ਯੁੱਧ ਨਸ਼ਿਆਂ ਵਿਰੁੱਧ: ਜ਼ਿਲ੍ਹਾ ਪੱਧਰੀ ਸਮਾਗਮ .
*ਨਸ਼ਾ ਤਸਕਰਾਂ ਖ਼ਿਲਾਫ਼ ਜ਼ੀਰੋ ਟੌਲਰੈਂਸ ਨੀਤੀ ਜਾਰੀ, ਕਿਸੇ ਨੂੰ ਨਹੀਂ ਬਖ਼ਸ਼ਿਆ ਜਾਵੇਗਾ: ਕੈਬਨਿਟ ਮੰਤਰੀ ਮੁੰਡੀਆਂ*
*ਨਸ਼ਾ ਸਿਰਫ਼ ਵਿਅਕਤੀ ਨੂੰ ਨਹੀਂ, ਪੂਰੇ ਪਰਿਵਾਰ ਅਤੇ ਸਮਾਜ ਨੂੰ ਕਰਦਾ ਹੈ ਪ੍ਰਭਾਵਿਤ:
*“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਹੋਰ ਤਾਕਤ ਦੇਣ ਲਈ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਆਯੋਜਿਤ*
ਖੰਨਾ /ਲੁਧਿਆਣਾ, 25 ਜੂਨ : (ਮਨਜੀਤ ਸਿੰਘ ਧੀਮਾਨ)--= ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਵੀਰਵਾਰ ਨੂੰ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਦੇ ਆਡੀਟੋਰੀਅਮ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ/ਸਮਾਗਮ ਆਯੋਜਿਤ ਕੀਤਾ ਗਿਆ। ਇਸ ਜ਼ਿਲ੍ਹਾ ਪੱਧਰੀ ਮੀਟਿੰਗ/ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ, ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤੀ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜ਼ਿਲ੍ਹਾ ਪੱਧਰੀ ਮੀਟਿੰਗ/ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦਿਆਂ ਨਸ਼ਿਆਂ ਦੇ ਕਾਰੋਬਾਰ ਨਾਲ ਬਣਾਈਆਂ ਗਈਆਂ ਗੈਰ-ਕਾਨੂੰਨੀ ਜਾਇਦਾਦਾਂ ਖ਼ਿਲਾਫ਼ ਵੀ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਗਈ ਹੈ ਅਤੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾ ਰਿਹਾ l ਕੈਬਨਿਟ ਮੰਤਰੀ ਨੇ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਨੂੰ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਜ਼ਿਲ੍ਹਾ, ਹਲਕਾ ਅਤੇ ਬਲਾਕ ਕੋਆਰਡੀਨੇਟਰ, ਪਿੰਡਾਂ ਅਤੇ ਸ਼ਹਿਰਾਂ ਦੇ ਚੁਣੇ ਹੋਏ ਨੁਮਾਇੰਦੇ, ਨੌਜਵਾਨ, ਸਮਾਜਿਕ ਸੰਸਥਾਵਾਂ ਅਤੇ ਵਿਲੇਜ ਤੇ ਵਾਰਡ ਡਿਫੈਂਸ ਕਮੇਟੀਆਂ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਨਸ਼ਿਆਂ ਵਿਰੁੱਧ ਜਨ-ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਨ। ਉਨ੍ਹਾਂ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਖੇਡਾਂ, ਸਿੱਖਿਆ, ਰੋਜ਼ਗਾਰ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਖੇਤਰ ਵਿੱਚ ਨਸ਼ਿਆਂ ਦੀ ਵਿਕਰੀ ਜਾਂ ਤਸਕਰੀ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਨਾਲ ਸਾਂਝਾ ਕੀਤਾ ਜਾਵੇ ਤਾਂ ਜੋ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਨਸ਼ਾ ਪੀੜਤ ਵਿਅਕਤੀਆਂ ਨੂੰ ਸਮਾਜ ਤੋਂ ਦੂਰ ਕਰਨ ਦੀ ਬਜਾਏ ਉਨ੍ਹਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਸਹਿਯੋਗ ਦੇਣਾ ਸਮੇਂ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਰਾਹੀਂ ਪ੍ਰਭਾਵਿਤ ਵਿਅਕਤੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਸਿਰਫ਼ ਸਰਕਾਰ ਦੇ ਯਤਨਾਂ ਨਾਲ ਸੰਭਵ ਨਹੀਂ, ਸਗੋਂ ਇਸ ਲਈ ਸਮਾਜ ਦੇ ਹਰ ਵਰਗ ਦੇ ਸਰਗਰਮ ਸਹਿਯੋਗ ਦੀ ਲੋੜ ਹੈ। ਹਰ ਨਾਗਰਿਕ ਨੂੰ ਇਸ ਸਮਾਜਿਕ ਜੰਗ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਇਆ ਜਾ ਸਕੇ। ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਹੈ ਕਿ “ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਲਈ ਸ਼ੁਰੂ ਕੀਤੇ ਗਏ “ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ , ਜਿਸਨੂੰ ਹੋਰ ਅਸਰਦਾਰ ਢੰਗ ਨਾਲ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਯਤਨ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਸਪਲਾਈ ਤੋੜਨ ਦੇ ਨਾਲ-ਨਾਲ ਨਸ਼ਾ ਤਸਕਰਾਂ ਵੱਲੋਂ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਪੀੜਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਵਡੇਰੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਉਹ ਵੀ ਆਮ ਵਾਂਗ ਜੀਵਨ ਬਤੀਤ ਕਰ ਸਕਣ। ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਪੁਲਿਸ ਜ਼ਿਲ੍ਹਾ ਖੰਨਾ ਦੀਆਂ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਲਗਾਤਾਰ ਕੀਤੀਆਂ ਗਈਆ ਉਪਲੱਬਧੀਆਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਇੱਕ ਰਿਪੋਰਟ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਵੀ ਸੌਂਪੀ। ਉਹਨਾਂ ਦੱਸਿਆ ਕਿ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਖੰਨਾ ਪੁਲਿਸ ਨੂੰ ਪੋਰਟਲ ਸੇਫ ਪੰਜਾਬ 'ਤੇ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਵੱਲੋਂ ਕੀਤੀਆਂ ਗਈਆਂ ਰਿਪੋਰਟਾਂ ਦੇ ਆਧਾਰ 'ਤੇ ਨਸ਼ਾ ਤਸਕਰਾਂ ਖਿਲਾਫ ਪੰਜਾਬ ਵਿੱਚ ਸਭ ਤੋਂ ਵੱਧ ਕਾਰਵਾਈਆ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਕੀਤੀ ਗਈਆਂ ਹਨ ਜਿਸ ਤਹਿਤ ਨਸ਼ਾ ਤਸਕਰਾਂ ਖਿਲਾਫ 230 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਕੀਤੀਆਂ ਕਾਰਵਾਈਆਂ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਨੂੰ ਪੂਰੇ ਪੰਜਾਬ ਵਿੱਚੋਂ ਨੰਬਰ ਇੱਕ 'ਤੇ ਆਇਆ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਦੇ ਕਾਰੋਬਾਰ ਦਾ ਲੱਕ ਤੋੜਨ ਲਈ ਨਿਰੰਤਰ ਪੁਲਿਸ ਜ਼ਿਲ੍ਹਾ ਖੰਨਾ ਕੰਮ ਕਰ ਰਹੀ ਹੈ। ਪਿਛਲੇ ਸਮੇਂ ਵਿੱਚ ਹੀ ਨਸ਼ੇ ਦੇ ਵੱਡੇ ਸੌਦਾਗਰ ਗੁਰਦੀਪ ਰਾਣੋ ਦੀ ਕੋਠੀ ਉੱਤੇ ਗਲਾਡਾ ਦੀ ਸਹਾਇਤਾ ਨਾਲ ਪੀਲਾ ਪੰਜਾ ਚਲਾ ਕੇ ਉਸ ਦੀ ਕੋਠੀ ਨੂੰ ਢਾਹਿਆ ਗਿਆ ਹੈ।ਇਸ ਤਰ੍ਹਾਂ ਪੰਜਾਬ ਸਰਕਾਰ ਦਾ ਸਪੱਸ਼ਟ ਸੁਨੇਹਾ ਹੈ ਕਿ ਸਰਕਾਰ ਨਸ਼ਿਆਂ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਅਪਣਾ ਰਹੀ ਹੈ। ਉਹਨਾਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਨਸ਼ਿਆਂ ਦੇ ਅੱਡਿਆਂ ਉੱਤੇ ਵੀ ਪੀਲਾ ਪੰਜਾਂ ਚਲਾ ਕੇ ਢਾਹਿਆ ਜਾ ਰਿਹਾ ਹੈ ਜਿਸ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਨੇ ਹੁਣ ਤੱਕ 24 ਨਸ਼ਿਆਂ ਦੇ ਅੱਡਿਆਂ ਉੱਤੇ ਪੀਲਾ ਪੰਜਾ ਚਲਾ ਕੇ ਉਨ੍ਹਾਂ ਨੂੰ ਖਤਮ ਕੀਤਾ ਹੈ। ਐਸ.ਐਸ.ਪੀ (ਲੁਧਿਆਣਾ ਦਿਹਾਤੀ) ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਇਹ ਮਹਿਜ਼ ਇੱਕ ਮੀਟਿੰਗ/ਸਮਾਗਮ ਨਹੀਂ ਬਲਕਿ ਸਮਾਜ ਵਿੱਚੋ ਨਸ਼ਿਆਂ ਦੇ ਖਾਤਮੇ ਲਈ ਇਕ ਅੰਦੋਲਨ ਹੈ ਜਿਸ ਵਿੱਚ ਹਰ ਵਰਗ ਨੂੰ ਸ਼ਾਮਿਲ ਕਰਨ ਦਾ ਮੁੱਖ ਮਕਸਦ ਇਸ ਸਮਾਜਿਕ ਬੁਰਾਈ ਦਾ ਰਲ ਮਿਲ ਕੇ ਖਾਤਮਾ ਕਰਨਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਆਪਣੇ ਨਿੱਜੀ ਸਵਾਰਥਾਂ ਲਈ ਭੋਲੇ-ਭਾਲੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ ਮਿਸਾਲੀ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ੇ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਬਾਰੇ ਤੁਸੀਂ ਇਤਲਾਹ ਪੁਲਿਸ ਨੂੰ ਜਰੂਰ ਦਿਓ ਪੁਲਿਸ ਵੱਲੋਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮਨਜੀਤ ਸਿੰਘ ਚੀਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਵਿਖੇ ਪੀੜਤਾਂ ਦੇ ਇਲਾਜ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਚਾਇਤਾਂ, ਕੌਂਸਲਰਾਂ ਨੂੰ ਇਸ ਮੁਹਿੰਮ ਵਿੱਚ ਭਾਗੀਦਾਰੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਮੁਕਤ ਸਮਾਜ ਲਈ ਹੋਰ ਅਸਰਦਾਰ ਢੰਗ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨਾਲ ਜਰੂਰ ਸਾਂਝੀ ਕਰਨ ਅਤੇ ਸੇਫ ਪੰਜਾਬ ਵਟਸਐਪ ਨੰਬਰ 9779100200 'ਤੇ ਵੀ ਦੇ ਸਕਦੇ ਹਨ। ਸਮਾਗਮ ਦੌਰਾਨ ਜ਼ਿਲ੍ਹਾ, ਹਲਕਾ ਅਤੇ ਬਲਾਕ ਕੋਆਰਡੀਨੇਟਰਾਂ ਅਤੇ ਹਾਜ਼ਰੀਨ ਵੱਲੋਂ ਆਪਣੇ-ਆਪਣੇ ਖੇਤਰਾਂ ਵਿੱਚ ਨਸ਼ਿਆਂ ਵਿਰੁੱਧ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸੁਝਾਅ ਵੀ ਦਿੱਤੇ ਗਏ।ਇਸ ਮੀਟਿੰਗ/ਸਮਾਗਮ ਡੀ.ਸੀ.ਪੀ ਲੁਧਿਆਣਾ ਹਰਪਾਲ ਸਿੰਘ, ਉਪ ਮੰਡਲ ਮਜਿਸਟਰੇਟ (ਲੁਧਿਆਣਾ ਪੱਛਮੀ) ਕੁਲਦੀਪ ਬਾਵਾ, ਨੈਸ਼ਨਲ ਅਵਾਰਡੀ ਮਾਸਟਰ ਕਰਮਜੀਤ ਸਿੰਘ ਗਰੇਵਾਲ, ਯੁੱਧ ਨਸ਼ਿਆਂ ਵਿਰੁੱਧ ਦੇ ਜੋਨ ਇੰਚਾਰਜ ਮਾਲਵਾ ਸੈਂਟਰਲ ਮਨਜੀਤ ਸਿੰਘ ਰਾਏਕੋਟ, ਜ਼ਿਲ੍ਹਾ ਕੋਆਰਡੀਨੇਟਰ ਜਸਪ੍ਰੀਤ ਸਿੰਘ ਮਾਂਗਟ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ, ਜ਼ਿਲ੍ਹਾ, ਹਲਕਾ ਅਤੇ ਬਲਾਕ ਕੋਆਰਡੀਨੇਟਰਾਂ, ਪਿੰਡਾਂ ਦੇ ਸਰਪੰਚਾਂ, ਪੰਚਾਂ, ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਨੂੰ ਕਮੇਟੀਆਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
