ਸਨ, ਜੋ ਕਿ ਘਟਨਾ ਸਥਾਨ ਤੋਂ ਇੱਕ ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਸਨ। ਕੋਈ ਅਪਰਾਧਿਕ ਰਿਕਾਰਡ ਨਹੀਂ ਪੁਲਿਸ ਅਨੁਸਾਰ ਮੁਲਜਮ ਨਾਖੁਲ ਕੁਮਾਰ ਸੋਲਰ ਕੰਪਨੀ ਵਿੱਚ ਦਿਹਾੜੀ ਕਰਦਾ ਹੈ ਜਦੋਂਕਿ ਗੁਰਵਿੰਦਰ ਸਿੰਘ ਮਜਦੂਰ ਅਤੇ ਸੰਦੀਪ ਬੇਰੁਜ਼ਗਾਰ ਹੈ। ਡੀਆਈਜੀ ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਜਾਂਚ ਦਾ ਵਿਸ਼ਾ ਹੈ ਕਿ ਦੋਵੇਂ ਮੁਲਜਮ ਫਰਾਰ ਸੰਦੀਪ ਦੇ ਸੰਪਰਕ ’ਚ ਕਿਸ ਤਰਾਂ ਆਏ ਪਰ ਅਕਸਰ ਨੌਜਵਾਨ ਸੋਸ਼ਲ ਮੀਡੀਆ ਦੀ ਚਕਾਚੌਂਧ ਰਾਹੀਂ ਭਟਕ ਕੇ ਜੁਰਮ ਦਾ ਰਸਤਾ ਅਖਤਿਆਰ ਕਰਕੇ ਆਪਣੇ ਭਵਿੱਖ ਤਬਾਹ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏਗੀ ਜਿਸ ਦੌਰਾਨ ਪੁਲਿਸ ਨੂੰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।