ਅਣਅਥੋਰਾਈਜ਼ਡ ਸਿਲੇਂਸਰਾਂ ਤੇ ਚੱਲਿਆ ਬੁਲਡੋਜ਼ਰ .

*-ਖੰਨਾ ਪੁਲਿਸ ਦਾ ਐਕਸ਼ਨ ਮੋਡ: ਬੁਲੇਟਾਂ ਦੇ ਪਟਾਕੇ ਕੀਤੇ ਜਾਣਗੇ ਪੂਰਨ ਬੰਦ, 150 ਗੈਰ-ਕਾਨੂੰਨੀ ਸਾਈਲੈਂਸਰਾਂ 'ਤੇ ਚੱਲਿਆ ਬੁਲਡੋਜ਼ਰ*

*-ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ, ਮਾਪਿਆਂ ਨੂੰ ਵੀ ਕੀਤੀ ਸਹਿਯੋਗ ਦੀ ਅਪੀਲ* 

*-ਜਿਲ੍ਹੇ ਭਰ ਅੰਦਰ ਸੈਂਕੜੇ ਚਲਾਨ, ਕਰੀਬ 150 ਗੈਰ-ਕਾਨੂੰਨੀ ਸਾਈਲੈਂਸਰ ਜ਼ਬਤ ਕਰਕੇ ਜਨਤਕ ਤੌਰ 'ਤੇ ਕੀਤੇ ਨਸ਼ਟ, ਹੁਣ ਮੋਡੀਫਿਕੇਸ਼ਨ ਕਰਨ ਵਾਲੇ ਮੈਕੇਨਿਕਾਂ ਖਿਲਾਫ ਵੀ ਹੋਵੇਗੀ ਕਾਰਵਾਈ* 

ਖੰਨਾ,  03 ਜੁਲਾਈਮਨਜੀਤ ਸਿੰਘ ਧੀਮਾਨ --ਪੁਲਿਸ ਜ਼ਿਲ੍ਹਾ ਖੰਨਾ ਵਿੱਚ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ, ਆਵਾਜ਼ ਪ੍ਰਦੂਸ਼ਣ 'ਤੇ ਰੋਕ ਲਗਾਉਣ ਅਤੇ ਆਮ ਲੋਕਾਂ ਨੂੰ ਸੁਖਾਵਾਂ ਮਾਹੌਲ ਪ੍ਰਦਾਨ ਕਰਨ ਦੇ ਮਕਸਦ ਨਾਲ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਦਰਪਣ ਆਹਲੂਵਾਲੀਆ (ਆਈ.ਪੀ.ਐਸ) ਦੀ ਅਗਵਾਈ ਹੇਠ ਚਲਾਈ ਗਈ ਵਿਸ਼ੇਸ਼ ਮੁਹਿੰਮ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜਨਤਕ ਹਿੱਤਾਂ ਨਾਲ ਖਿਲਵਾੜ ਕਰਨ ਵਾਲਿਆਂ ਲਈ ਹੁਣ ਕੋਈ ਰਿਆਇਤ ਨਹੀਂ ਹੋਵੇਗੀ। ਗੈਰ-ਕਾਨੂੰਨੀ ਸਾਈਲੈਂਸਰ ਲਗਾ ਕੇ ਬੁਲੇਟ ਮੋਟਰਸਾਈਕਲਾਂ ਨਾਲ ਪਟਾਕੇ ਮਾਰਨ ਵਾਲਿਆਂ ਖ਼ਿਲਾਫ਼ ਚਲਾਈ ਗਈ ਇਸ ਮੁਹਿੰਮ ਤਹਿਤ ਜਿੱਥੇ ਪੂਰੇ ਜ਼ਿਲ੍ਹੇ ਵਿੱਚ ਸੈਂਕੜੇ ਚਲਾਨ ਕੀਤੇ ਗਏ, ਉੱਥੇ ਹੀ ਕਰੀਬ 150 ਗੈਰ-ਕਾਨੂੰਨੀ ਸਾਈਲੈਂਸਰ ਜ਼ਬਤ ਕਰਕੇ ਅੱਜ ਖੰਨਾ ਦੇ ਅਮਲੋਹ ਚੌਂਕ ਵਿੱਚ ਲੋਕਾਂ ਦੇ ਸਾਮਣੇ ਉਨ੍ਹਾਂ 'ਤੇ ਬੁਲਡੋਜ਼ਰ ਚਲਾ ਕੇ ਨਸ਼ਟ ਕੀਤਾ ਗਿਆ। ਇਹ ਕਾਰਵਾਈ ਸਿਰਫ਼ ਗੈਰ-ਕਾਨੂੰਨੀ ਸਾਈਲੈਂਸਰ ਨਸ਼ਟ ਕਰਨ ਤੱਕ ਸੀਮਿਤ ਨਹੀਂ ਰਹੀ, ਸਗੋਂ ਇਸ ਰਾਹੀਂ ਪੁਲਿਸ ਨੇ ਪੂਰੇ ਸਮਾਜ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੀ ਪੁਲਿਸ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ  ਬੁਲੇਟ ਮੋਟਰਸਾਈਕਲਾਂ 'ਤੇ ਗੈਰ-ਕਾਨੂੰਨੀ ਸਾਈਲੈਂਸਰ ਲਗਾ ਕੇ ਉੱਚੀ ਆਵਾਜ਼ ਨਾਲ ਪਟਾਕੇ ਮਾਰੇ ਜਾਂਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਕਰਕੇ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਨ ਵਾਲੀਆਂ ਔਰਤਾਂ, ਬਜ਼ੁਰਗਾਂ, ਦਿਲ ਦੇ ਮਰੀਜ਼ਾਂ, ਛੋਟੇ ਬੱਚਿਆਂ ਅਤੇ ਸਕੂਲ-ਕਾਲਜਾਂ ਦੇ ਨੇੜੇ ਇਹ ਹਰਕਤਾਂ ਡਰ ਅਤੇ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਸਨ। ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਨੂੰ ਧਿਆਨ ਵਿੱਚ ਰੱਖਦਿਆਂ ਟਰੈਫਿਕ ਪੁਲਿਸ ਨੂੰ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਮੁਹਿੰਮ ਤਹਿਤ ਪੂਰੇ ਜ਼ਿਲ੍ਹੇ ਵਿੱਚ ਸੈਂਕੜੇ ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਕਰੀਬ 150 ਗੈਰ-ਕਾਨੂੰਨੀ ਸਾਈਲੈਂਸਰ ਜ਼ਬਤ ਕੀਤੇ ਗਏ। ਅੱਜ ਇਨ੍ਹਾਂ ਸਾਈਲੈਂਸਰਾਂ ਨੂੰ ਜਨਤਕ ਤੌਰ 'ਤੇ ਨਸ਼ਟ ਕਰਕੇ ਲੋਕਾਂ ਵਿੱਚ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ ਹੈ ਕਿ ਅਜਿਹੀਆਂ ਹਰਕਤਾਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਦਾ ਸਿਰਫ਼ ਪਹਿਲਾ ਪੜਾਅ ਹੈ। ਅਗਲੇ ਪੜਾਅ ਵਿੱਚ ਉਹਨਾਂ ਵਰਕਸ਼ਾਪਾਂ, ਗੈਰਾਜਾਂ ਅਤੇ ਮਕੈਨਿਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਗੈਰ-ਕਾਨੂੰਨੀ ਸਾਈਲੈਂਸਰ ਲਗਾਉਂਦੇ ਜਾਂ ਮੋਡੀਫਾਈ ਕਰਦੇ ਹਨ। ਅਜਿਹੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਮੁਕੱਦਮੇ ਵੀ ਦਰਜ ਕੀਤੇ ਜਾਣਗੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਗੈਰ-ਕਾਨੂੰਨੀ ਸਾਈਲੈਂਸਰ ਲਗਾ ਕੇ ਪਟਾਕੇ ਮਾਰਨ ਵਰਗੀਆਂ ਹਰਕਤਾਂ ਤੋਂ ਰੋਕਣ। ਜੇਕਰ ਕੋਈ ਨਾਬਾਲਗ ਅਜਿਹੀ ਉਲੰਘਣਾ ਕਰਦਾ ਮਿਲਿਆ ਤਾਂ ਕਾਨੂੰਨ ਅਨੁਸਾਰ ਉਸਦੇ ਮਾਪਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
ਸ਼ਹਿਰਵਾਸੀਆਂ ਨੇ ਵੀ ਖੰਨਾ ਪੁਲਿਸ ਦੀ ਇਸ ਮੁਹਿੰਮ ਨੂੰ ਸਮੇਂ ਦੀ ਲੋੜ ਦੱਸਦਿਆਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਗੈਰ-ਕਾਨੂੰਨੀ ਸਾਈਲੈਂਸਰਾਂ ਦੀ ਉੱਚੀ ਆਵਾਜ਼ ਕਾਰਨ ਲੋਕ ਪਰੇਸ਼ਾਨ ਸਨ। ਹੁਣ ਪੁਲਿਸ ਦੀ ਇਸ ਸਖ਼ਤ ਕਾਰਵਾਈ ਨਾਲ ਨਾ ਸਿਰਫ਼ ਕਾਨੂੰਨ ਦਾ ਡਰ ਪੈਦਾ ਹੋਵੇਗਾ, ਸਗੋਂ ਨੌਜਵਾਨਾਂ ਵਿੱਚ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਜਾਗਰੂਕਤਾ ਵਧੇਗੀ। ਇਸ ਮੌਕੇ ਡੀ.ਐਸ.ਪੀ ਟਰੈਫਿਕ ਕਰਮਵੀਰ ਸਿੰਘ ਤੂਰ, ਟਰੈਫਿਕ ਇੰਚਾਰਜ ਕੁਲਜੀਤ ਸਿੰਘ ਸਮੇਤ ਟਰੈਫਿਕ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ, ਜਿਨ੍ਹਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਖੰਨਾ ਪੁਲਿਸ ਦੀ ਇਹ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਲਈ ਕੋਈ ਢਿੱਲ ਨਹੀਂ ਹੈ ਅਤੇ ਆਮ ਲੋਕਾਂ ਦੀ ਸੁਰੱਖਿਆ, ਸ਼ਾਂਤੀ ਅਤੇ ਸੁੱਖ-ਸੁਵਿਧਾ ਨੂੰ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਜਾ ਰਹੀ ਹੈ। ਇਹ ਮੁਹਿੰਮ ਨਾ ਸਿਰਫ਼ ਟਰੈਫਿਕ ਅਨੁਸ਼ਾਸਨ ਨੂੰ ਮਜ਼ਬੂਤ ਕਰੇਗੀ, ਸਗੋਂ ਜਨਤਾ ਵਿੱਚ ਕਾਨੂੰਨ ਪ੍ਰਤੀ ਭਰੋਸਾ ਵੀ ਹੋਰ ਮਜ਼ਬੂਤ ਕਰੇਗੀ।