ਹਾਊਸ ਮੀਟਿੰਗ .
*ਖੰਨਾ ਦੇ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ, ਸੌਂਦ ਨੇ ਨਗਰ ਕੌਂਸਲ ਖੰਨਾ ਵਿਖੇ ਕੀਤੀ 4 ਘੰਟੇ ਦੀ ਸਮੀਖਿਆ ਮੀਟਿੰਗ*
*ਸੋਮਵਾਰ ਨੂੰ ਨਗਰ ਕੌਂਸਲ ਦੀ ਹਾਊਸ ਮੀਟਿੰਗ ਵਿੱਚ ਲਏ ਜਾਣਗੇ ਵਿਕਾਸ ਨਾਲ ਜੁੜੇ ਅਹਿਮ ਫ਼ੈਸਲੇ*
ਖੰਨਾ , 3 ਜੁਲਾਈ (ਮਨਜੀਤ ਸਿੰਘ ਧੀਮਾਨ) ---ਕੈਬਨਿਟ ਮੰਤਰੀ ਸੌਂਦ ਨੇ ਅੱਜ ਨਗਰ ਕੌਂਸਲ ਖੰਨਾ ਵਿਖੇ ਸ਼ਹਿਰ ਦੇ ਸਰਵਪੱਖੀ ਵਿਕਾਸ, ਬੁਨਿਆਦੀ ਸਹੂਲਤਾਂ ਦੇ ਵਿਸਥਾਰ ਅਤੇ ਲੋਕ ਭਲਾਈ ਨਾਲ ਸਬੰਧਤ ਪ੍ਰਾਜੈਕਟਾਂ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਉਪ ਪ੍ਰਧਾਨ ਹਰੀਸ਼ ਗੁਪਤਾ, ਉਪ ਪ੍ਰਧਾਨ ਕਰਮਜੀਤ ਸਿੰਘ ਸਿਫ਼ਤੀ ਅਤੇ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨਾਲ ਇੱਕ ਵਿਸਤ੍ਰਿਤ ਅਤੇ ਸੰਜੀਦਾ ਸਮੀਖਿਆ ਮੀਟਿੰਗ ਕੀਤੀ। ਕਰੀਬ ਚਾਰ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਨਾਲ ਜੁੜੇ ਹਰ ਪਹਿਲੂ 'ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ ਮੀਟਿੰਗ ਦੌਰਾਨ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਵਿੱਚ ਸੁਧਾਰ, ਸੜਕਾਂ ਅਤੇ ਗਲੀਆਂ ਦੀ ਮੁਰੰਮਤ ਤੇ ਨਵੀਂ ਉਸਾਰੀ, ਸਟਰੀਟ ਲਾਈਟਾਂ ਦੇ ਆਧੁਨਿਕੀਕਰਨ, ਪਾਰਕਾਂ ਦੀ ਸੁੰਦਰਤਾ, ਡਰੇਨੇਜ ਪ੍ਰਬੰਧ ਨੂੰ ਮਜ਼ਬੂਤ ਕਰਨ, ਟ੍ਰੈਫਿਕ ਪ੍ਰਬੰਧਨ, ਕੂੜਾ ਪ੍ਰਬੰਧਨ ਅਤੇ ਸ਼ਹਿਰ ਦੀ ਸਮੁੱਚੀ ਬੁਨਿਆਦੀ ਢਾਂਚਾਗਤ ਸਥਿਤੀ ਨੂੰ ਮਜ਼ਬੂਤ ਕਰਨ ਲਈ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਲੋਕਾਂ ਨੂੰ ਨਗਰ ਕੌਂਸਲ ਦੀਆਂ ਸੇਵਾਵਾਂ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣ ਲਈ ਵੀ ਕਈ ਸੁਝਾਵਾਂ 'ਤੇ ਸਹਿਮਤੀ ਬਣੀ।
ਸੌਂਦ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਹਰ ਵਿਕਾਸ ਕਾਰਜ ਨਿਰਧਾਰਿਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਦੇ ਮਿਆਰਾਂ ਅਨੁਸਾਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਲਏ ਗਏ ਮਹੱਤਵਪੂਰਨ ਫ਼ੈਸਲਿਆਂ ਨੂੰ ਆਉਣ ਵਾਲੇ ਸੋਮਵਾਰ ਨੂੰ ਹੋਣ ਵਾਲੀ ਨਗਰ ਕੌਂਸਲ ਹਾਊਸ ਦੀ ਮੀਟਿੰਗ ਵਿੱਚ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਲੋੜੀਂਦੇ ਹਰ ਪ੍ਰਾਜੈਕਟ ਨੂੰ ਤਰਜੀਹ ਦੇ ਆਧਾਰ 'ਤੇ ਅੱਗੇ ਵਧਾਇਆ ਜਾਵੇਗਾ ਅਤੇ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸੌਂਦ ਨੇ ਕਿਹਾ, "ਹੁਣ ਸਾਡਾ ਖੰਨਾ ਨਵੀਂ ਉਡਾਣ ਦੇਖੇਗਾ। ਸਾਡਾ ਟੀਚਾ ਖੰਨਾ ਨੂੰ ਇੱਕ ਸਾਫ਼-ਸੁਥਰਾ, ਸੁੰਦਰ, ਆਧੁਨਿਕ ਅਤੇ ਵਿਕਸਤ ਸ਼ਹਿਰ ਵਜੋਂ ਸਥਾਪਿਤ ਕਰਨਾ ਹੈ। ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਬਿਹਤਰ ਢੰਗ ਨਾਲ ਮੁਹੱਈਆ ਕਰਵਾਈ ਜਾਵੇਗੀ। ਸ਼ਹਿਰ ਦੇ ਹਰ ਵਰਗ ਦੀ ਭਲਾਈ ਅਤੇ ਖੁਸ਼ਹਾਲੀ ਲਈ ਪੰਜਾਬ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।"ਮੀਟਿੰਗ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਨੇ ਵੀ ਸ਼ਹਿਰ ਦੇ ਵਿਕਾਸ ਲਈ ਆਪਣੇ ਸੁਝਾਅ ਪੇਸ਼ ਕੀਤੇ ਅਤੇ ਭਰੋਸਾ ਦਿੱਤਾ ਕਿ ਸਾਰੇ ਵਿਕਾਸ ਕਾਰਜ ਪਾਰਦਰਸ਼ੀ, ਸਮੇਂ ਸਿਰ ਅਤੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਵਿਕਾਸ ਕਾਰਜਾਂ ਦੀ ਨਿਯਮਤ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਹਰ ਪ੍ਰਾਜੈਕਟ ਦੀ ਪ੍ਰਗਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਸਕੇ ਅਤੇ ਖੰਨਾ ਨੂੰ ਵਿਕਾਸ ਦੇ ਨਵੇਂ ਯੁੱਗ ਵੱਲ ਲਿਜਾਇਆ ਜਾ ਸਕੇ।
