ਜੇਲ੍ਹਾਂ ਦਾ ਦੌਰਾ.
*ਪੰਜਾਬ ਵਿਧਾਨ ਸਭਾ ਦੀ "ਅਧੀਨ ਵਿਧਾਨ ਕਮੇਟੀ" ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ, ਜਨਾਨਾ ਜੇਲ੍ਹ ਅਤੇ ਬੋਰਸਟਲ ਜੇਲ੍ਹ ਦਾ ਕੀਤਾ ਨਿਰੀਖਣ, ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਦੀਆਂ ਸਹੂਲਤਾਂ ਦਾ ਲਿਆ ਜਾਇਜ਼ਾ*
*"ਅਧੀਨ ਵਿਧਾਨ ਕਮੇਟੀ" ਦੇ ਸਭਾਪਤੀ ਤੇ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ*
*ਪੰਜਾਬ ਵਿਧਾਨ ਸਭਾ ਦੀ "ਅਧੀਨ ਵਿਧਾਨ ਕਮੇਟੀ" ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਸੁਚਾਰੂ ਪ੍ਰਕਿਰਿਆਵਾਂ ਬਣਾਉਣ ਦੇ ਦਿੱਤੇ ਨਿਰਦੇਸ਼*
ਖੰਨਾ/ਲੁਧਿਆਣਾ , 30 ਜੂਨ: (ਮਨਜੀਤ ਸਿੰਘ ਧੀਮਾਨ) : ਪੰਜਾਬ ਵਿਧਾਨ ਸਭਾ ਦੀ "ਅਧੀਨ ਵਿਧਾਨ ਕਮੇਟੀ" ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਲੁਧਿਆਣਾ, ਜਨਾਨਾ ਜੇਲ੍ਹ ਅਤੇ ਬੋਰਸਟਲ ਜੇਲ੍ਹ ਲੁਧਿਆਣਾ ਦਾ ਵਿਆਪਕ ਨਿਰੀਖਣ ਕਰਕੇ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਲਈ ਸਹੂਲਤਾਂ ਦਾ ਮੁਲਾਂਕਣ ਕੀਤਾ। ਸਭਾਪਤੀ ਤੇ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠਲੀ ਇਸ ਕਮੇਟੀ ਵਿੱਚ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਅਧਿਕਾਰੀਆਂ ਦੇ ਨਾਲ ਜੇਲ੍ਹਾਂ ਦੇ ਦੌਰੇ ਕੀਤੇ। ਸਭਾਪਤੀ ਤੇ ਆਤਮ ਨਗਰ ਤੋਂ ਵਿਧਾਇਕ ਸ੍ਰੀ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠਲੀ ਇਸ ਕਮੇਟੀ ਨੇ ਕੇਂਦਰੀ ਜੇਲ੍ਹ ਲੁਧਿਆਣਾ ਅੰਦਰ ਜੇਲ੍ਹ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਕੇ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਨੂੰ ਜੇਲ੍ਹ ਦੇ ਹਸਪਤਾਲਾਂ ਅੰਦਰ ਦਿੱਤੀਆਂ ਜਾਂਦੀਆਂ ਡਾਕਟਰੀ ਸੇਵਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਇਕੱਠੀ ਕੀਤੀ, ਜਿਸ ਵਿੱਚ ਓਟ ਕਲੀਨਿਕ, ਐੱਚ.ਆਈ.ਵੀ ਲਈ ਐਂਟੀਰੇਟਰੋਵਾਇਰਲ ਥੈਰੇਪੀ (ਏ.ਆਰ.ਟੀ), ਟੀ.ਬੀ ਦੇ ਇਲਾਜ ਅਤੇ ਕਾਉਂਸਲਿੰਗ ਪ੍ਰੋਗਰਾਮ ਸ਼ਾਮਲ ਹਨ। ਉਨ੍ਹਾਂ ਨੇ ਜੇਲ੍ਹ ਦੇ ਹਸਪਤਾਲ ਵਿੱਚ ਤਾਇਨਾਤ ਮੈਡੀਕਲ ਸਟਾਫ਼ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਜੇਲ੍ਹ ਵਿੱਚ ਤਾਇਨਾਤ ਸਟਾਫ਼ ਦਾ ਹਾਜ਼ਰੀ ਰਜਿਸਟਰ ਵੀ ਚੈੱਕ ਕੀਤਾ ਅਤੇ ਤਾਇਨਾਤ ਸਟਾਫ ਬਾਰੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਨੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਦੀ ਸਮੀਖਿਆ ਕੀਤੀ ਅਤੇ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ, ਇਹ ਯਕੀਨੀ ਬਣਾਉਂਦੇ ਹੋਏ ਕਿ ਵਿਚਾਰ ਅਧੀਨ ਕੈਦੀ ਅਤੇ ਕੈਦੀ ਸਥਾਪਿਤ ਪ੍ਰੋਟੋਕੋਲ ਦੇ ਅਨੁਸਾਰ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਣ। ਉਨ੍ਹਾਂ ਨੇ ਕੈਦੀਆਂ ਦੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਬਾਰੇ ਵੀ ਪੁੱਛਗਿੱਛ ਕੀਤੀ। ਉਨ੍ਹਾਂ ਨੇ ਕੈਦੀਆਂ ਲਈ ਲੋੜੀਂਦੀ ਗਿਣਤੀ ਵਿੱਚ ਵਾਸ਼ਰੂਮਾਂ ਅਤੇ ਉਨ੍ਹਾਂ ਦੀ ਨਿਯਮਤ ਸਫਾਈ ਅਤੇ ਰੱਖ-ਰਖਾਅ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਕਮੇਟੀ ਨੇ ਜੇਲ੍ਹਾਂ ਅੰਦਰ ਹੋਰ ਸੁਧਾਰ ਕਰਨ ਲਈ ਜੇਲ੍ਹ ਅਧਿਕਾਰੀਆਂ ਤੋਂ ਸੁਝਾਅ ਵੀ ਲਏ।
ਜੇਲ੍ਹ ਅਧਿਕਾਰੀਆਂ ਨੇ ਸਭਾਪਤੀ ਕੁਲਵੰਤ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਕੇਂਦਰੀ ਜੇਲ੍ਹ ਅੰਦਰੋਂ ਗਿਲਾ ਅਤੇ ਸੁੱਕਾ ਕੂੜਾ ਨਹੀਂ ਚੁੱਕਿਆ ਜਾਂਦਾ, ਜਿਸ 'ਤੇ ਸਭਾਪਤੀ ਕੁਲਵੰਤ ਸਿੰਘ ਸਿੱਧੂ ਨੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਨੂੰ ਫੋਨ 'ਤੇ ਹੀ ਕੇਂਦਰੀ ਜੇਲ੍ਹ ਦੇ ਅੰਦਰੋ ਰੌਜ਼ਾਨਾ ਗਿਲਾ ਅਤੇ ਸੁੱਕਾ ਕੂੜਾ ਚੁਕਾਉਣ ਲਈ ਆਦੇਸ਼ ਦਿੱਤੇ।
ਸਭਾਪਤੀ ਤੇ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅਧਿਕਾਰੀਆਂ ਦੇ ਨਾਲ ਜੇਲ੍ਹਾਂ ਦੀਆਂ ਬੈਰਕਾਂ, ਹਾਈ ਸਕਿਉਰਟੀ ਜੋਨ, ਰਸੋਈ, ਭੋਜਨ ਸੇਵਾਵਾਂ, ਪਖਾਨੇ, ਸਫਾਈ ਅਤੇ ਹੋਰ ਸਹੂਲਤਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਉਨ੍ਹਾਂ ਜੇਲ੍ਹਾਂ ਅੰਦਰ ਰਸੋਈ ਦੇ ਖਾਣੇ ਦਾ ਵੀ ਸੁਆਦ ਲਿਆ ਅਤੇ ਕੈਦੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਸਫਾਈ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਖਾਸ ਕਰਕੇ ਰਸੋਈ ਵਿੱਚ, ਜਿੱਥੇ ਉਨ੍ਹਾਂ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਅਤੇ ਸਫਾਈ ਦਾ ਨਿੱਜੀ ਤੌਰ 'ਤੇ ਮੁਲਾਂਕਣ ਕੀਤਾ।ਕੇਂਦਰੀ ਜੇਲ੍ਹ ਅੰਦਰ ਕੈਦੀਆਂ ਨੇ ਸਭਾਪਤੀ ਕੁਲਵੰਤ ਸਿੰਘ ਸਿੱਧੂ ਨੂੰ ਮਾਤਾ-ਪਿਤਾ 'ਤੇ ਆਪ ਲਿਖੇ ਗੀਤ ਸੁਣਾ ਕੇ ਸੱਭਿਆਚਾਰ ਦਾ ਭਰਪੂਰ ਰੰਗ ਬੰਨਿਆ। ਜਿਸ 'ਤੇ ਕੁਲਵੰਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ। ਸਭਾਪਤੀ ਕੁਲਵੰਤ ਸਿੰਘ ਸਿੱਧੂ ਨੇ ਕੇਂਦਰੀ ਜੇਲ੍ਹ ਅੰਦਰ ਚੱਲ ਰਹੇ ਰੇਡੀਓ ਉਜਾਲਾ ਪੰਜਾਬ ਰਾਹੀਂ ਲੁਧਿਆਣਾ ਦੀਆਂ ਜੇਲ੍ਹਾਂ ਅੰਦਰ ਕੈਦੀਆਂ ਨੂੰ ਸੰਦੇਸ਼ ਦਿੰਦਿਆਂ ਦੱਸਿਆ ਕਿ ਜੇਲ੍ਹ ਵਿੱਚ ਰਹਿ ਰਹੇ ਸਾਰੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਮੈਂ "ਅਧੀਨ ਵਿਧਾਨ ਕਮੇਟੀ" ਦੇ ਮੈਂਬਰ ਅਤੇ ਅਧਿਕਾਰੀਆਂ ਦੇ ਨਾਲ ਲੁਧਿਆਣਾ ਦੀਆਂ ਜੇਲ੍ਹਾਂ ਦਾ ਨਿਰੀਖਣ ਕਰਨ ਲਈ ਆਇਆ ਹਾਂ। ਉਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਕਿਹਾ ਕਿ ਸਾਡਾ ਜੇਲ੍ਹਾਂ ਦਾ ਨਿਰੀਖਣ ਕਰਨ ਦਾ ਮਕਸਦ ਇਹੀ ਹੈ ਕਿ ਤੁਹਾਨੂੰ ਖੁਰਾਕ ਸਹੀ ਢੰਗ ਨਾਲ ਦਿੱਤੀ ਜਾ ਰਹੀ ਹੈ, ਤੁਹਾਡੇ ਰਹਿਣ ਸਹਿਣ ਲਈ ਬੈਰਕਾਂ ਦੀ ਦੇਖਭਾਲ ਸਹੀ ਹੋ ਰਹੀ ਹੈ, ਜੇਕਰ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਦੀ ਸਿਹਤ ਸੰਭਾਲ ਲਈ ਕਿਸ ਤਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੀ ਜੇਲਾਂ। ਦੇ ਅੰਦਰ ਸਰੀਰ ਦੀ ਤੰਦਰੁਸਤੀ ਲਈ ਖੇਡਾਂ ਅਤੇ ਯੋਗਾ ਕਰਵਾਇਆ ਜਾਂਦਾ ਹੈ। ਉਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਕਿਹਾ ਕਿ ਆਪਣੇ ਕੀਤੇ ਕਰਮਾਂ ਅਨੁਸਾਰ ਜਿੰਨਾ ਵੀ ਸਮਾਂ ਤੁਸੀਂ ਜੇਲ੍ਹ ਵਿੱਚ ਰਹਿਣਾ ਹੈ, ਪ੍ਰਮਾਤਮਾ ਦਾ ਸਿਮਰਨ ਕਰੋ ਤਾਂ ਜੋ ਤੁਹਾਡਾ ਇਹ ਕਸ਼ਟ ਕੱਟਿਆ ਜਾ ਸਕੇ ਅਤੇ ਜੇਲ੍ਹ ਵਿੱਚੋਂ ਤੁਸੀਂ ਇੱਕ ਚੰਗੇ ਨਾਗਰਿਕ ਅਤੇ ਅਮਨ ਪਸੰਦ ਸ਼ਹਿਰੀ ਬਣ ਕੇ ਜਾਣਾ ਹੈ। ਜੇਲ੍ਹ ਦੇ ਆਲੇ-ਦੁਆਲੇ ਦੇ ਉਦਯੋਗ ਖੇਤਰ ਨੂੰ ਧਿਆਨ ਵਿੱਚ ਰੱਖਦੇ ਹੋਏ, ਸਭਾਪਤੀ ਨੇ ਉਕਤ ਉਦਯੋਗ ਵਿੱਚ ਵਰਤੇ ਜਾ ਰਹੇ ਰਸਾਇਣਾਂ ਦੀ ਪਛਾਣ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਆਫ਼ਤ ਦੀ ਤਿਆਰੀ ਦੇ ਹਿੱਸੇ ਵਜੋਂ ਐਮਰਜੈਂਸੀ ਪ੍ਰਤੀਕਿਰਿਆ ਯੋਜਨਾਵਾਂ ਜਿਵੇਂ ਕਿ ਉਨ੍ਹਾਂ ਦੇ ਐਂਟੀਡੋਟ ਆਦਿ ਦਾ ਪਤਾ ਲਗਾਇਆ ਜਾਵੇ।ਇਸ ਤੋਂ ਇਲਾਵਾ ਉਨ੍ਹਾਂ ਨੇ ਬੇਕਰੀ, ਤਰਖਾਣ, ਵੈਲਡਿੰਗ, ਪਾਵਰਲੂਮ, ਬੁਣਾਈ, ਲੱਕੜ ਦਾ ਕੰਮ ਅਤੇ ਟੇਲਰਿੰਗ ਵਰਕਸ਼ਾਪਾਂ ਵਰਗੇ ਕਿੱਤਾਮੁਖੀ ਭਾਗਾਂ ਦਾ ਦੌਰਾ ਵੀ ਕੀਤਾ। ਉਨ੍ਹਾਂ ਸੀ.ਸੀ.ਟੀ.ਵੀ ਕੰਟਰੋਲ ਰੂਮ ਅਤੇ ਹੋਰ ਮਨੋਰੰਜਨ ਸਹੂਲਤਾਂ ਦਾ ਵੀ ਨਿਰੀਖਣ ਕੀਤਾ। ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਹੁਨਰ ਵਿਕਾਸ ਲਈ ਕੈਦੀਆਂ ਲਈ ਉਪਲਬਧ ਵੱਖ-ਵੱਖ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ।ਬਾਅਦ ਵਿੱਚ ਸਭਾਪਤੀ ਕੁਲਵੰਤ ਸਿੰਘ ਸਿੱਧੂ ਨੇ ਅਧਿਕਾਰੀਆਂ ਦੇ ਨਾਲ ਜਨਾਨਾ ਜੇਲ੍ਹ, ਲੁਧਿਆਣਾ ਦਾ ਨਿਰੀਖਣ ਕੀਤਾ ਅਤੇ ਜਨਾਨਾ ਜੇਲ੍ਹ, ਲੁਧਿਆਣਾ ਦੀਆਂ ਬੰਦੀ ਔਰਤਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਤੋਂ ਜੇਲ੍ਹ ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ, ਦਿੱਤਾ ਜਾ ਰਿਹਾ ਖਾਣਾ ਅਤੇ ਉਨ੍ਹਾਂ ਦੇ ਅਦਾਲਤਾਂ ਵਿਚ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਨੇ ਜੇਲ੍ਹ ਬੰਦੀਆਂ ਨੂੰ ਦੱਸਿਆ ਕਿ ਜਿਹੜੇ ਬੰਦੀ ਆਪਣੇ ਕੇਸ ਦੀ ਪੈਰਵੀ ਲਈ ਆਪਣੇ ਪ੍ਰਾਈਵੇਟ ਪੱਧਰ 'ਤੇ ਵਕੀਲ ਹਾਇਰ ਕਰਨ ਵਿੱਚ ਅਸਮਰੱਥ ਹਨ, ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਤੋਂ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਜੇਲ੍ਹ ਬੰਦੀਆਂ ਨੂੰ ਦੱਸਿਆ ਕਿ ਮੁਫਤ ਕਾਨੂੰਨੀ ਸਹਾਇਤਾ ਲੈਣ ਲਈ ਜੇਲ੍ਹ ਵਿੱਚ ਖੋਲ੍ਹੇ ਹੋਏ ਲੀਗਲ ਏਡ ਕਲੀਨਿਕ ਵਿੱਚ ਪੇਸ਼ ਹੋ ਕੇ ਕਾਨੂੰਨੀ ਸਹਾਇਤਾ ਦਾ ਫਾਰਮ ਭਰਵਾਇਆ ਜਾ ਸਕਦਾ ਹੈ।"ਅਧੀਨ ਵਿਧਾਨ ਕਮੇਟੀ" ਨੇ ਅੱਗੇ ਦੱਸਿਆ ਕਿ ਲੁਧਿਆਣਾ ਦੀ ਮਹਿਲਾ ਜੇਲ੍ਹ ਦਾ ਇਹ ਦੌਰਾ ਕਰਨਾ ਇਸ ਲਈ ਯਕੀਨੀ ਬਣਾਉਣ 'ਤੇ ਕੇਂਦਰਿਤ ਸੀ ਕਿ ਮਹਿਲਾ ਕੈਦੀਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਦਰਪੇਸ਼ ਕਿਸੇ ਵੀ ਮੁੱਦੇ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਕਿਸੇ ਵੀ ਸਮੱਸਿਆ ਨੂੰ ਜਲਦ ਹੱਲ ਕਰਨ ਅਤੇ ਸਾਰੀਆਂ ਕੈਦੀ ਮਹਿਲਾਵਾਂ ਨਾਲ ਨਿਰਪੱਖ ਵਿਵਹਾਰ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਭਾਪਤੀ ਕੁਲਵੰਤ ਸਿੰਘ ਸਿੱਧੂ ਜਨਾਨਾ ਜੇਲ੍ਹ ਵਿੱਚ ਬੰਦੀ ਔਰਤਾਂ ਨਾਲ ਰਹਿ ਰਹੇ ਛੋਟੇ ਬੱਚਿਆਂ ਨੂੰ ਵੀ ਮਿਲੇ ਅਤੇ ਉਨ੍ਹਾਂ ਨੂੰ ਪੜ੍ਹਨ ਪ੍ਰੇਰਿਤ ਕੀਤਾ ਅਤੇ ਖਾਣ ਪੀਣ ਲਈ ਸਮਾਨ ਵੀ ਦਿੱਤਾ। ਜੇਲ੍ਹ ਵਿੱਚ ਬੰਦੀ ਔਰਤਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਵਿਰਾਸਤ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ ਅਤੇ ਉਨ੍ਹਾਂ ਵੱਲੋਂ ਆਪਣੀ ਕਲਾਂ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ।ਬਾਅਦ ਵਿੱਚ ਸਭਾਪਤੀ ਕੁਲਵੰਤ ਸਿੰਘ ਸਿੱਧੂ ਨੇ ਬੋਰਸਟਲ ਜੇਲ੍ਹ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਜੇਲ੍ਹ ਅੰਦਰ ਬੈਰਕਾਂ, ਰਸੋਈ, ਭੋਜਨ ਸੇਵਾਵਾਂ, ਸਫਾਈ ਅਤੇ ਹੋਰ ਸਹੂਲਤਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਉਨ੍ਹਾਂ ਜੇਲ੍ਹਾਂ ਅੰਦਰ ਰਸੋਈ ਦੇ ਖਾਣੇ ਦਾ ਵੀ ਸੁਆਦ ਲਿਆ ਅਤੇ ਕੈਦੀਆਂ ਨਾਲ ਗੱਲਬਾਤ ਵੀ ਕੀਤੀ।ਸਭਾਪਤੀ ਅਤੇ ਕਮੇਟੀ ਮੈਂਬਰ ਨੇ ਜਾਣ ਤੋਂ ਪਹਿਲਾਂ ਜੇਲ੍ਹਾਂ ਦੇ ਵਿਜ਼ਟਰ ਰਜਿਸਟਰ ਵਿੱਚ ਆਪਣੇ ਸੁਝਾਅ ਵੀ ਦਰਜ ਕੀਤੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਲੁਧਿਆਣਾ ਡਾ. ਨਰਿੰਦਰ ਧਾਲੀਵਾਲ, ਉਪ ਮੰਡਲ ਮੈਜਿਸਟਰੇਟ ਜਸਲੀਨ ਕੌਰ ਭੁੱਲਰ, ਡੀ.ਆਈ.ਜੀ (ਜੇਲ੍ਹਾਂ) ਐਸ.ਐਸ.ਮੰਡ, ਏ.ਡੀ.ਸੀ.ਪੀ (ਇਨਵੈਸਟੀਗੇਸ਼ਨ) ਲੁਧਿਆਣਾ ਅਮਨਦੀਪ ਬਰਾੜ, ਸੀ.ਪੀ.ਓ ਮੁੱਖ ਦਫਤਰ ਚੰਡੀਗੜ (ਜੇਲ੍ਹਾਂ) ਕੰਵਰ ਵੀ.ਪੀ.ਸਿੰਘ, ਕੇਂਦਰੀ ਜੇਲ੍ਹ ਦੇ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ, ਅਡੀਸ਼ਨਲ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ, ਬੋਰਸਟਲ ਜੇਲ੍ਹ ਦੇ ਸੁਪਰਡੈਂਟ ਗੁਰਪ੍ਰੀਤ ਸਿੰਘ, ਜਨਾਨਾ ਜੇਲ੍ਹ ਦੇ ਸੁਪਰਡੈਂਟ ਦਲਬੀਰ ਸਿੰਘ ਕਾਹਲੋ, ਡਿਪਟੀ ਜੇਲ੍ਹ ਸੁਪਰਡੈਂਟ ਰਵਨੀਤ ਕੌਰ ਤੋਂ ਇਲਾਵਾ ਜ਼ਿਲੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
