ਕੀ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਦੌੜ ਨੇ ਕਈਆਂ ਦੇ ਸੁਪਨੇ ਕੀਤੇ ਚਕਨਾਚੂਰ?.
ਚਿਹਰਿਆਂ ਤੋਂ ਗਾਇਬ ਹੋਈ ਮੁਸਕਰਾਹਟ, ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਦੌਰ ਜਾਰੀ
*ਜਤਿੰਦਰ ਪਾਠਕ ਪ੍ਰਧਾਨ, ਹਰੀ ਗੁਪਤਾ ਸੀਨੀਅਰ ਉਪ ਪ੍ਰਧਾਨ, ਤੇ ਕਰਮਜੀਤ ਸਿੰਘ ਸਿਫਤੀ ਮੀਤ ਪ੍ਰਧਾਨ ਬਣੇ*
ਖੰਨਾ, 1 ਜੁਲਾਈ (ਮਨਜੀਤ ਸਿੰਘ ਧੀਮਾਨ ): ਨਗਰ ਕੌਂਸਲ ਖੰਨਾ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮੁਕੰਮਲ ਹੋਣ ਤੋਂ ਬਾਅਦ ਜਿੱਥੇ ਜੇਤੂ ਧਿਰ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਪ੍ਰਧਾਨਗੀ ਦੀ ਆਸ ਲਗਾਈ ਬੈਠੇ ਕਈ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਸੁਪਨੇ ਟੁੱਟਦੇ ਵੀ ਨਜ਼ਰ ਆਏ। ਚੋਣ ਤੋਂ ਪਹਿਲਾਂ ਕਈ ਦਿਨਾਂ ਤੱਕ ਚੱਲੀਆਂ ਮੀਟਿੰਗਾਂ, ਲਾਬਿੰਗ, ਦਾਅਵਿਆਂ ਅਤੇ ਸਿਆਸੀ ਸਮੀਕਰਨਾਂ ਨੇ ਸ਼ਹਿਰ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਗਰਮਾਇਆ ਰੱਖਿਆ।
ਸੂਤਰਾਂ ਅਨੁਸਾਰ ਕਈ ਅਜਿਹੇ ਆਗੂ ਵੀ ਸਨ ਜਿਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਪ੍ਰਧਾਨਗੀ ਦੀ ਕੁਰਸੀ ਉਨ੍ਹਾਂ ਦੇ ਹਿੱਸੇ ਆਵੇਗੀ, ਪਰ ਆਖ਼ਰੀ ਸਮੇਂ ਹੋਏ ਫ਼ੈਸਲਿਆਂ ਨੇ ਸਾਰਾ ਸਿਆਸੀ ਗਣਿਤ ਬਦਲ ਕੇ ਰੱਖ ਦਿੱਤਾ। ਨਤੀਜੇ ਐਲਾਨੇ ਜਾਣ ਮਗਰੋਂ ਜੇਤੂ ਧਿਰ ਦੇ ਸਮਰਥਕਾਂ ਨੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਜਸ਼ਨ ਮਨਾਇਆ, ਜਦਕਿ ਦੂਜੇ ਪਾਸੇ ਕਈ ਚਿਹਰਿਆਂ 'ਤੇ ਨਿਰਾਸ਼ਾ ਸਾਫ਼ ਦਿਖਾਈ ਦਿੱਤੀ। ਹਾਲਾਂਕਿ ਕਿਸੇ ਵੀ ਆਗੂ ਨੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਿਰ ਨਹੀਂ ਕੀਤੀ, ਪਰ ਅੰਦਰੂਨੀ ਤੌਰ 'ਤੇ ਅਸੰਤੁਸ਼ਟੀ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ।
ਰਾਜਨੀਤਿਕ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਪ੍ਰਧਾਨਗੀ ਦੀ ਦੌੜ ਨੇ ਕਈ ਪੁਰਾਣੇ ਸਮੀਕਰਨ ਬਦਲੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਅਸਰ ਸਥਾਨਕ ਸਿਆਸਤ 'ਤੇ ਦੇਖਣ ਨੂੰ ਮਿਲ ਸਕਦੇ ਹਨ। ਕੁਝ ਆਗੂਆਂ ਲਈ ਇਹ ਨਤੀਜੇ ਭਵਿੱਖ ਦੀ ਸਿਆਸੀ ਰਣਨੀਤੀ ਵਿੱਚ ਬਦਲਾਅ ਦਾ ਕਾਰਨ ਵੀ ਬਣ ਸਕਦੇ ਹਨ।
ਫਿਲਹਾਲ ਸ਼ਹਿਰ ਵਾਸੀਆਂ ਦੀ ਨਜ਼ਰ ਨਵੀਂ ਚੁਣੀ ਗਈ ਟੀਮ 'ਤੇ ਹੈ। ਲੋਕਾਂ ਦੀ ਉਮੀਦ ਹੈ ਕਿ ਸਿਆਸੀ ਖਿੱਚੋਤਾਣ ਨੂੰ ਪਿੱਛੇ ਛੱਡਦੇ ਹੋਏ ਨਵਾਂ ਨੇਤ੍ਰਿਤਵ ਸ਼ਹਿਰ ਦੇ ਵਿਕਾਸ, ਸਫ਼ਾਈ, ਬੁਨਿਆਦੀ ਸਹੂਲਤਾਂ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇਵੇਗਾ। ਆਉਣ ਵਾਲੇ ਦਿਨਾਂ ਵਿੱਚ ਇਹ ਸਪੱਸ਼ਟ ਹੋਵੇਗਾ ਕਿ ਨਵੀਂ ਟੀਮ ਲੋਕਾਂ ਦੀਆਂ ਉਮੀਦਾਂ 'ਤੇ ਕਿੰਨੀ ਖਰੀ ਉਤਰਦੀ ਹੈl
