ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ .

ਗਰਿੱਡ ਦਾ ਗੇਟ ਤੋੜ ਅੰਦਰ ਵੜ ਬਿਜਲੀ ਕਾਮਿਆਂ ਨਾਲ ਬਦਸਲੂਕੀ ਕਰਨ ਵਾਲਿਆਂ 'ਤੇ ਪਰਚਾ ਦਰਜ
ਦੋਸ਼ੀ ਗਿ੍ਫਤਾਰ ਨਾ ਕੀਤੇ ਤਾਂ ਥਾਣੇ ਬਾਹਰ ਮੁੜ ਦੇਵਾਂਗੇ ਧਰਨਾ : ਮਹਿਦੂਦਾਂ

ਲੁਧਿਆਣਾ ( ) ਗੌਂਸਗੜ 220 ਕੇਵੀ ਗਰਿੱਡ ਦਾ ਮੇਨ ਗੇਟ ਤੋੜਨ ਤੋਂ ਬਾਅਦ ਅੰਦਰ ਵੜਕੇ ਬਿਜਲੀ ਕਾਮਿਆਂ ਨਾਲ ਬਦਸਲੂਕੀ ਕਰਨ ਵਾਲਿਆਂ 'ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਧਾਰਾ 132, 197, 3(5) ਬੀਐਨਐਸ ਤਹਿਤ ਥਾਣਾ ਮੇਹਰਬਾਨ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 100 ਤਾਂ ਦਰਜ ਕਰ ਦਿੱਤਾ ਗਿਆ ਪਰ ਕੁਝ ਦੋਸ਼ੀਆਂ ਦੇ ਨਾਮ ਦੱਸਣ ਅਤੇ ਦੋ ਵਿਅਕਤੀਆਂ ਨੂੰ ਫੜਾਉਣ ਦੇ ਬਾਵਯੂਦ ਅਣਪਛਾਤਿਆਂ 'ਤੇ ਪਰਚਾ ਦਰਜ ਕਰਨ ਦੇ ਰੋਸ ਵਿੱਚ ਥਾਣਾ ਮੇਹਰਬਾਨ ਦੇ ਮੁੱਖੀ ਇੰਸਪੈਕਟਰ ਜਗਦੀਪ ਸਿੰਘ ਗਿੱਲ ਖਿਲਾਫ਼ ਬਿਜਲੀ ਮੁਲਾਜ਼ਮ ਮੁੜ ਧਰਨਾ ਲਗਾ ਸਕਦੇ ਹਨ। ਪੂਰੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਏਓਜੇਈ ਦੇ ਆਗੂ ਜੇਈ ਨਰੇਸ਼ ਕੁਮਾਰ ਅਤੇ ਜੇਈ ਪਰਦੀਪ ਸਿੰਘ ਨੇ ਦੱਸਿਆ ਕਿ 29 ਜੂਨ ਦੀ ਰਾਤ ਨੂੰ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਕੈਟਾਗਰੀ-1 ਉੱਤੇ ਰਾਤੀਂ 11 ਵਜੇ ਤੱਕ ਤੇ ਕੈਟਾਗਰੀ-2 ਉੱਤੇ ਸਵੇਰ ਦੇ 7 ਵਜੇ ਤੱਕ ਬਿਜਲੀ ਕੱਟ ਦੇ ਆਦੇਸ਼ ਆਏ ਸਨ ਜਿਨ੍ਹਾਂ ਤੇ ਅਮਲ ਕਰਦਿਆਂ ਗੌਂਸਗੜ ਪੈਂਦੇ 220 ਕੇਵੀ ਗਰਿੱਡ ਦੇ ਸਟਾਫ ਵੱਲੋਂ ਕੁਝ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਬਿਜਲੀ ਬੰਦ ਹੋ ਜਾਣ ਤੇ ਕੁਝ ਪਿੰਡਾਂ ਦੇ ਲੋਕ ਗਰਿੱਡ ਉੱਤੇ ਆਏ ਜਿਨ੍ਹਾਂ ਪਹਿਲਾਂ ਗੇਟ ਤੇ ਤਾਇਨਾਤ ਸਕਿਓਰਿਟੀ ਗਾਰਡ ਨਾਲ ਬਦਸਲੂਕੀ ਕਰਦਿਆਂ ਮੁੱਖ ਗੇਟ ਤੋੜ ਦਿੱਤਾ ਅਤੇ ਗਰਿੱਡ ਦੇ ਅੰਦਰ ਦਾਖਲ ਹੋ ਕੇ ਸਟਾਫ ਅਤੇ ਮੌਕੇ ਤੇ ਡਿਊਟੀ ਲਾਈਨਮੈਨ ਹਿਰਦੇ ਰਾਮ ਨਾਲ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਹਿਰਦੇ ਰਾਮ ਨੇ ਏਨਾ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਹੁੱੜਦੁੰਗ ਮਚਾ ਰਹੇ ਲੋਕਾਂ ਨੇ ਉਸ ਨੇ ਉਸ ਦੀ ਖਿੱਚ ਧੂਹ ਕਰਦਿਆਂ ਕੁੱਟਮਾਰ ਕੀਤੀ ਤੇ ਉਸਦਾ ਮੋਬਾਇਲ ਖੋਹ ਕੇ ਬਣਾਈ ਵੀਡੀਓ ਤੱਕ ਡਿਲੀਟ ਕਰ ਦਿੱਤੀ ਜਿਸ ਨੂੰ ਬਾਅਦ ਚ ਰੀਸਾਇਕਲ ਬਿਨ ਚੋਂ ਰੀਸਟੋਰ ਕੀਤਾ ਗਿਆ। ਖੇਤਰਵਾਦ ਤਹਿਤ ਹਿਰਦੇ ਰਾਮ ਨੂੰ ਅਪਸ਼ਬਦ ਵੀ ਬੋਲੇ। ਆਗੂਆਂ ਨੇ ਦੱਸਿਆ ਕਿ ਰਾਤ ਵੇਲੇ ਥਾਣਾ ਮੇਹਰਬਾਨ ਦੀ ਪੁਲਿਸ ਮੌਕੇ ਤੇ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ, ਸਵੇਰ ਵੇਲੇ ਵੱਡੀ ਗਿਣਤੀ ਵਿੱਚ ਬਿਜਲੀ ਕਾਮਿਆਂ ਤੋਂ ਬਿਨਾ ਸੁੰਦਰ ਨਗਰ ਡਵੀਜਨ ਦੇ ਐਕਸੀਅਨ ਰਾਜੇਸ਼ ਕੁਮਾਰ, ਪੀਐਸਟੀਸੀਐਲ ਦੇ ਐਕਸੀਅਨ ਜਸਵਿੰਦਰ ਸਿੰਘ, ਖੁਸ਼ਵਿੰਦਰ ਸੂਦ, ਸ਼ੁੱਭਕਰਮਨਦੀਪ ਸਿੰਘ ਤੇ ਰਮਨਜੋਤ ਸਿੰਘ ਤਿੰਨੋਂ ਐਸਡੀਓ, ਸਲਿੰਦਰ ਸਿੰਘ, ਹਰਦੀਪ ਸਿੰਘ ਸਮੇਤ 4 ਜੇਈ ਪੁਲਿਸ ਥਾਣੇ ਪਹੁੰਚੇ। ਪਰ ਥਾਣੇ ਤੋਂ ਬਾਹਰ ਗਏ ਹੋਏ ਥਾਣਾ ਮੁੱਖੀ ਗਿੱਲ ਵੱਲੋਂ ਜਦੋਂ ਕੋਈ ਚੰਗਾ ਰਿਸਪਾਂਸ ਨਾ ਦਿੱਤਾ ਗਿਆ ਤਾਂ ਰੋਹ ਚ ਆਏ ਸਾਰੇ ਬਿਜਲੀ ਮੁਲਾਜਮਾਂ ਨੇ ਕੰਮ ਬੰਦ ਕਰਕੇ ਥਾਣੇ ਦੇ ਗੇਟ ਅੱਗੇ ਧਰਨਾ ਲਗਾ ਕੇ ਦੋਸ਼ੀਆਂ ਉੱਤੇ ਪਰਚਾ ਦਰਜ ਕਰਕੇ ਉਨ੍ਹਾਂ ਦੀ ਫੋਰਨ ਗਿ੍ਫਤਾਰੀ ਦੀ ਮੰਗ ਨੂੰ ਲੈਕੇ ਥਾਣਾ ਮੁੱਖੀ ਦਾ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ। ਆਗੂਆਂ ਨੇ ਏਐਸਆਈ ਬਰਿੰਦਰ ਸਿੰਘ ਸਿੱਧੂ ਤੇ ਏਐਸਆਈ ਰਾਧੇ ਸ਼ਿਆਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਅਪਣੇ ਪੱਧਰ ਤੇ ਸਥਿਤੀ ਨੂੰ ਸੰਭਾਲਦਿਆਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਥਾਣੇ ਲਿਆਂਦਾ। ਆਗੂਆਂ ਨੇ ਰੋਸ ਜਾਹਰ ਕਰਦਿਆਂ ਕਿਹਾ ਕਿ ਭਾਵੇਂ ਪਰਚਾ ਦਰਜ ਹੋ ਗਿਆ ਹੈ ਪਰ ਜਿਸ ਪ੍ਰਕਾਰ ਦੋ ਵਿਅਕਤੀਆਂ ਨੂੰ ਫੜਾਉਣ ਤੇ ਕਈਆਂ ਦੇ ਨਾਮ ਦੱਸਣ ਦੀ ਬਜਾਏ ਅਣਪਛਾਤਿਆਂ ਉੱਤੇ ਪਰਚਾ ਦਰਜ ਕੀਤਾ ਹੈ ਥਾਣਾ ਮੁੱਖੀ ਦੀ ਭੂਮਿਕਾ ਸ਼ੱਕੀ ਹੈ, ਉਹ ਦੋਸ਼ੀਆਂ ਨੂੰ ਬਚਾਉਣਾ ਚਾਹੁੰਦਾ ਹੈ। ਪਰ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ। ਅਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿ ਸਾਡੇ ਵੱਲੋਂ ਪੁਲਿਸ ਨੂੰ ਭੇਜੀਆਂ ਵੀਡੀਓਜ ਚੋਂ ਸਾਰੇ ਦੋਸ਼ੀਆਂ ਦੀ ਪਹਿਚਾਣ ਕਰਕੇ ਸਾਰਿਆਂ ਨੂੰ ਦਰਜ ਮੁਕੱਦਮੇਂ ਚ ਨਾਮਜਦ ਕਰਕੇ ਫੌਰਨ ਗਿ੍ਫਤਾਰ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕੰਮ ਕਾਜ ਬੰਦ ਕਰਕੇ ਥਾਣੇ ਅੱਗੇ ਓਨੀ ਦੇਰ ਤੱਕ ਪੱਕਾ ਧਰਨਾ ਲੱਗਾ ਰਹੇਗਾ ਜਿੰਨੀ ਦੇਰ ਤੱਕ ਸਾਰੇ ਦੋਸ਼ੀਆਂ ਦੀ ਗਿ੍ਫਤਾਰੀ ਨਹੀਂ ਹੋ ਜਾਂਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਪੈਦਾ ਹੋਈਆਂ ਪਰੇਸ਼ਾਨੀਆਂ ਦਾ ਜਿੰਮੇਵਾਰ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲਾ ਥਾਣਾ ਮੁੱਖੀ ਇੰਸਪੈਕਟਰ ਜਗਦੀਪ ਸਿੰਘ ਗਿੱਲ ਹੋਵੇਗਾ। ਉਨ੍ਹਾਂ ਲੋਕਾਂ ਨੂੰ ਏਹ ਵੀ ਅਪੀਲ ਕੀਤੀ ਕਿ ਬਿਜਲੀ ਦੇ ਲੱਗ ਰਹੇ ਪਾਵਰਕੱਟਾਂ ਲਈ ਬਿਜਲੀ ਮੁਲਾਜਮਾਂ ਨੂੰ ਜਿੰਮੇਵਾਰ ਸਮਝ ਕੇ ਉਨ੍ਹਾਂ ਨਾਲ ਬਦਸਲੂਕੀ ਨਾ ਕੀਤੀ ਜਾਵੇ ਬਲਕਿ ਬਿਜਲੀ ਮੁਲਾਜਮਾਂ ਦੀ ਕਮੀਂ ਨੂੰ ਦੇਖਦਿਆਂ ਬਿਜਲੀ ਦੇ ਪੈਂਦੇ ਨੁਕਸਾਂ ਤੱਕ ਨੂੰ ਦਰੁਸਤ ਕਰਵਾਉਣ ਲਈ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ, ਪੀਐਸਟੀਸੀਐਲ ਗਰਿੱਡ ਯੂਨੀਅਨ ਅਤੇ ਪਾਵਰਕਾਮ ਤੇ ਟਰਾਂਸਕੋ ਕੰਟਰੈਕਟ ਵਰਕਰ ਯੂਨੀਅਨ ਦੇ ਮੈਂਬਰ ਵੀ ਹਾਜਰ ਸਨ।