ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਕਨਵੋਕੇਸ਼ਨ .

ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ

 ਲੁਧਿਆਣਾ: ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰ ਗੰਜ, ਲੁਧਿਆਣਾ ਵਿੱਚ ਕਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ  ਪ੍ਰੀਖਿਆਵਾਂ  ਪਾਸ ਕਰ ਚੁੱਕੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਯੋਜਿਤ  ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਰੋਲ ਆਫ਼ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ।  ਵੱਖ-ਵੱਖ ਗਤੀਵਿਧੀਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਇਨਾਮ  ਵੰਡੇ ਗਏ।ਇਸ ਮੌਕੇ 'ਤੇ ਡਾ. ਦਵਿੰਦਰ ਸਿੰਘ, ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ ਮੁੱਖ ਮਹਿਮਾਨ ਵਜੋਂ ਅਤੇ  ਡਾ. ਨੀਲਮ ਕੌਰ, ਵਾਈਸ ਚਾਂਸਲਰ ਈਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਪਹੁੰਚੇ।ਸ਼੍ਰੀਮਤੀ ਰਿਤੂ ਸਿੰਗਲ (ਲੇਖਿਕਾ ਅਤੇ ਐਮ.ਡੀ. ਨਿਪਪੋਨ ਲੈਦਰਰੀਟ ਪ੍ਰਾਈਵੇਟ ਲਿਮਿਟੇਡ) ਅਤੇ ਸ਼੍ਰੀਮਤੀ ਸੰਦੀਪ ਰਿਆਤ (ਐਮ.ਡੀ. ਅਕਾਲ ਸਪ੍ਰਿੰਗ ਲਿਮਟਿਡ) ਵਿਸ਼ੇਸ਼ ਤੌਰ 'ਤੇ  ਹਾਜ਼ਰ ਹੋਏ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ, ਸਕੱਤਰ ਸ. ਗੁਰਚਰਨ ਸਿੰਘ ਲੋਟੇ ਅਤੇ ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਡਾ. ਸਤੀਸ਼ ਸ਼ਰਮਾ ,ਡਾ ਬਲਬੀਰ ਸ਼ਾਹ, ਸ. ਅਮਰਜੀਤ ਸਿੰਘ ਟਿੱਕਾ ਵੀ ਸਮਾਗਮ ਵਿੱਚ ਪਹੁੰਚੇ।
ਸਮਾਰੋਹ ਦਾ ਆਗਾਜ਼ ਐਮ.ਏ. ਸੰਗੀਤ-ਗਾਇਨ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ “ਦੇਹਿ ਸ਼ਿਵਾ ਬਰ ਮੋਹਿ ਇਹੈ” ਸ਼ਬਦ ਦੇ ਗਾਇਨ ਨਾਲ ਕੀਤਾ। ਸਤਿਕਾਰਤ ਮਹਿਮਾਨਾਂ ਵੱਲੋਂ ਸ਼ਮ੍ਹਾ ਰੌਸ਼ਨ ਕੀਤੀ ਗਈ ਇਸ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪੱਧਰ ਦੀਆਂ ਲਗਭਗ 400 ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਮੁੱਖ ਮਹਿਮਾਨ ਨੇ ਡਿਗਰੀਆਂ ਅਤੇ ਇਨਾਮ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ, “ਉਨ੍ਹਾਂ ਨੇ ਜੋ ਗਿਆਨ ਇਸ ਕਾਲਜ ਤੋਂ ਹਾਸਲ ਕੀਤਾ ਹੈ, ਉਸ ਨੂੰ ਆਪਣੇ ਦੇਸ਼ ਅਤੇ ਮਨੁੱਖਤਾ ਦੀ ਭਲਾਈ ਲਈ ਵਰਤਣ, ਇਹੀ ਉਨ੍ਹਾਂ ਦੀ ਅਸਲ ਪ੍ਰਾਪਤੀ ਹੈ।”
ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਕਾਲਜ ਦੀਆਂ ਵਰਨਣਯੋਗ ਪ੍ਰਾਪਤੀਆਂ 'ਤੇ ਚਾਨਣਾ ਪਾਉਂਦਿਆਂ ਕਿਹਾ, “ਕਾਲਜ ਨੇ ਸਦਾ ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਸਿੱਖਿਆ 'ਤੇ ਜ਼ੋਰ ਦਿੱਤਾ ਹੈ, ਜਿਸ ਦੇ ਨਾਲ ਅਕਾਦਮਿਕ ਬੁਲੰਦੀਆਂ ਵੀ ਜੁੜੀਆਂ ਹੋਈਆਂ ਹਨ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਹੋਣਹਾਰ ਵਿਦਿਆਰਥਣਾਂ ਆਉਣ ਵਾਲੇ ਜੀਵਨ ਵਿੱਚ ਵੀ ਇਸੇ ਤਰ੍ਹਾਂ ਸਫਲਤਾਵਾਂ ਹਾਸਲ ਕਰਦੀਆਂ ਰਹਿਣਗੀਆਂ।”
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਨੇ ਵਿਦਿਆਰਥਣਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਵਿਦਿਆਰਥਣਾਂ ਨੇ ਆਪਣੀ ਸਖ਼ਤ ਮਿਹਨਤ, ਦ੍ਰਿੜ ਲਗਨ ਅਤੇ ਜਨੂਨ ਨਾਲ ਜ਼ਿੰਦਗੀ ਦੇ ਇਨ੍ਹਾਂ ਉੱਚੇ ਸ਼ਿਖਰਾਂ ਨੂੰ ਛੂਹਿਆ ਹੈ ਅਤੇ ਕਾਲਜ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।”
ਇਸ ਮੌਕੇ 'ਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਵੱਖ-ਵੱਖ ਮੈਂਬਰ ਸਾਹਿਬਾਨ ਅਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲ ਸਾਹਿਬਾਨ ਵੀ ਹਾਜ਼ਰ ਸਨ। ਕਾਲਜ ਪਹੁੰਚੇ ਸਾਰੇ ਹੀ ਸਤਿਕਾਰਤ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਅੰਤ ਵਿੱਚ ਰਾਸ਼ਟਰੀ ਗਾਇਨ ਦੇ ਨਾਲ ਸਮਾਗਮ ਨੂੰ ਸਮਾਪਤ ਕੀਤਾ ਗਿਆ।