ਟੂਰਨਾਮੈਂਟ ਕਰਵਾਇਆ.
ਲਾਡਪੁਰ ਤੁਰਾਂ ’ਚ ਅੰਡਰ-19 ਕ੍ਰਿਕਟ ਟੂਰਨਾਮੈਂਟ ਕਰਵਾਇਆ
ਖੰਨਾ, 2 ਜੁਲਾਈ (ਮਨਜੀਤ ਸਿੰਘ ਧੀਮਾਨ) --ਇਥੋਂ ਦੇ ਨੇਡ਼ਲੇ ਪਿੰਡ ਲਾਡਪੁਰ ਤੁਰਾਂ ਵਿਖੇ ਸ਼ਹੀਦ ਭਾਈ ਮਨੀ ਸਿੰਘ ਸਪੋਰਟਸ ਕਲੱਬ ਵੱਲੋਂ ਅੰਡਰ-19 ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਵੱਖ ਵੱਖ ਕ੍ਰਿਕਟ ਟੀਮਾਂ ਨੇ ਬਡ਼ੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਗਵੀਰ ਸਿੰਘ ਜੱਗਾ ਗੋਹ ਨੇ ਟੂਰਨਾਮੈਂਟ ਵਿਚ ਸ਼ਾਮਲ ਟੀਮਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਕ੍ਰਿਕਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਉੱਥੇ ਹੀ ਸਾਡਾ ਮਾਨਸਿਕ ਵਿਕਾਸ ਕਰਨ ਵਿਚ ਵੀ ਸਹਾਈ ਹੁੰਦੀਆਂ ਹਨ। ਇਸ ਟੂਰਨਾਮੈਂਟ ਵਿਚ ਪਿੰਡ ਸਲਾਣੀ ਦੀ ਟੀਮ ਨੇ ਪਹਿਲਾ ਅਤੇ ਬਦੀਨਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰਬੰਧਕਾਂ ਨੇ ਜੇਤੂ ਟੀਮਾਂ ਅਤੇ ਵਧੀਆ ਖੇਡਣ ਵਾਲੇ ਖਿਡਾਰੀਆਂ ਨੂੰ 7100 ਰੁਪਏ ਅਤੇ 5100 ਰੁਪਏ ਨਗਦ ਰਾਸ਼ੀ ਤੇ ਟਰਾਫ਼ੀ ਨਾਲ ਸਨਮਾਨਿਤ ਕਰਦਿਆਂ ਭਵਿੱਖ ਵਿਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਰੋਹਿਤ ਭਲਵਾਨ ਨੇ ਇਲਾਕਾ ਨਿਵਾਸੀਆਂ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਸ਼ੇਰਾ ਭਲਵਾਨ, ਫਤਹਿ ਹਰਿਓ, ਦਵਿੰਦਰ ਸਿੰਘ, ਕਮਲ ਬਰਮਾਲੀਪੁਰ, ਨੱਟੀ ਹਰਿਓ, ਬੱਬੂ ਖੰਨਾ ਆਦਿ ਹਾਜ਼ਰ ਸਨ।
