ਸਮੇਂ ਸਮੇਂ ਦੀ ਗੱਲ .

ਸਮੇਂ ਸਮੇਂ ਦੀ ਗੱਲ ਹੈ ਲੋਕੀਂ ਵੱਸਦੇ ਹੁੰਦੇ ਸੀ

ਜਿਹੜੇ ਇੱਕ ਦੂਜੇ ਦੇ ਦਿਲ ਵਿੱਚ ਰਸਦੇ ਹੁੰਦੇ ਸੀ

ਓਦੋਂ ਸਾਰੇ ਸਾਂਝੇ ਹਾਸੇ ਹੱਸਿਆ ਕਰਦੇ ਸੀ

ਮੈਂਨੂੰ ਮੇਰੇ ਦਾਦੇ-ਪੜਦਾਦੇ ਦੱਸਿਆ ਕਰਦੇ ਸੀ

 

ਕੱਚੇ ਲਿੱਪੇ ਕੋਠੇ, ਕੱਚੀਆਂ ਬਸਤੀਆਂ ਹੁੰਦੀਆਂ ਸੀ

ਓਸ ਸਮੇਂ ਵਿੱਚ ਚੀਜ਼ਾਂ ਬੜੀਆਂ ਸਸਤੀਆਂ ਹੁੰਦੀਆਂ ਸੀ

ਓਸ ਸਮੇਂ ਵਿੱਚ ਚੱਲਦੇ ਆਨੇ-ਧੇਲੇ ਹੁੰਦੇ ਸੀ

ਘਰ-ਘਰ ਮੱਝੀਆਂ-ਗਾਈਆਂ ਅਤੇ ਤਬੇਲੇ ਹੁੰਦੇ ਸੀ

ਓਸ ਸਮੇਂ ਦੇ ਲੋਕ ਬੜੇ ਈ ਅਲਬੇਲੇ ਹੁੰਦੇ ਸੀ

ਪਿੰਡਾਂ ਵਿੱਚ ਬੜੇ ਜੋਰ-ਸ਼ੋਰ ਨਾਲ ਮੇਲੇ ਹੁੰਦੇ ਸੀ

 

ਓਦੋਂ ਭਾਵੇਂ ਲੋਕ ਨਾ ਬਹੁਤੇ ਪੜ੍ਹਿਆ ਕਰਦੇ ਸੀ

ਪਰ ਸਾਰੇ ਈ ਲੋਕ ਮੁਸ਼ੱਕਤ ਕਰਿਆ ਕਰਦੇ ਸੀ

ਬੜੀਆਂ ਚੰਗੀਆਂ ਓਸ ਸਮੇਂ ਰਿਵਾਇਤਾਂ ਹੁੰਦੀਆਂ ਸੀ

ਲੜਾਈ-ਝਗੜੇ,ਫੈਸਲਿਆਂ ਨੂੰ ਪੰਚਾਇਤਾਂ ਹੁੰਦੀਆਂ ਸੀ

 

ਅੱਜ ਵਾਂਗ ਨਾ ਥਾਂ-ਥਾਂ ਉੱਤੇ ਥਾਣੇ ਹੁੰਦੇ ਸੀ

ਸੁਣਿਐ ਓਦੋਂ ਲੋਕ ਬੜੇ ਹੀ ਸਿਆਣੇ ਹੁੰਦੇ ਸੀ

ਕੌਲ-ਕਰਾਰਾਂ ਦੇ ਓਦੋਂ ਲੋਕੀ ਪੱਕੇ ਹੁੰਦੇ ਸੀ

ਆਉਣ-ਜਾਣ ਲਈ ਰੇਹੜੇ, ਟਾਂਗੇ-ਯੱਕੇ ਹੁੰਦੇ ਸੀ

 

ਸੂਏ-ਨਹਿਰਾਂ ਦੇ ਵਿੱਚ ਚੁੱਭੀਆਂ ਲਾਉਂਦੇ ਹੁੰਦੇ ਸੀ

ਸਾਬਣ ਨਹੀਂ ਸੀ ਰੀਠਿਆਂ ਦੇ ਨਾਲ ਨਹਾਉੰਦੇ ਹੁੰਦੇ ਸੀ

ਦੂਰ-ਦੁਰਾਡੇ ਵੱਸਦੇ ਸੱਜਣਾਂ ਨੂੰ ਚਿੱਠੀਆਂ ਘੱਲਦੇ ਸੀ

ਅੱਜਕੱਲ ਵਾਂਗੂੰ ਇੰਟਰਨੈੱਟ ਤੇ ਫੋਨ ਨਾ ਚੱਲਦੇ ਸੀ

 

ਲੋਕ-ਗੀਤ ਤੇ ਗਿੱਧਾ-ਭੰਗੜਾ ਮਨ ਪਰਚਾਵਾ ਸੀ

ਸਾਦਾ ਰਹਿਣ-ਸਹਿਣ ਸੀ,ਸਾਦਾ ਈ ਪਹਿਰਾਵਾ ਸੀ

 

ਕੁੜੀਆਂ ਓਦੋਂ ਚਰਖੇ ਤੇ ਤੰਦ ਪਾਉਂਦੀਆਂ ਹੁੰਦੀਆਂ ਸੀ

ਬੈਠ ਤ੍ਰਿੰਞਣਾਂ ਵਿੱਚ ਹੱਸਦੀਆਂ-ਗਾਉੰਦੀਆਂ ਹੁੰਦੀਆਂ ਸੀ

ਸਾਉਣ ਮਹੀਨੇ ਤੀਆਂ ਬੜੀਆਂ ਸੱਜਦੀਆਂ ਹੁੰਦੀਆਂ ਸੀ

ਉਦੋਂ ਪਿੰਡ ਦੀਆਂ ਜੂਹਾਂ ਬੜੀਆਂ ਫੱਬਦੀਆਂ ਹੁੰਦੀਆਂ ਸੀ

 

ਓਹ ਵੇਲੇ ਗਏ ਬੀਤ ਅਤੇ ਇਹ ਸਮਾਂ ਅਨੋਖਾ ਏ

ਆਉੰਦੀਆਂ ਪੀੜ੍ਹੀਆਂ ਦੇ ਲਈ ਬਣ ਗਿਆ ਯਾਦ-ਝਰੋਖਾ ਏ

ਪਹਿਲਾਂ ਕੰਨੀਂ ਸੁਣਕੇ ਵੀ ਇਤਬਾਰ ਸੀ ਕਰ ਲੈਂਦੇ

ਹੁਣ 'ਗੁਰਵੀਰ' ਅੱਖੀਂ ਡਿੱਠਿਆ ਵੀ ਲੱਗਦਾ ਧੋਖਾ ਏ


                                         - - ਗੁਰਵੀਰ ਸਿਆਣ