ਡਾਕਟਰ ਦਿਵਸ ਮੌਕੇ ਸਮਾਗਮ.
ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਨੂੰ ਮਿਲਿਆ ਸਟੇਟ ਅਵਾਰਡ
ਡਾਕਟਰ ਦਿਵਸ ਮੌਕੇ , ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਚੰਡੀਗੜ੍ਹ ਸਮਾਗਮ ਦੌਰਾਨ ਪ੍ਰਸ਼ੰਸਾ ਪੱਤਰ ਨਾਲ ਵੀ ਨਿਵਾਜਿਆ
ਖੰਨਾ, 2 ਜੁਲਾਈ (ਮਨਜੀਤ ਸਿੰਘ ਧੀਮਾਨ) - ਪੰਜਾਬ ਦੇ ਸਰਕਾਰੀ ਸਿਹਤ ਖੇਤਰ ਲਈ ਮਾਣ ਵਾਲੀ ਗੱਲ ਹੈ ਕਿ ਖੰਨਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ (ਐਸਐਮਓ) ਡਾ. ਮਨਿੰਦਰ ਸਿੰਘ ਭਸੀਨ ਨੂੰ ਉਨ੍ਹਾਂ ਦੀਆਂ ਬੇਮਿਸਾਲ ਸਿਹਤ ਸੇਵਾਵਾਂ, ਸ਼ਾਨਦਾਰ ਪ੍ਰਸ਼ਾਸਨਿਕ ਯੋਗਤਾ ਅਤੇ ਮਰੀਜ਼ਾਂ ਪ੍ਰਤੀ ਸਮਰਪਿਤ ਕਾਰਜਸ਼ੈਲੀ ਲਈ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਚੰਡੀਗੜ੍ਹ ਵਿਖੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਡਾਕਟਰ ਦਿਵਸ ਨੂੰ ਸਮਰਪਿਤ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਦਿੱਤਾ ਗਿਆ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਡਾ. ਮਨਿੰਦਰ ਭਸੀਨ ਨੂੰ ਸਟੇਟ ਅਵਾਰਡ ਅਤੇ ਪ੍ਰਸ਼ੰਸਾ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ (ਆਈਏਐਸ), ਸਿਹਤ ਵਿਭਾਗ ਡਾਇਰੈਕਟਰ ਡਾ. ਹਤਿੰਦਰ ਕੌਰ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਚਾਰ ਸਾਲਾਂ ਤੋਂ ਖੰਨਾ ਸਿਵਲ ਹਸਪਤਾਲ ਵਿੱਚ ਐਸਐਮਓ ਵਜੋਂ ਸੇਵਾਵਾਂ ਨਿਭਾ ਰਹੇ ਡਾ. ਮਨਿੰਦਰ ਸਿੰਘ ਭਸੀਨ ਨੇ ਆਪਣੇ ਕੁਸ਼ਲ ਪ੍ਰਬੰਧਨ ਅਤੇ ਦੂਰਅੰਦੇਸ਼ੀ ਨਾਲ ਹਸਪਤਾਲ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ। ਉਨ੍ਹਾਂ ਦੀ ਅਗਵਾਈ ਹੇਠ ਹਸਪਤਾਲ ਨੇ ਨਾ ਸਿਰਫ਼ ਇਲਾਜ ਦੀਆਂ ਸਹੂਲਤਾਂ ਵਿੱਚ ਵੱਡਾ ਸੁਧਾਰ ਕੀਤਾ, ਸਗੋਂ ਮਰੀਜ਼ਾਂ ਦਾ ਭਰੋਸਾ ਵੀ ਜਿੱਤਿਆ। ਅੱਜ ਖੰਨਾ ਦਾ ਸਰਕਾਰੀ ਹਸਪਤਾਲ ਪੰਜਾਬ ਦੇ ਬਿਹਤਰੀਨ ਸਰਕਾਰੀ ਹਸਪਤਾਲਾਂ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਐਸਐਮਓ ਦੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਦੇ ਬਾਵਜੂਦ ਡਾ. ਮਨਿੰਦਰ ਸਿੰਘ ਭਸੀਨ ਨੇ ਬਤੌਰ ਸਰਜਨ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ। ਉਨ੍ਹਾਂ ਨੇ ਖੰਨਾ ਸਿਵਲ ਹਸਪਤਾਲ ਵਿੱਚ ਸੈਂਕੜਿਆਂ ਮਰੀਜ਼ਾਂ ਦੇ ਸਫਲ ਆਪਰੇਸ਼ਨ ਕਰਕੇ ਉਨ੍ਹਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ। ਪਿੱਤੇ ਦੀ ਪੱਥਰੀ ਦੇ 300 ਤੋਂ ਵੱਧ ਦੂਰਬੀਨ ਨਾਲ ਆਪਰੇਸ਼ਨ ਕਰਕੇ ਮਰੀਜ਼ਾਂ ਨੂੰ ਕਰੋੜਾਂ ਰੁਪਏ ਦਾ ਇਲਾਜ ਸਰਕਾਰੀ ਹਸਪਤਾਲ ਖੰਨਾ ਵਿਖੇ ਮੁਫ਼ਤ ਮਹੱਈਆ ਕਰਾਇਆ ਗਿਆ। ਡਾ. ਭਸੀਨ ਦੀ ਅਗਵਾਈ ਹੇਠ ਮਿਸ਼ਨ ਅੰਮ੍ਰਿਤ ਤਹਿਤ ਚੱਲ ਰਹੇ ਸਟੈਮੀ ਪ੍ਰੋਜੈਕਟ ਨੇ ਵੀ ਸ਼ਾਨਦਾਰ ਸਫਲਤਾ ਹਾਸਲ ਕੀਤੀ। ਪਿਛਲੇ ਤਿੰਨ ਸਾਲਾਂ ਦੌਰਾਨ 100 ਤੋਂ ਵੱਧ ਦਿਲ ਦੇ ਮਰੀਜ਼ਾਂ ਨੂੰ ਸਮੇਂ ਸਿਰ ਕਰੀਬ 50 ਹਜ਼ਾਰ ਰੁਪਏ ਕੀਮਤ ਦਾ ਜੀਵਨ ਰੱਖਿਅਕ ਟੀਕਾ ਲਗਾ ਕੇ ਉਨ੍ਹਾਂ ਦੀ ਜਾਨ ਬਚਾਈ ਗਈ। ਇਸ ਪ੍ਰੋਜੈਕਟ ਵਿੱਚ ਖੰਨਾ ਸਿਵਲ ਹਸਪਤਾਲ ਨੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜੋ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਸਿਹਤ ਸੇਵਾਵਾਂ ਦੀ ਗੁਣਵੱਤਾ, ਸਫ਼ਾਈ ਅਤੇ ਪ੍ਰਬੰਧਨ ਦੇ ਮਾਪਦੰਡਾਂ ਵਿੱਚ ਵੀ ਖੰਨਾ ਸਿਵਲ ਹਸਪਤਾਲ ਨੇ ਵਿਸ਼ੇਸ਼ ਸਥਾਨ ਬਣਾਇਆ। ਕਾਇਆਕਲਪ ਮੁਹਿੰਮ ਤਹਿਤ ਹਸਪਤਾਲ ਨੇ ਪੂਰੇ ਪੰਜਾਬ ਵਿੱਚ 13ਵਾਂ ਸਥਾਨ ਹਾਸਲ ਕੀਤਾ। ਇਸਤੋਂ ਇਲਾਵਾ ਕਈ ਸਿਹਤ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਅਤੇ ਲੋਕ-ਪੱਖੀ ਸੇਵਾਵਾਂ ਕਾਰਨ ਹਸਪਤਾਲ ਨੇ ਲਗਾਤਾਰ ਪ੍ਰਸ਼ੰਸਾ ਹਾਸਲ ਕੀਤੀ ਹੈ। ਅੱਜ ਚੰਡੀਗੜ੍ਹ ਵਿਖੇ ਜਦੋਂ ਸਮਾਗਮ ਦੌਰਾਨ ਮੰਚ ਤੋਂ ਡਾ. ਮਨਿੰਦਰ ਸਿੰਘ ਭਸੀਨ ਦੀਆਂ ਇੱਕ ਤੋਂ ਬਾਅਦ ਇੱਕ ਉਪਲਬਧੀਆਂ ਦਾ ਜ਼ਿਕਰ ਕੀਤਾ ਗਿਆ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਡਾ. ਮਨਿੰਦਰ ਭਸੀਨ ਦੀ ਸਮਰਪਿਤ ਕਾਰਜਸ਼ੈਲੀ, ਮਰੀਜ਼ਾਂ ਪ੍ਰਤੀ ਸੰਵੇਦਨਸ਼ੀਲ ਰਵੱਈਏ ਅਤੇ ਉੱਚ ਪੱਧਰੀ ਪ੍ਰਬੰਧਨ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਦੱਸ ਦਈਏ ਕਿ ਡਾ. ਮਨਿੰਦਰ ਸਿੰਘ ਭਸੀਨ ਨੂੰ ਇਸ ਤੋਂ ਪਹਿਲਾਂ ਵੀ ਸਬ-ਡਵੀਜ਼ਨ, ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਾਲ 2016 ਵਿੱਚ ਆਈਐਮਏ ਪੰਜਾਬ ਦੀ ਨੈਸ਼ਨਲ ਕਾਨਫਰੰਸ ਦੌਰਾਨ ਉਨ੍ਹਾਂ ਨੂੰ 'ਡਾਕਟਰ ਆਫ ਦਿ ਈਅਰ' ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ। ਹੁਣ ਸਟੇਟ ਅਵਾਰਡ ਨਾਲ ਸਨਮਾਨਿਤ ਹੋਣਾ ਉਨ੍ਹਾਂ ਦੇ ਸੇਵਾਮਈ ਜੀਵਨ ਵਿੱਚ ਇੱਕ ਹੋਰ ਸੁਨਹਿਰੀ ਪ੍ਰਾਪਤੀ ਵਜੋਂ ਸ਼ਾਮਲ ਹੋ ਗਿਆ ਹੈ। ਡਾ. ਮਨਿੰਦਰ ਸਿੰਘ ਭਸੀਨ ਦਾ ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਉਪਲਬਧੀ ਹੈ, ਸਗੋਂ ਖੰਨਾ ਸਿਵਲ ਹਸਪਤਾਲ, ਸਮੂਹ ਸਿਹਤ ਵਿਭਾਗ ਅਤੇ ਖੰਨਾ ਸ਼ਹਿਰ ਲਈ ਵੀ ਮਾਣ ਵਾਲਾ ਪਲ ਹੈ।
