ਸਮਾਂ .

 


ਸਮੇਂ ਸਮੇਂ ਦੀਆਂ ਬਾਤਾਂ ਹੁੰਦੀਆਂ 

ਸਮੇਂ ਸਮੇਂ ਦੇ ਲੋਕ 

ਜਨਮ ਸਮੇਂ ਹੀ ਲਿਖਿਆ ਜਾਂਦਾ 

ਕਹਿੰਦੇ ਗਮਨ ਪਰਲੋਕ । 


ਸਮੇਂ ਦੀਆਂ ਤਾਂ ਸਮਾਂ ਹੀ ਜਾਣੇ 

ਸਾਡੇ ਵੱਸ ਦਾ ਰੋਗ ਨਹੀਂ 

ਸਮੇਂ ਦੀ ਮਰਜ਼ੀ ਬਾਝੋਂ ਜੱਗ 'ਤੇ 

ਕੋਈ ਜੋਗ ਸੰਜੋਗ ਨਹੀਂ । 


ਸਮੇਂ ਸਮੇਂ ਦੇ ਮੇਲ ਨੇ ਯਾਰੋ 

ਸਮੇਂ ਸਮੇਂ ਦੇ ਵਾਅਦੇ ਨੇ 

ਚਾਰ ਦਿਨਾਂ ਵਿੱਚ ਬਦਲ ਗਿਆ ਏੰ 

ਦੱਸ ਦੇ ਕੀ ਇਰਾਦੇ ਨੇ । 


ਰਾਂਝੇ ਤੇ ਵੀ ਕਿਸੇ ਵੇਲੇ ਨੂੰ 

ਵਖ਼ਤ ਸਮੇਂ ਨੇ ਪਾਇਆ ਸੀ 

ਬਣ ਗਿਆ ਚਾਕ ਹੀਰ ਦੀ ਖਾਤਿਰ 

ਚੌਧਰੀਆਂ ਦਾ ਜਾਇਆ ਸੀ । 


ਆਕੜ ਅਤੇ ਹੰਕਾਰਾਂ ਨੂੰ ਵੀ 

ਸਮਾਂ ਹੀ ਮਾਰ ਮੁਕਾਉਂਦਾ ਹੈ 

ਚਿੜੀਆਂ ਦੇ ਸੰਗ ਬਾਜ਼ ਲੜਾਉਂਦਾ 

ਤਖ਼ਤਾਂ ਨੂੰ ਪਲਟਾਉਂਦਾ ਹੈ । 


ਹੰਝੂਆਂ ਨਾਲ ਬਿਤਾਈ ਸੀ 

ਸਭ ਸਮੇਂ ਨੇ ਖੇਡ ਘੁਮਾਈ ਸੀ 

ਖੂਨ ਦਾ ਪਾਣੀ ਬਣਿਆ ਸੀ ਹਾਏ 

ਜਦੋਂ ਚੌਰਾਸੀ ਆਈ ਸੀ । 


ਸਮਾਂ ਹੀ ਇੱਕੋ ਥਾਲੀ ਦੇ ਵਿੱਚ 

ਚੂਰੀ ਕੁੱਟ ਖਵਾਉਂਦਾ ਹੈ 

ਸਮਾਂ ਹੀ ਸਾਂਝੇ ਵਿਹੜੇ ਦੇ ਵਿੱਚ 

ਵੰਡ ਦੀ ਕੰਧ ਕਰਵਾਉਂਦਾ ਹੈ । 


ਆਪਣੇ ਰੁਤਬੇ ਦੌਲਤ ਤੇ ਜੋ 

ਉੱਛਲ ਉੱਛਲ ਆਉਂਦਾ ਹੈ 

ਸੋਨਾ ਮਿੱਟੀ ਕਰ ਦਿੰਦਾ ਫਿਰ 

ਸਮਾਂ ਔਕਾਤ ਦਿਖਾਉਂਦਾ ਹੈ । 


ਪਿਛਲੇ ਬੀਤੇ ਸਮਿਆਂ ਦੇ ਸੱਚ 

ਹੁਣ ਤਾਂ ਸਾਂਭ ਹੀ ਸਕਦੇ ਹਾਂ 

ਵਿਰਸੇ ਦੇ ਵਿੱਚ ਮਿਲੇ ਸੁੱਚਜੇ 

ਗੁਣ ਤਾਂ ਸਾਂਭ ਹੀ ਸਕਦੇ ਹਾਂ । 


ਮਨ ਨੀਵਾਂ ਤੇ ਮਤ ਉੱਚੀ ਰੱਖ 

ਸਮੇਂ ਮੁਤਾਬਿਕ ਢਲਦੇ ਜਾਈਏ 

ਜ਼ਿੰਦਗੀ ਸੋਹਣੀ ਲੰਘ ਜਾਵੇ ਜੇ

ਸਮੇਂ ਮੁਤਾਬਿਕ ਚਲਦੇ ਜਾਈਏ ।


ਸਮਾਂ ਹੀ ਬੁੱਧੀ ਸੋਝੀ ਸਮਝੀ 

ਅਸਲ ਦੇ ਵਿੱਚ ਇਨਸਾਨ ਸਮਾਂ ਹੈ 

ਦਾਨਵ , ਭੂਤ , ਪ੍ਰੇਤ,  ਆਤਮਾ 

ਅਸਲ ਦੇ ਵਿੱਚ ਭਗਵਾਨ ਸਮਾਂ ਹੈ । 

                                - ਸਿੰਮੀ ਧੀਮਾਨ