ਨਾਟਕ ਮੰਚਨ .
ਪੰਜਾਬੀ ਭਵਨ ਲੁਧਿਆਣਾ ਵਿਖੇ ਤਰਲੋਚਨ ਸਿੰਘ ਵੱਲੋਂ ਲਿਖੇ ਤੇ ਨਿਰਦੇਸ਼ਿਤ
ਕੀਤੇ ਨਾਟਕ 'ਵਗਦੇ ਪਾਣੀ ਦੀਆਂ ਲਹਿਰਾਂ ਨੂੰ ਮੋੜ' ਦਾ ਸਫ਼ਲ ਮੰਚਨ
ਲੁਧਿਆਣਾ (ਵਿਜੇ ਕੁਮਾਰ) : ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਰੰਗਮੰਚ ਰੰਗਨਗਰੀ (ਰਜਿ.) ਲੁਧਿਆਣਾ ਵੱਲੋਂ ਬਲਰਾਜ ਸਾਹਨੀ ਖੁੱਲ੍ਹਾ ਰੰਗਮੰਚ ਵਿਖੇ ਤਰਲੋਚਨ ਸਿੰਘ ਦੁਆਰਾ ਲਿਖਤ ਤੇ ਨਿਰਦੇਸ਼ਿਤ ਨਾਟਕ “ਵਗਦੇ ਪਾਣੀ ਦੀਆਂ ਲਹਿਰਾਂ ਨੂੰ ਮੋੜ" ਦੀ ਪੇਸ਼ਕਾਰੀ ਕੀਤੀ ਗਈ। ਇਹ ਨਾਟਕ ਡਾ:ਐਸ.ਐਨ. ਸੇਵਕ ਜੀ ਹੋਰਾਂ ਨੂੰ ਸਮਰਪਤ ਕੀਤਾ ਗਿਆ। ਇਸ ਮੌਕੇ ਹਾਜ਼ਰ ਪ੍ਰੋ: ਜਗਮੋਹਨ ਸਿੰਘ ਹੋਰਾਂ ਡਾ: ਸੇਵਕ ਦੀ ਸਮਾਜਿਕ ਚੇਤਨਾ ਤੇ ਕਾਰਜ ਨੂੰ ਯਾਦ ਦਿਵਾਉਦਿਆਂ ਆਪਣੀ ਮਾਤਾ ਜੀ ਨਾਲ ਡਾ. ਸੇਵਕ ਹੋਰਾਂ ਦੇ ਮਾਤਾ ਜੀ ਦੀ ਸਾਂਝ 'ਤੇ ਚਾਨਣਾ ਪਾਇਆ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ:ਗੁਲਜ਼ਾਰ ਸਿੰਘ ਪੰਧੇਰ ਅਤੇ ਮਲਕੀਤ ਸਿੰਘ ਔਲਖ ਹੋਰਾਂ ਵੀ ਡਾ. ਸੇਵਕ ਹੋਰਾਂ ਦੀਆਂ ਕਲਾ ਗਤੀਵਿਧੀਆਂ ਦਾ ਜ਼ਿਕਰ ਕੀਤਾ।
ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਚੈਟਲੇ ਹੋਰਾਂ ਡਾ. ਸੇਵਕ ਦੀਆਂ ਨਾਟਕ ਪ੍ਰਤੀ ਗਤੀਵਿਧੀਆਂ ਦਾ ਜ਼ਿਕਰ ਕੀਤਾ ਅਤੇ ਸਮਾਜਕ ਸਰੋਕਾਰਾਂ ਪ੍ਰਤੀ ਉਹਨਾਂ ਦੀ ਪ੍ਰਤੀਬੱਧਤਾ ਦੀ ਰੱਜਵੀਂ ਤਾਰੀਫ਼ ਕੀਤੀ। ਸ੍ਰੀ ਚੈਟਲੇ ਨੇ ਡਾ. ਸ.ਨ. ਸੇਵਕ ਦੀ ਯਾਦ ਵਿੱਚ ਇੱਕ ਫਾਉਂਡੇਸ਼ਨ ਬਣਾਏ ਜਾਣ ਦਾ ਸੁਝਾਅ ਦਿੱਤਾ ਅਤੇ ਇਸ ਕਾਰਜ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਨਾਟਕ “ਵਗਦੇ ਪਾਣੀ ਦੀਆਂ ਲਹਿਰਾਂ ਨੂੰ ਮੋੜ" ਦੀ ਪੇਸ਼ਕਾਰੀ ਵਿੱਚ ਸਾਡੇ ਆਮ ਪਰਿਵਾਰਿਕ ਜੀਵਨ ਵਿੱਚ ਬਜ਼ੁਰਗਾਂ ਦੀਆਂ ਕਾਰਗੁਜਾਰੀਆਂ ਨੂੰ ਅੱਖੋਂ ਪਰੋਖੇ ਕਰਨ ਅਤੇ ਉਹਨਾਂ ਨੂੰ ਆਪਣੇ ਪੋਤੇ ਪੋਤੀਆਂ ਨਾਲ ਖੇਡਣ ਤੋਂ ਮਨਾਹੀ ਕਰਨ ਅਤੇ ਬਜ਼ੁਰਗਾਂ ਦੀ ਕਾਰਗੁਜਾਰੀ ਨੂੰ ਆਪਣੇ ਵੱਲੋਂ ਨਿਰਧਾਰਿਤ ਕਰਨ ਅਤੇ ਦਾਦੇ ਦਾ ਪੋਤੇ ਨਾਲ ਨਾ ਖੇਡਣ ਦੀਆਂ ਹਿਦਾਇਤਾਂ ਕਰਨ ਤੇ ਬਜ਼ੁਰਗਾਂ ਨੂੰ ਇਕ ਬੰਦਿਸ਼ ਮਹਿਸੂਸ ਕਰਵਾਉਣ ਤੇ ਨਿਰਧਾਰਿਤ ਰਿਹਾ, ਜਿਸ ਵਿੱਚ ਤਰਲੋਚਨ ਸਿੰਘ ਵੱਲੋਂ ਦਾਦੇ ਦੇ ਰੋਲ ਦੀ ਬਾਖੂਬੀ ਪੇਸ਼ਕਾਰੀ ਅਤੇ ਸਿਮਰਨਜੀਤ ਕੌਰ ਵੱਲੋਂ ਪੋਤੇ ਦੇ ਰੋਲ ਦੀ ਦਰਸ਼ਕਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ ਅਤੇ ਹਰਮੀਤ ਸਿੰਘ ਨੇ ਪੁੱਤਰ ਦੇ ਰੋਲ ਵਿੱਚ ਨਫਰਤੀ ਤੇਵਰ ਅਤੇ ਨੂੰਹ ਦੇ ਰੋਲ ਵਿੱਚ ਕਮਲਦੀਪ ਕੌਰ ਨੇ ਵੀ ਦਰਸ਼ਕਾਂ ਦੀ ਵਾਹਵਾ ਖੱਟੀ। ਉਥੇ ਪੁੱਤਰ ਦੇ ਵਿਦੇਸ਼ੀ ਦੋਸਤ ਜਸ ਦੇ ਰੋਲ ਵਿੱਚ ਸਾਹਿਲ ਕਪੂਰ ਦੀ ਅਦਾਕਾਰੀ ਨੂੰ ਵੀ ਚੰਗਾ ਹੁੰਗਾਰਾ ਮਿਲਿਆ।
ਜਿੱਥੇ ਨਾਟਕ ਦੇ ਸਾਰੇ ਪਾਤਰਾਂ ਦੀ ਤਾਰੀਫ ਕੀਤੀ ਗਈ ਉਥੇ ਨਾਟਕ ਦੀ ਪੇਸ਼ਕਾਰੀ ਦੀ ਵੀ ਸ਼ਲਾਘਾ ਕਰਦਿਆਂ ਸਾਰੇ ਪਾਤਰਾਂ ਦਾ ਪਿੱਠਵਰਤੀ ਕਾਰਜ ਵੀ ਸ਼ਲਾਘਾਯੋਗ ਰਿਹਾ ਅਤੇ ਦਰਸ਼ਕਾਂ ਵੱਲੋਂ ਅਜਿਹੇ ਨਾਟਕ ਪਿੰਡ ਪਿੰਡ ਸ਼ਹਿਰ ਸ਼ਹਿਰ ਕਰਕੇ ਸੁਨੇਹਾ ਦੇਣ ਦਾ ਕਾਰਜ ਅੱਗੇ ਵਧਾਉਣ ਦੀ ਤਾਕੀਦ ਵੀ ਕੀਤੀ ਗਈ।
ਇਸ ਮੌਕੇ ਤਰਸੇਮ ਦਿਓਗਣ, ਦੀਪ ਜਗਦੀਪ ਸਿੰਘ, ਲਲਿਤ ਬੇਰੀ, ਅਸ਼ਵਨੀ ਜੇਤਲੀ, ਸਰਬਜੀਤ ਲੁਧਿਆਣਵੀ, ਅਮਨਦੀਪ ਚੀਮਾ, ਕੰਵਲ ਲੋਟੇ, ਸੁਰਿੰਦਰਪਾਲ ਸਿੰਘ ਹੁੰਦਲ, ਕੁਲਜੋਤ ਸਿੰਘ ਵੀ ਹਾਜ਼ਰ ਸਨ।
