ਯੂਰੀਆ ਘੁਟਾਲੇ ਦੀ ਜਾਂਚ ਲਈ SIT ਬਣਾਈ .
* *ਮਾਮਲਾ ਯੂਰੀਆ ਘੁਟਾਲੇ 'ਚ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣਾ*
*ਯੂਰੀਆ ਮਾਮਲੇ ਦੇ ਘਪਲੇ ਦੀ ਜਾਂਚ ਲਈ ਪੰਜ ਮੈਂਬਰੀ ਸਿੱਟ ਬਣਾਈ*
*ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦੀ ਸਾਜਿਸ਼ ਰਚਣ ਦੇ ਦੋਸ਼*
*ਖੰਨਾ ਦੇ ਵੇਰਕਾ ਕੈਟਲ ਫੀਡ ਪਲਾਂਟ ਵਿੱਚ ਸਾਹਮਣੇ ਆਏ ਯੂਰੀਆ ਘਪਲੇ ਦੀ ਜਾਂਚ ਹੋਰ ਤੇਜ਼ --ਐਸ ਐਸ ਪੀ ਆਹਲੂਵਾਲੀਆ*
ਖੰਨਾ 4 ਜੁਲਾਈ (ਮਨਜੀਤ ਸਿੰਘ ਧੀਮਾਨ )--ਖੰਨਾ ਦੇ ਵੇਰਕਾ ਕੈਟਲ ਫੀਡ ਪਲਾਂਟ ਵਿੱਚ ਸਾਹਮਣੇ ਆਏ ਯੂਰੀਆ ਘਪਲੇ ਦੀ ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਹੈ। ਖੰਨਾ ਦੇ ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ ਜਿਸ ਵਿੱਚ ਇਕ ਐੱਸ ਪੀ, ਤਿੰਨ ਡੀ ਐੱਸ ਪੀ ਅਤੇ ਇਕ ਐੱਸ ਐੱਚ ਓ ਸ਼ਾਮਲ ਹਨ। ਪੁਲੀਸ ਟੀਮਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇ ਮਾਰ ਰਹੀਆਂ ਹਨ। ਇਹ ਮਾਮਲਾ ਪੰਜਾਬ ਰਾਜ ਸਹਿਕਾਰੀ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ (ਵੇਰਕਾ) ਦੇ ਭੱਟੀਆਂ, ਖੰਨਾ ਸਥਿਤ ਕੈਟਲ ਫੀਡ ਪਲਾਂਟ ਵਿਚ ਵਰਤੇ ਗਏ ਯੂਰੀਆ ਨਾਲ ਸਬੰਧਤ ਹੈ। ਖੇਤੀਬਾੜੀ ਵਿਭਾਗ ਨੇ ਛਾਪੇਮਾਰੀ ਦੌਰਾਨ 1340 ਬੋਰੀਆਂ ਯੂਰੀਆ ਬਰਾਮਦ ਕੀਤਾ ਸੀ ਜਿਨ੍ਹਾਂ ਨੂੰ ਟੈਕਨੀਕਲ ਗ੍ਰੇਡ ਦਾ ਦੱਸਿਆ ਗਿਆ ਸੀ। ਸ਼ੱਕ ਦੇ ਅਧਾਰ ’ਤੇ ਲਏ ਨਮੂਨਿਆਂ ਵਿਚ ਨੀਲ ਆਇਲ ਮਿਲਿਆ ਜਿਸ ਨਾਲ ਸਪੱਸ਼ਟ ਹੋ ਗਿਆ ਕਿ ਇਹ ਟੈਕਨੀਕਲ ਗ੍ਰੇਡ ਨਹੀਂ ਸਗੋਂ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤਾ ਜਾਣ ਵਾਲਾ ਨੀਮ ਕੋਟੇਡ ਖੇਤੀਬਾੜੀ ਗ੍ਰੇਡ ਯੂਰੀਆ ਸੀ। ਸ਼ਿਕਾਇਤ ਮੁਤਾਬਕ ਸਬਸਿਡੀ ਵਾਲੇ ਖੇਤੀਬਾੜੀ ਯੂਰੀਆ ਨੂੰ ਟੈਕਨੀਕਲ ਗ੍ਰੇਡ ਯੂਰੀਆ ਦੀਆਂ ਬੋਰੀਆਂ ਵਿਚ ਭਰ ਕੇ ਕੈਟਲ ਫੀਡ ਪਲਾਂਟ ਨੂੰ ਸਪਲਾਈ ਕੀਤਾ ਗਿਆ ਸੀ। ਦੋਸ਼ ਹੈ ਕਿ ਸਰਕਾਰੀ ਸਬਸਿਡੀ ਦੀ ਦੁਰਵਰਤੋਂ ਕਰਕੇ ਨਿੱਜੀ ਲਾਭ ਕਮਾਉਣ ਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚੀ ਗਈ।ਮਾਮਲੇ ਵਿਚ ਪਲਾਂਟ ਦੇ ਜਨਰਲ ਮੈਨੇਜਰ ਸੁਰਜੀਤ ਸਿੰਘ ਭਦੌੜ, ਹੋਰ ਜ਼ਿੰਮੇਵਾਰ ਅਧਿਕਾਰੀਆਂ ਅਤੇ ਸਪਲਾਈ ਕਰਨ ਵਾਲੀਆਂ ਕੰਪਨੀਆਂ ਐੱਮ ਐੱਸ ਇੰਡੋ ਆਰਗੈਨਿਕਸ ਗਿੱਦੜਬਾਹਾ ਅਤੇ ਐੱਮ ਐੱਸ ਮਨੀਸ਼ਾ ਟ੍ਰੇਡਿੰਗ ਕੰਪਨੀ ਦਿੱਲੀ ਦੇ ਮਾਲਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਨੇ ਖਾਦ ਕੰਟਰੋਲ ਆਰਡਰ-1985, ਜ਼ਰੂਰੀ ਵਸਤੂਆਂ ਐਕਟ-1955 ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਐੱਸ ਐੱਸ ਪੀ ਅਨੁਸਾਰ ਐੱਸ ਆਈ ਟੀ ਯੂਰੀਆ ਦੀ ਖ਼ਰੀਦ, ਟੈਂਡਰ ਪ੍ਰਕਿਰਿਆ, ਸਪਲਾਈ ਚੇਨ, ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਸਮੇਤ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
*ਫੋਟੋ ਕੈਪਸ਼ਨ ---- *ਐਸ ਐਸ ਪੀ ਖੰਨਾ ਡਾਕਟਰ ਦਰਪਣ ਆਲੂਵਾਲੀਆ ਯੂਰੀਆ ਘੁਟਾਲੇ ਸਬੰਧੀ ਜਾਣਕਾਰੀ ਦਿੰਦੇ ਹੋਏl*
