ਤੂਫ਼ਾਨ ਸਾਹਿਬ ਦਾ ਜਨਮ ਦਿਨ ਮਨਾਇਆ.

*ਸ਼੍ਰੋਮਣੀ ਲਿਖਾਰੀ ਬੋਰਡ ਵਲੋਂ ਪੰਜਾਬੀ ਦੇ ਪਹਿਲੇ ਜਾਸੂਸੀ ਨਾਵਲਕਾਰ ਤੂਫਾਨ ਸਾਹਿਬ ਦਾ 94ਵਾਂ ਜਨਮ ਦਿਨ ਮਨਾਇਆ ਗਿਆ* 

ਲੁਧਿਆਣਾ 6 ਜੁਲਾਈ (ਇੰਦਰਜੀਤ) : ਬਹੁਪੱਖੀ ਸਾਹਿਤਕਾਰ, ਪੰਜਾਬੀ ਭਾਸ਼ਾ ਦੇ ਪਹਿਲੇ ਜਾਸੂਸੀ ਨਾਵਲਕਾਰ ਅਤੇ ਪੰਥਕ ਕਵੀ ਸ੍ਵਰਗੀ ਸ੍ਰ. ਅਵਤਾਰ ਸਿੰਘ ਤੂਫਾਨ ਦਾ 94ਵਾਂ ਜਨਮ ਦਿਨ ਕਲ੍ਹ ਦੇਰ ਸ਼ਾਮ ਸਥਾਨਕ ਗਿਲ ਰੋਡ ਸਥਿਤ ਕੈਰੀਅਰ ਕਾਲਜ ਦੇ ਦਫਤਰ ਵਿਖੇ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਰਜਿ ਵਲੋਂ ਕਰਵਾਈ ਗਈ ਮਹੀਨਾਵਾਰ ਸਾਹਿਤਕ ਮਿਲਣੀ ਦੌਰਾਨ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਅਤੇ ਉਸਤਾਦ ਕਵੀਆਂ ਹਰਦੇਵ ਸਿੰਘ ਕਲਸੀ, ਭੁਪਿੰਦਰ ਸਿੰਘ ਸੈਣੀ ਤੇ ਜੁਗਿੰਦਰ ਸਿੰਘ ਕੰਗ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ । ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਆਪਣੇ ਪਿਤਾ ਸ੍ਵ. ਪਿਤਾ ਸ੍ਰ ਅਵਤਾਰ ਸਿੰਘ ਤੂਫਾਨ ਵਲੋਂ ਲਿਖਿਆ ਹਾਸ ਵਿਅੰਗ 'ਡੈਡੀ ਦਾ ਜਨਮ ਦਿਨ' ਬਾਖੂਬੀ ਸੁਣਾ ਕੇ ਸਾਹਿਤਕ ਮਿਲਣੀ ਦਾ ਆਗਾਜ਼ ਕੀਤਾ ਗਿਆ । ਬੋਰਡ ਦੇ ਜ. ਸਕੱਤਰ ਤੇ ਗਾਇਕ ਪ੍ਰਮਿੰਦਰ ਸਿੰਘ ਅਲਬੇਲਾ ਨੇ ਮੰਚ ਸੰਚਾਲਨ ਕਰਦਿਆਂ  ਗੀਤ ਪੇਸ਼ ਕੀਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਹਿੰਦੀ ਦੇ ਸ਼ਾਇਰ ਆਸ਼ੂ ਗਰਗ ਨੇ 'ਨਹੀਂ ਸਰ ਕੋ ਝੁਕਾਨਾ ਚਾਹੀਏ ਥਾ' ਨਾਲ ਖੂਬ ਰੰਗ ਬੰਨ੍ਹੀ ਰਖਿਆ ਜਦਕਿ ਸ਼ਾਇਰਾ ਜੋਤੀ ਬਜਾਜ ਨੇ ਬੱਚਿਆਂ ਵਲੋਂ ਕੀਤੀਆਂ ਜਾਂਦੀਆਂ ਸ਼ਰਾਰਤਾਂ ਅਤੇ ਗੀਤਕਾਰ ਸੁਖਬੀਰ ਸੰਧੇ ਨੇ ਮੁਫਤ ਦੀਆਂ ਟੈਨੰਸ਼ਨਾਂ ਨੂੰ ਦਰਸਾਉਂਦੀਆਂ ਕਵਿਤਾਵਾਂ ਪੀੜ੍ਹੀਆਂ । ਧੰਨ ਲਿਖਾਰੀ ਨਾਨਕਾ ਦੀ ਸੰਚਾਲਿਕਾ ਸਿਮਰਨ ਧੁੱਗਾ, ਗੀਤਕਾਰ ਜਗਪਾਲ ਸਿੰਘ ਜੱਗਾ ਜਮਾਲਪੁਰੀ ਅਤੇ ਬਜ਼ੁਰਗ ਕਵੀ ਹਰਦੇਵ ਸਿੰਘ ਕਲਸੀ ਨੇ ਆਪਣੇ ਆਪਣੇ ਅੰਦਾਜ਼ ਵਿਚ ਤੂਫਾਨ ਸਾਹਿਬ ਦੇ ਜੀਵਨ ਤੇ ਅਧਾਰਿਤ ਬਾਕਮਾਲ ਕਾਵਿ ਚਿਤਰਣ ਪੇਸ਼ ਕੀਤੇ । ਕਹਾਣੀਕਾਰ ਪੰਮੀ ਹਬੀਬ ਨੇ 'ਬੱਚੇ ਦੋ ਹੀ ਅੱਛੇ' ਮਿੰਨੀ ਕਹਾਣੀ ਨਾਲ ਸਮਾਜ ਨੂੰ ਖੂਬਸੂਰਤ ਸੰਦੇਸ਼ ਦਿੱਤਾ ਜਦਕਿ ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ ਜੁਗਿੰਦਰ ਸਿੰਘ ਕੰਗ ਨੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਕਵਿਤਾ ਬੋਲੀ । ਦਲਬੀਰ ਸਿੰਘ ਕਲੇਰ ਅਤੇ ਜੁਗਰਾਜ ਐਲੋਵਾਲੀਆ (ਮੁੰਦਰਾਂ ਵਾਲਾ ਮੁੰਡਾ) ਗਾਇਕਾਂ ਵਲੋਂ ਗਾਏ ਗੀਤਾਂ ਨੇ ਖੂਬ ਵਾਹ ਵਾਹ ਬਟੋਰੀ । ਹਾਜ਼ਰ ਸਾਹਿਤਕਾਰਾਂ ਵਲੋਂ ਤੂਫ਼ਾਨ ਸਾਹਿਬ ਦੀ ਤਸਵੀਰ ਦੀ ਥਾਂ ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਨੂੰ ਪ੍ਰਦਰਸ਼ਿਤ ਕਰਦਿਆਂ ਕੇਕ ਕੱਟ ਕੇ ਨਾਲ ਜਨਮ ਦਿਨ ਦੀ ਰਸਮ ਨਿਭਾਈ ਗਈ । ਤੂਫਾਨ ਸਾਹਿਬ ਮੈਮੋਰੀਅਲ ਐਜ਼ੂਕੇਸ਼ਨਲ ਸੁਸਾਇਟੀ ਰਜਿ ਵਲੋਂ ਵਿਜੇ ਕਲਿਆਣ ਨੇ ਸਾਹਿਤਕਾਰਾਂ ਦੀ ਖ਼ਿਦਮਤ ਲਈ ਸ਼ਲਾਘਾਯੋਗ ਪ੍ਰਬੰਧ ਕੀਤਾ ਹੋਇਆ ਸੀ ।