SHO ਨੇ ਕੀਤੀ ਲੋਕਾਂ ਨਾਲ ਮੀਟਿੰਗ.

ਥਾਣਾ ਸਦਰ ਖੰਨਾ ਦੇ ਨਵ ਨਿਯੁਕਤ ਐੱਸਐੱਚਓ ਅਜੀਤੇਸ਼ ਕੌਸ਼ਲ ਨੇ ਕੀਤੀ ਲੋਕਾਂ ਨਾਲ ਮੀਟਿੰਗ

ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ

ਖੰਨਾ (ਮਨਜੀਤ ਸਿੰਘ ਧੀਮਾਨ) - ਪੁਲਿਸ ਜ਼ਿਲ੍ਹਾ ਖੰਨਾ ਦੇ  ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ 'ਤੇ ਐਸਪੀਡੀ ਖੰਨਾ ਪਵਨਦੀਪ ਚੌਧਰੀ ਅਤੇ ਡੀਐਸਪੀ ਖੰਨਾ ਵਿਨੋਦ ਕੁਮਾਰ ਦੀ ਅਗਵਾਈ ਵਿੱਚ ਥਾਣਾ ਸਦਰ ਖੰਨਾ ਅਧੀਨ ਪੈਂਦੀ ਪੁਲੀਸ ਚੌਂਕੀ ਈਸੜੂ ਦੇ ਪੰਚਾਇਤ ਘਰ ਵਿੱਚ ਮੀਟਿੰਗ ਦੌਰਾਨ ਮੌਕੇ 'ਤੇ ਹੀ ਐਸਐਚਓ ਨੂੰ ਪਿੰਡ ਵਾਸੀਆਂ ਨੇ   ਆ ਰਹੀਆ ਆਪਣੀਆਂ  ਸਮੱਸਿਆਵਾਂ  ਦੱਸੀਆਂ ਗਈਆਂ l ਜਿਨਾਂ ਵਿੱਚੋਂ ਕੁਝ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ l ਇਸ ਦੌਰਾਨ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ, ਚੋਰੀਆਂ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਰਣਨੀਤੀ ਸਾਂਝੀ ਕੀਤੀ ਗਈ। ਐੱਸਐੱਚਓ ਅਜੀਤੇਸ਼ ਕੌਸ਼ਲ ਨੇ ਆਖਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਜਨਤਾ ਦਾ ਸਹਿਯੋਗ ਬੇਹੱਦ ਲਾਜ਼ਮੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਸੀਸੀਟੀਵੀ ਕੈਮਰੇ ਲਗਾਉਣ 'ਤੇ ਰਾਤ ਦੇ ਪਹਿਰੇ ਲਈ ਚੌਕੀਦਾਰ ਰੱਖਣ ਦਾ ਸੁਝਾਅ ਦਿੱਤਾ।  ਉਨ੍ਹਾਂ ਨੇ  ਸਮੂਹ ਦੇਸ਼ ਵਾਸੀਆਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ, ਮਜ਼ਬੂਤ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਸਾਰੇ ਮਿਲ ਕੇ ਜਾਗਰੂਕਤਾ, ਸਿੱਖਿਆ, ਰੋਕਥਾਮ ਅਤੇ ਸਾਂਝੇ ਯਤਨਾਂ ਰਾਹੀਂ ਅਜਿਹਾ ਮਾਹੌਲ ਸਿਰਜੀਏ, ਜਿੱਥੇ ਸਾਡੀ ਨੌਜਵਾਨ ਪੀੜ੍ਹੀ ਸਹੀ ਫ਼ੈਸਲੇ ਲੈ ਸਕੇ ਅਤੇ ਆਪਣੀ ਊਰਜਾ ਨੂੰ ਰਾਸ਼ਟਰ ਨਿਰਮਾਣ ਅਤੇ ਸਮਾਜ ਸੇਵਾ ਲਈ ਸਮਰਪਿਤ ਕਰੇ।   ਉਨ੍ਹਾਂ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ, ਅਪਰਾਧ ਨਹੀਂ, ਇਸ ਲਈ ਇਸ ਦਾ ਇਲਾਜ ਅਤੇ ਪੁਨਰਵਾਸ ਜ਼ਰੂਰੀ ਹੈ l  ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਦੱਸਿਆ l  ਉਨ੍ਹਾਂ ਕਿਹਾ ਕਿ  ਪੰਜਾਬ ਸਰਕਾਰ ਵੱਲੋ ਸਿੱਖਿਆ, ਸਿਹਤ, ਖੇਡਾਂ ਅਤੇ ਪੁਨਰਵਾਸ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲੇ “ਰੰਗਲਾ ਪੰਜਾਬ” ਅਤੇ ਨਸ਼ਾ-ਮੁਕਤ ਪੰਜਾਬ ਦੀ ਮਜ਼ਬੂਤ ਨੀਂਹ ਰੱਖ ਰਹੇ ਹਨ।  ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਸਦਾਚਾਰ, ਸੰਜਮ ਅਤੇ ਉੱਚੇ ਜੀਵਨ ਮੁੱਲਾਂ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਧਾਂਤਾਂ 'ਤੇ ਚੱਲ ਕੇ ਹੀ ਅਸੀਂ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਨੂੰ ਜੜ੍ਹੋਂ ਖਤਮ ਕਰ ਸਕਦੇ ਹਾਂ। ਉਨ੍ਹਾਂ ਸਮਾਜਿਕ, ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨਾਂ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਫੈਲਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ। ਐਸ ਐਚ ਓ ਅਜੀਤੇਸ਼ ਕੌਸ਼ਲ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਮਿਲ ਕੇ ਇੱਕ ਸਿਹਤਮੰਦ, ਮਜ਼ਬੂਤ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਈਏ ਅਤੇ ਨੌਜਵਾਨਾਂ ਨੂੰ ਰੌਸ਼ਨ ਭਵਿੱਖ ਵੱਲ ਪ੍ਰੇਰਿਤ ਕਰੀਏ। ਉਨ੍ਹਾਂ ਭਰੋਸਾ ਦਿੱਤਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਮੌਕੇ  ਸਰਪੰਚ ਜਤਿੰਦਰਜੋਤ ਸਿੰਘ ਜੋਤੀ ਅਤੇ ਪ੍ਰਧਾਨ ਸੁਰਿੰਦਰ ਸਿੰਘ ਕੋਠੇ ਨੇ ਅਪੀਲ ਕੀਤੀ ਕਿ ਈਸੜੂ ਚੌਕੀ ਅਧੀਨ 17 ਪਿੰਡ ਆਉਂਦੇ ਹਨ, ਪਰ ਇੱਥੇ ਸਿਰਫ਼ ਦੋ ਮੁਲਾਜ਼ਮ ਤਾਇਨਾਤ ਹੋਣ ਕਾਰਨ ਨਫਰੀ ਵਧਾਈ ਜਾਵੇl