ਇੰਟਰਨੈਸ਼ਨਲ ਸਿੱਖ ਫੈਡਰੇਸ਼ਨ.
*ਦੰਗਾ ਪੀੜਤ ਵੈਲਫ਼ੇਅਰ ਸੁਸਾਇਟੀ ਵਲੋਂ ਵਿੱਢੇ ਸੰਘਰਸ਼ ਵਿਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਪੂਰਨ ਹਮਾਇਤ ਕਰੇਗੀ*
ਲੁਧਿਆਣਾ (ਇੰਦਰਜੀਤ): ਦੰਗਾ ਪੀੜਤ ਵੈਲਫ਼ੇਅਰ ਸੁਸਾਇਟੀ ਪੰਜਾਬ ਨੇ ਦੰਗਾ ਪੀੜਤਾਂ ਦੇ ਚਿਰਾਂ ਤੋਂ ਲਟਕਦੇ ਮਸਲਿਆਂ ਦੇ ਹੱਲ ਲਈ ਜ਼ੋਰਦਾਰ ਸੰਘਰਸ਼ ਕਰਨ ਦਾ ਜੋ ਫ਼ੈਸਲਾ ਕੀਤਾ ਗਿਆ ਹੈ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਸੰਪੂਰਨ ਤੌਰ ਤੇ ਇਸ ਸੰਘਰਸ਼ ਦਾ ਸਾਥ ਦੇਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਨੂੰ ਜਾਰੀ ਸਾਂਝੇ ਬਿਆਨ ਵਿਚ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ, ਭਾਈ ਬਲਜੀਤ ਸਿੰਘ ਬੀਤਾ ਸਕੱਤਰ ਜਨਰਲ ਅਤੇ ਮੁੱਖ ਬੁਲਾਰਾ ਜਸਪਾਲ ਸਿੰਘ ਇਸਲਾਮ ਗੰਜ ਨੇ ਕੀਤਾ। ਭਾਈ ਖਾਲਸਾ ਨੇ ਕਿਹਾ ਕਿ ਪਿਛਲੇ ਦਿਨੀਂ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਮਹਿਲਾ ਵਿੰਗ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਬੀਬੀ ਗੁਰਦੀਪ ਕੌਰ ਦੀ ਅਗਵਾਈ ਹੇਠ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਪੰਜ ਬੀਬੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਸਥਿਤ ਕੋਠੀ ਦੇ ਬਾਹਰ ਮਰਨ ਵਰਤ 'ਤੇ ਬੈਠਣਗੀਆਂ। ਇਸ ਮੌਕੇ ਅਣਮਿੱਥੇ ਸਮੇਂ ਲਈ ਧਰਨਾ ਵੀ ਦਿੱਤਾ ਜਾਵੇਗਾ ।
ਫੈਡਰਸ਼ਨ ਆਗੂਆਂ ਵਲੋਂ ਪੰਜਾਬ ਸਰਕਾਰ ਵੱਲੋਂ ਦੰਗਾ ਪੀੜਤਾਂ ਸਬੰਧੀ ਧਾਰਨ ਕੀਤੀ ਨੀਤੀ ਦੀ ਜ਼ੋਰਦਾਰ ਨਿੰਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੰਗਾ ਪੀੜਤਾਂ ਨੇ ਹੁਣ ਆਪਣੇ ਮਸਲਿਆਂ ਦਾ ਹੱਲ ਕਰਾਉਣ ਲਈ ਆਰ ਪਾਰ ਦੀ ਲੜਾਈ ਲੜਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਇਸੇ ਤਰ੍ਹਾਂ ਹੀ ਧਰਨੇ ਲਗਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਇੱਕ ਤਾਂ ਸੱਤਾ ਦਾ ਨਸ਼ਾ ਹੈ ਅਤੇ ਦੂਜਾ ਲਾਲਪਰੀ ਦਾ ਨਸ਼ਾ ਹੈ ਜਿਸ ਕਾਰਨ ਉਨ੍ਹਾਂ ਦਾ ਧਿਆਨ ਲੋਕ ਮਸਲੇ ਹੱਲ ਕਰਨ ਦੀ ਥਾਂ ਦਿੱਲੀ ਵਾਲਿਆਂ ਦੀ ਮਿਲੀਭੁਗਤ ਨਾਲ ਲੁੱਟ ਖਸੁੱਟ ਵੱਲ ਲੱਗਾ ਹੋਇਆ ਹੈ। ਫੈਡਰੇਸ਼ਨ ਕਿਸੇ ਵੀ ਕੀਮਤ ਤੇ ਪੰਜਾਬ ਦੀ ਹੋਣ ਵਾਲੀ ਲੁਟ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇਇਸ ਨੂੰ ਰੋਕਣ ਲਈ ਹਰ ਹੀਲਾ ਵਰਤੇਗੀ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਅਸੀਂ ਸਾਰੇ ਦੰਗਾ ਪੀੜਿਤ ਵੈਲਫੇਅਰ ਸੋਸਾਇਟੀ ਨਾਲ ਚਟਾਨ ਵਾਂਗ ਖੜੇ ਹਾਂ ਜਦ ਤੱਕ ਇਹਨਾਂ ਦੇ ਮੁੜ ਵਸੇਬਾ ਨਹੀਂ ਹੋ ਜਾਂਦਾ ਤਦ ਤੱਕ ਸੰਘਰਸ਼ ਜਾਰੀ ਰਹੇਗਾ।
