Ishq Canvas Released .
ਪੰਜਾਬੀ ਲੇਖਕ ਸਭਾ ਵੱਲੋਂ ਅਸ਼ਵਨੀ ਜੇਤਲੀ 'ਪ੍ਰੇਮ' ਦਾ ਗ਼ਜ਼ਲ ਸੰਗ੍ਰਹਿ 'ਇਸ਼ਕ ਕੈਨਵਸ' ਲੋਕ ਅਰਪਣ
ਲੁਧਿਆਣਾ, 12 ਜੁਲਾਈ (ਸਰਬਜੀਤ ਲੁਧਿਆਣਵੀ) : ਪੰਜਾਬੀ ਲੇਖਕ ਸਭਾ ਲੁਧਿਆਣਾ ਦੀ ਇਕ ਅਹਿਮ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਦੇ ਡਾ. ਪਰਮਿੰਦਰ ਸਿੰਘ ਹਾਲ ਵਿਖੇ ਡਾ: ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਭਾ ਦੇ ਵਿਧੀ ਵਿਧਾਨ ਬਾਰੇ ਚਰਚਾ ਕੀਤੀ ਗਈ। ਆਏ ਲੇਖਕ ਸਾਹਿਬਾਨਾਂ ਨੇ ਸਭਾ ਦੀ ਬੇਹਤਰੀ ਲਈ ਸੁਚਾਰੂ ਸੁਝਾਅ ਦਿੱਤੇ। ਹਰ ਮਹੀਨੇ ਦੇ ਚੌਥੇ ਐਤਵਾਰ ਸਵੇਰੇ 11 ਵਜੇ ਮੀਟਿੰਗ ਕੀਤੇ ਜਾਣ ਬਾਰੇ ਫੈਸਲਾ ਹੋਇਆ। ਇਸਦੇ ਨਾਲ ਹੀ ਹਰ ਮੀਟਿੰਗ ਵਿਚ ਇਕ ਲੇਖਕ ਜਾਂ ਇਕ ਕਿਤਾਬ ਬਾਰੇ ਹਾਜ਼ਰ ਲੇਖਕਾਂ ਬਾਰੇ ਗੱਲਬਾਤ ਕਰਨ ਬਾਰੇ ਵੀ ਫੈਸਲਾ ਕੀਤਾ ਗਿਆ। ਇਸ ਮੌਕੇ ਅਸ਼ਵਨੀ ਜੇਤਲੀ ‘ਪ੍ਰੇਮ’ ਦੇ ਗ਼ਜ਼ਲ ਸੰਗ੍ਰਹਿ 'ਇਸ਼ਕ ਕੈਨਵਸ' ਨੂੰ ਰਿਲੀਜ਼ ਕਰਦਿਆਂ।ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਡਾ: ਗੁਰਇਕਬਾਲ ਸਿੰਘ ਨੇ ਕਿਹਾ ਕਿ ਅਸ਼ਵਨੀ ਦੀ ਗ਼ਜ਼ਲ ਵਿਚ ਮੁਹੱਬਤ ਦਾ ਜ਼ੋਰ ਹੈ, ਤਾਂ ਦੁੱਖ, ਦਰਦ, ਪੀੜਾ ਦੀ ਇੰਤਹਾ ਵੀ ਹੈ। ਇਸ਼ਕ ਵਿਚਲੀ ਉਡੀਕ ਤੇ ਉਡੀਕ ਦਾ ਸੱਲ੍ਹ ਉਹਦੀਆਂ ਅੰਤਰੀਵ ਯਾਦਾਂ ਦਾ ਹਿੱਸਾ ਹੈ। ਕਵੀ ਲਈ ਉਡੀਕ ਕਦੇ ਤਿੜਕੇ ਸੁਪਨਿਆਂ ਦਾ ਸੰਸਾਰ ਬਣ ਜਾਂਦੀ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਅਸ਼ਵਨੀ ਜੇਤਲੀ ਗ਼ਜ਼ਲ ਨੂੰ ਅਚੇਤ ਅਤੇ ਸੁਚੇਤ ਦੋਹਾਂ ਰੂਪਾਂ ਵਿਚ ਜਿਉਂਦਾ ਹੈ। ਇਸ ਮੌਕੇ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਕਿਹਾ ਕਿ ਅਸ਼ਵਨੀ ਹੋਰਾਂ ਦੀ ਗ਼ਜ਼ਲ ਵਿਚ ਇਸ਼ਕ ਦਾ ਫੈਲਾਓ ਕੁਦਰਤ ਦੇ ਕਣ ਕਣ ਵਿੱਚ ਵੱਸਿਆ ਹੋਇਆ ਹੈ। ਮੀਤ ਅਨਮੋਲ ਨੇ ਕਿਹਾ ਕਿ ਅਸ਼ਵਨੀ ਜੇਤਲੀ ਦੀ ਗ਼ਜ਼ਲ ਸਮਾਜ ਤੇ ਸਮੁੱਚੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈਂਦੀ ਮਨੁੱਖਤਾ ਤਕ ਵਿਕਾਸ ਕਰਦੀ ਹੈ। ਪ੍ਰਿੰ: ਇੰਦਰਜੀਤ ਪਾਲ ਕੌਰ ਨੇ ਕਿਹਾ ਕਿ ਅਸ਼ਵਨੀ ਦੀ ਗ਼ਜ਼ਲ ਵਿਚ ਇਸ਼ਕ ਦੀ ਐਨੀ ਸ਼ਿੱਦਤ ਅਤੇ ਸੁਹਿਰਦਤਾ ਹੈ ਕਿ ਕਵੀ ਇਸ਼ਕ ਖਾਤਰ ਫ਼ਨਾਅ ਹੋ ਜਾਣਾ ਚਾਹੁੰਦਾ ਹੈ। ਇਸ ਮੌਕੇ ਰਾਜਦੀਪ ਤੂਰ, ਮੈਡਮ ਜਸਪ੍ਰੀਤ 'ਅਮਲਤਾਸ', ਜਸਦੇਵ ਸਿੰਘ ਲਲਤੋਂ ਅਤੇ ਹਾਊਸ ਆਫ ਲਿਟਰੇਚਰ ਦੇ ਵਿਜੇ ਕੁਮਾਰ ਆਦਿ ਵੀ ਹਾਜ਼ਰ ਸਨ।
