ਆਈਆਈਐਮ ਤੋਂ ਬਾਲ ਸੰਸਦ ਤੱਕ.

ਆਈ.ਆਈ.ਐੱਮ. ਅਹਿਮਦਾਬਾਦ ਦੀ ਟ੍ਰੇਨਿੰਗ ਤੋਂ ਬਾਲ ਸੰਸਦ ਤੱਕ: ਸਰਕਾਰੀ ਸਕੂਲ ਦੀ ਬਦਲਦੀ ਨੁਹਾਰ


ਅਧਿਆਪਕ ਸਿਰਫ਼ ਕਿਤਾਬਾਂ ਪੜ੍ਹਾਉਣ ਵਾਲਾ ਵਿਅਕਤੀ ਨਹੀਂ ਹੁੰਦਾ, ਸਗੋਂ ਉਹ ਸਮਾਜ ਦੀ ਆਉਣ ਵਾਲੀ ਪੀੜ੍ਹੀ ਦੇ ਸੁਪਨਿਆਂ ਨੂੰ ਆਕਾਰ ਦੇਣ ਵਾਲਾ ਸ਼ਿਲਪਕਾਰ ਹੁੰਦਾ ਹੈ। ਇਸੇ ਤਰ੍ਹਾਂ ਇੱਕ ਸਕੂਲ ਮੁਖੀ ਕੇਵਲ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਅਧਿਕਾਰੀ ਨਹੀਂ, ਬਲਕਿ ਉਹ ਇੱਕ ਅਜਿਹਾ ਆਗੂ ਹੁੰਦਾ ਹੈ ਜੋ ਆਪਣੇ ਸਕੂਲ ਦੀ ਦਿਸ਼ਾ ਅਤੇ ਦਸ਼ਾ ਦੋਵੇਂ ਬਦਲ ਸਕਦਾ ਹੈ। ਜਦੋਂ ਸਰਕਾਰ ਅਜਿਹੇ ਆਗੂਆਂ ਨੂੰ ਵਿਸ਼ਵ ਪੱਧਰੀ ਸੰਸਥਾਵਾਂ ਤੋਂ ਸਿੱਖਣ ਦੇ ਮੌਕੇ ਪ੍ਰਦਾਨ ਕਰਦੀ ਹੈ, ਤਾਂ ਉਸ ਦਾ ਅਸਲ ਪ੍ਰਭਾਵ ਸਿਰਫ਼ ਇੱਕ ਵਿਅਕਤੀ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਹਜ਼ਾਰਾਂ ਵਿਿਦਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਦਾ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਗੁਣਵੱਤਾ ਨੂੰ ਵਿਸ਼ਵ ਪੱਧਰ ਤੱਕ ਲੈ ਜਾਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਵਿਲੱਖਣ ਪਹਿਲ ਤਹਿਤ ਮੈਨੂੰ ਪਿਛਲੇ ਸਾਲ ਦੇਸ਼ ਦੀ ਪ੍ਰਸਿੱਧ ਸੰਸਥਾ ਆਈ.ਆਈ.ਐੱਮ. ਅਹਿਮਦਾਬਾਦ ਵਿਖੇ ਲੀਡਰਸ਼ਿਪ ਅਤੇ ਸਕੂਲ ਪ੍ਰਬੰਧਨ ਨਾਲ ਸੰਬੰਧਿਤ ਇੱਕ ਵਿਸ਼ੇਸ਼ ਟ੍ਰੇਨਿੰਗ ਵਿੱਚ ਭਾਗ ਲੈਣ ਦਾ ਸੁਭਾਗ ਪ੍ਰਾਪਤ ਹੋਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਇਹ ਦੂਰਅੰਦੇਸ਼ੀ ਸੋਚ ਸਿਰਫ਼ ਟ੍ਰੇਨਿੰਗ ਤੱਕ ਸੀਮਿਤ ਨਹੀਂ, ਸਗੋਂ ਸਰਕਾਰੀ ਸਿੱਖਿਆ ਨੂੰ ਨਵੀਂ ਸੋਚ, ਨਵੀਂ ਊਰਜਾ ਅਤੇ ਨਵੇਂ ਵਿਸ਼ਵਾਸ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਯਤਨ ਹੈ। ਸਿੰਗਾਪੁਰ, ਫਿਨਲੈਂਡ ਅਤੇ ਆਈ.ਆਈ.ਐੱਮ. ਵਰਗੀਆਂ ਵਿਸ਼ਵ ਪ੍ਰਸਿੱਧ ਸੰਸਥਾਵਾਂ ਵਿੱਚ ਦਿੱਤੀ ਜਾ ਰਹੀ ਇਹ ਸਿਖਲਾਈ ਇਸ ਗੱਲ ਦਾ ਪ੍ਰਤੀਕ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੀ ਉਹੀ ਮੌਕੇ ਮਿਲਣੇ ਚਾਹੀਦੇ ਹਨ ਜੋ ਦੁਨੀਆ ਦੇ ਸਭ ਤੋਂ ਵਧੀਆ ਸਿੱਖਿਆ ਪ੍ਰਬੰਧਾਂ ਵਿੱਚ ਉਪਲਬਧ ਹਨ। ਆਈ.ਆਈ.ਐੱਮ. ਅਹਿਮਦਾਬਾਦ ਵਿੱਚ ਸਾਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਇੱਕ ਪ੍ਰਭਾਵਸ਼ਾਲੀ ਆਗੂ ਉਹ ਨਹੀਂ ਹੁੰਦਾ ਜੋ ਹਰ ਸਮੱਸਿਆ ਦਾ ਹੱਲ ਆਪ ਕਰੇ, ਸਗੋਂ ਉਹ ਹੁੰਦਾ ਹੈ ਜੋ ਦੂਜਿਆਂ ਨੂੰ ਸਮੱਸਿਆ ਦਾ ਹੱਲ ਕਰਨ ਦੇ ਯੋਗ ਬਣਾ ਦੇਵੇ। ਉੱਥੇ ਸਾਨੂੰ "ਨਰਚਰ ਪਰਫਾਰਮੈਂਸ"  ਫਰੇਮਵਰਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਫਰੇਮਵਰਕ ਦਾ ਮੁੱਖ ਸਿਧਾਂਤ ਇਹ ਸੀ ਕਿ ਜੇਕਰ ਕਿਸੇ ਵਿਅਕਤੀ ਨੂੰ ਸਹੀ ਦਿਸ਼ਾ, ਭਰੋਸਾ, ਅਧਿਕਾਰ ਅਤੇ ਜਵਾਬਦੇਹੀ ਦਿੱਤੀ ਜਾਵੇ ਤਾਂ ਉਹ ਆਪਣੀ ਸਮਰੱਥਾ ਤੋਂ ਵੀ ਵੱਧ ਪ੍ਰਦਰਸ਼ਨ ਕਰ ਸਕਦਾ ਹੈ। ਇਹ ਵਿਚਾਰ ਮੇਰੇ ਮਨ ਵਿੱਚ ਡੂੰਘਾਈ ਨਾਲ ਵੱਸ ਗਿਆ। ਟ੍ਰੇਨਿੰਗ ਪੂਰੀ ਕਰਕੇ ਜਦੋਂ ਮੈਂ ਆਪਣੇ ਸਕੂਲ ਵਾਪਸ ਪਰਤਿਆ ਤਾਂ ਮੇਰੇ ਸਾਹਮਣੇ ਇੱਕ ਅਜਿਹੀ ਸਮੱਸਿਆ ਸੀ ਜੋ ਸ਼ਾਇਦ ਹਰ ਸਕੂਲ ਵਿੱਚ ਆਮ ਲੱਗਦੀ ਹੈ, ਪਰ ਇਸ ਦਾ ਪ੍ਰਭਾਵ ਬਹੁਤ ਡੂੰਘਾ ਹੁੰਦਾ ਹੈ। ਕਲਾਸਰੂਮਾਂ ਵਿੱਚ ਕਾਗਜ਼ ਦੇ ਟੁਕੜੇ, ਟੌਫ਼ੀਆਂ ਦੇ ਰੈਪਰ ਅਤੇ ਹੋਰ ਕੂੜਾ-ਕਰਕਟ ਅਕਸਰ ਪਿਆ ਰਹਿੰਦਾ ਸੀ। ਅਧਿਆਪਕ ਰੋਜ਼ ਸਮਝਾਉਂਦੇ ਸਨ, ਡਿਊਟੀਆਂ ਲਗਾਈਆਂ ਜਾਂਦੀਆਂ ਸਨ, ਹਦਾਇਤਾਂ ਦਿੱਤੀਆਂ ਜਾਂਦੀਆਂ ਸਨ, ਪਰ ਕੁਝ ਦਿਨਾਂ ਬਾਅਦ ਸਥਿਤੀ ਫਿਰ ਪਹਿਲਾਂ ਵਰਗੀ ਹੋ ਜਾਂਦੀ ਸੀ। ਉਸ ਸਮੇਂ ਮੈਨੂੰ ਮਹਿਸੂਸ ਹੋਇਆ ਕਿ ਸਮੱਸਿਆ ਸਫ਼ਾਈ ਦੀ ਨਹੀਂ, ਸਗੋਂ ਮਾਲਕੀ ਦੀ ਭਾਵਨਾ ਦੀ ਹੈ। ਜਦੋਂ ਤੱਕ ਬੱਚਿਆਂ ਨੂੰ ਇਹ ਮਹਿਸੂਸ ਨਹੀਂ ਹੋਵੇਗਾ ਕਿ ਇਹ ਸਕੂਲ ਉਨ੍ਹਾਂ ਦਾ ਆਪਣਾ ਹੈ, ਤਦ ਤੱਕ ਉਹ ਇਸ ਦੀ ਸੰਭਾਲ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਸਮਝਣਗੇ। ਇੱਥੇ ਹੀ ਆਈ.ਆਈ.ਐੱਮ. ਵਿੱਚ ਸਿੱਖੀ ਇੱਕ ਗੱਲ ਮੇਰੇ ਮਨ ਵਿੱਚ ਚਮਕੀ। ਮੈਂ ਸੋਚਿਆ ਕਿ ਜੇਕਰ "ਨਰਚਰ ਪਰਫਾਰਮੈਂਸ" ਫਰੇਮਵਰਕ ਅਧਿਆਪਕਾਂ ਲਈ ਪ੍ਰਭਾਵਸ਼ਾਲੀ ਹੋ ਸਕਦਾ ਹੈ, ਤਾਂ ਇਸ ਨੂੰ ਵਿਿਦਆਰਥੀਆਂ 'ਤੇ ਕਿਉਂ ਨਾ ਲਾਗੂ ਕੀਤਾ ਜਾਵੇ? ਜੇਕਰ ਅਸੀਂ ਬੱਚਿਆਂ 'ਤੇ ਭਰੋਸਾ ਕਰੀਏ, ਉਨ੍ਹਾਂ ਨੂੰ ਅਧਿਕਾਰ ਦੇਈਏ ਅਤੇ ਉਨ੍ਹਾਂ ਨੂੰ ਹੀ ਬਦਲਾਅ ਦਾ ਕੇਂਦਰ ਬਣਾਈਏ, ਤਾਂ ਸ਼ਾਇਦ ਉਹ ਉਹ ਕਰ ਵਿਖਾਉਣ ਜੋ ਅਸੀਂ ਹੁਕਮਾਂ ਨਾਲ ਨਹੀਂ ਕਰਵਾ ਸਕੇ। ਇਸ ਸੋਚ ਨੂੰ ਹਕੀਕਤ ਦਾ ਰੂਪ ਦੇਣ ਲਈ ਸਕੂਲ ਦੇ ਅਧਿਆਪਕ ਸ੍ਰੀਮਤੀ ਜੋਤੀ ਅਤੇ  ਅਜੀਤਪਾਲ ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜਿਸਤੋਂ ਬਾਅਦ ਸਕੂਲ਼ ਦੇ ਸਮੂਹ ਅਧਿਆਪਕਾਂ ਦੀ ਸਹਿਮਤੀ ਲਈ ਗਈ ਅਤੇ ਸਕੂਲ਼ ਵਿੱਚ ਲੋਕਤੰਤਰੀ ਢੰਗ ਨਾਲ "ਬਾਲ ਸੰਸਦ" ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ। ਇਹ ਸਿਰਫ਼ ਇੱਕ ਰਸਮੀ ਕਮੇਟੀ ਨਹੀਂ ਸੀ, ਸਗੋਂ ਵਿਿਦਆਰਥੀਆਂ ਨੂੰ ਅਸਲ ਲੀਡਰਸ਼ਿਪ ਦੇਣ ਦਾ ਯਤਨ ਸੀ। ਚੋਣ ਕਮਿਸ਼ਨ ਬਣਾਇਆ ਗਿਆ, ਚੋਣ ਪ੍ਰੋਗਰਾਮ ਐਲਾਨਿਆ ਗਿਆ, ਨਾਮਜ਼ਦਗੀਆਂ ਭਰੀਆਂ ਗਈਆਂ, ਪ੍ਰਚਾਰ ਹੋਇਆ, ਵਿਿਦਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਆਪਣੇ ਵਿਚਾਰ ਰੱਖੇ ਅਤੇ ਪੂਰੀ ਤਰ੍ਹਾਂ ਲੋਕਤੰਤਰੀ ਢੰਗ ਨਾਲ ਵੋਟਿੰਗ ਕਰਵਾਈ ਗਈ। ਜਦੋਂ ਨਤੀਜੇ ਆਏ ਤਾਂ ਵੱਖ-ਵੱਖ ਜਮਾਤਾਂ ਵਿੱਚੋਂ 15 ਵਿਿਦਆਰਥੀ ਚੁਣੇ ਗਏ। ਉਨ੍ਹਾਂ ਨੂੰ ਵੱਖ-ਵੱਖ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਸਕੂਲ ਦੀ ਸਫ਼ਾਈ ਨੂੰ ਸਭ ਤੋਂ ਪਹਿਲਾ ਮਿਸ਼ਨ ਬਣਾਇਆ ਗਿਆ।ਇਨ੍ਹਾਂ ਬੱਚਿਆਂ ਦੀਆਂ ਅੱਖਾਂ ਵਿੱਚ ਚਮਕ ਸੀ। ਉਨ੍ਹਾਂ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਪਹਿਲੀ ਵਾਰ ਸਕੂਲ ਨੇ ਉਨ੍ਹਾਂ 'ਤੇ ਭਰੋਸਾ ਕੀਤਾ ਹੈ। ਉਹ ਹੁਣ ਸਿਰਫ਼ ਵਿਿਦਆਰਥੀ ਨਹੀਂ ਰਹੇ ਸਨ, ਸਗੋਂ ਆਪਣੇ ਸਕੂਲ ਦੇ ਰੱਖਿਅਕ ਬਣ ਚੁੱਕੇ ਸਨ। ਇਹ ਭਰੋਸਾ ਹੀ ਇਸ ਮੁਹਿੰਮ ਦੀ ਸਭ ਤੋਂ ਵੱਡੀ ਤਾਕਤ ਬਣਿਆ। ਇਸ ਮੁਹਿੰਮ ਦੀ ਸਫ਼ਲਤਾ ਵਿੱਚ ਜਮਾਤ ਨੌਵੀਂ ਦੀ ਵਿਿਦਆਰਥਣ ਮਧੂ ਨੇ ਇੱਕ ਮਿਸਾਲ ਕਾਇਮ ਕੀਤੀ। ਉਸ ਨੂੰ "ਸਫ਼ਾਈ ਚੈਂਪੀਅਨ" ਦੀ ਜ਼ਿੰਮੇਵਾਰੀ ਦਿੱਤੀ ਗਈ। ਉਹ ਹਰ ਰੋਜ਼ ਸਵੇਰ ਦੀ ਪ੍ਰਾਰਥਨਾ ਸਭਾ ਤੋਂ ਪਹਿਲਾਂ ਅਤੇ ਅੱਧੀ ਛੁੱਟੀ ਤੋਂ ਬਾਅਦ ਹਰ ਜਮਾਤ ਦਾ ਦੌਰਾ ਕਰਦੀ, ਸਫ਼ਾਈ ਦਾ ਜਾਇਜ਼ਾ ਲੈਂਦੀ ਅਤੇ ਪੂਰੀ ਨਿਰਪੱਖਤਾ ਨਾਲ ਸਿੱਧੀ ਮੈਨੂੰ ਆਪਣੀ ਰਿਪੋਰਟ ਦਿੰਦੀ। ਉਸ ਨੇ ਕਦੇ ਇਹ ਨਹੀਂ ਸੋਚਿਆ ਕਿ ਸਾਹਮਣੇ ਉਸ ਦੇ ਆਪਣੇ ਸਾਥੀ ਹਨ। ਉਸ ਨੇ ਸਿਰਫ਼ ਆਪਣੀ ਜ਼ਿੰਮੇਵਾਰੀ ਨੂੰ ਪਹਿਲ ਦਿੱਤੀ। ਇੱਕ ਛੋਟੀ ਜਿਹੀ ਵਿਿਦਆਰਥਣ ਦਾ ਇਹ ਆਤਮ-ਵਿਸ਼ਵਾਸ ਦੇਖ ਕੇ ਕਈ ਵਾਰ ਮੈਨੂੰ ਲੱਗਦਾ ਸੀ ਕਿ ਅਸਲ ਲੀਡਰਸ਼ਿਪ ਉਮਰ ਦੀ ਮੁਹਤਾਜ ਨਹੀਂ ਹੁੰਦੀ। ਹੌਲੀ ਹੌਲੀ ਬਦਲਾਅ ਦਿਖਾਈ ਦੇਣ ਲੱਗਾ। ਬੱਚੇ ਇੱਕ-ਦੂਜੇ ਨੂੰ ਟੋਕਣ ਲੱਗੇ ਕਿ ਕਾਗਜ਼ ਜ਼ਮੀਨ 'ਤੇ ਨਾ ਸੁੱਟੋ। ਜੇਕਰ ਕੋਈ ਵਿਿਦਆਰਥੀ ਗਲਤੀ ਨਾਲ ਵੀ ਕੂੜਾ ਸੁੱਟ ਦਿੰਦਾ ਤਾਂ ਉਸ ਦਾ ਆਪਣਾ ਸਾਥੀ ਉਸ ਨੂੰ ਚੁੱਕ ਕੇ ਡਸਟਬਿਨ ਵਿੱਚ ਪਾਉਣ ਲਈ ਪ੍ਰੇਰਿਤ ਕਰਦਾ। ਹੁਣ ਸਫ਼ਾਈ ਕਿਸੇ ਅਧਿਆਪਕ ਦਾ ਹੁਕਮ ਨਹੀਂ ਰਹੀ ਸੀ, ਸਗੋਂ ਵਿਿਦਆਰਥੀਆਂ ਦੀ ਆਪਣੀ ਸੰਸਕ੍ਰਿਤੀ ਬਣ ਚੁੱਕੀ ਸੀ।
ਕੇਵਲ ਤੀਹ ਦਿਨਾਂ ਵਿੱਚ ਜੋ ਤਬਦੀਲੀ ਆਈ, ਉਹ ਸਾਡੇ ਲਈ ਵੀ ਹੈਰਾਨੀਜਨਕ ਸੀ। ਸਕੂਲ ਦੇ ਸਾਰੇ ਕਲਾਸਰੂਮ ਸਾਫ਼-ਸੁਥਰੇ ਦਿਖਾਈ ਦੇਣ ਲੱਗੇ। ਸਵੇਰ ਨੂੰ ਜਦੋਂ ਮੈਂ ਸਕੂਲ ਵਿੱਚ ਦਾਖ਼ਲ ਹੁੰਦਾ ਤਾਂ ਸਿਰਫ਼ ਇਮਾਰਤ ਹੀ ਨਹੀਂ, ਸਗੋਂ ਬੱਚਿਆਂ ਦੇ ਚਿਹਰਿਆਂ 'ਤੇ ਵੀ ਇੱਕ ਨਵਾਂ ਵਿਸ਼ਵਾਸ ਦਿਖਾਈ ਦਿੰਦਾ ਸੀ। ਉਨ੍ਹਾਂ ਨੂੰ ਆਪਣੇ ਸਕੂਲ 'ਤੇ ਮਾਣ ਹੋਣ ਲੱਗਾ ਸੀ। ਹੁਣ ਉਹ ਮਹਿਮਾਨਾਂ ਨੂੰ ਆਪਣੇ ਕਲਾਸਰੂਮ ਦਿਖਾਉਣ ਵਿੱਚ ਸੰਕੋਚ ਨਹੀਂ ਕਰਦੇ ਸਨ, ਬਲਕਿ ਮਾਣ ਨਾਲ ਕਹਿੰਦੇ ਸਨ—"ਇਹ ਸਾਡਾ ਸਕੂਲ ਹੈ।"
ਇਸ ਪੂਰੀ ਯਾਤਰਾ ਨੇ ਮੈਨੂੰ ਇੱਕ ਬਹੁਤ ਵੱਡਾ ਸਬਕ ਦਿੱਤਾ। ਬੱਚਿਆਂ ਨੂੰ ਸਿਰਫ਼ ਨਿਯਮਾਂ ਨਾਲ ਨਹੀਂ, ਭਰੋਸੇ ਨਾਲ ਜਿੱਤਿਆ ਜਾ ਸਕਦਾ ਹੈ। ਜਦੋਂ ਅਸੀਂ ਉਨ੍ਹਾਂ ਨੂੰ ਫ਼ੈਸਲੇ ਲੈਣ ਦਾ ਮੌਕਾ ਦਿੰਦੇ ਹਾਂ, ਉਨ੍ਹਾਂ ਦੀ ਗੱਲ ਸੁਣਦੇ ਹਾਂ ਅਤੇ ਉਨ੍ਹਾਂ 'ਤੇ ਵਿਸ਼ਵਾਸ ਕਰਦੇ ਹਾਂ, ਤਾਂ ਉਹ ਉਮੀਦਾਂ ਤੋਂ ਕਈ ਗੁਣਾ ਵਧੀਆ ਨਤੀਜੇ ਦੇ ਸਕਦੇ ਹਨ। ਉਹ ਸਿਰਫ਼ ਸਫ਼ਾਈ ਹੀ ਨਹੀਂ, ਸਗੋਂ ਜ਼ਿੰਮੇਵਾਰੀ, ਅਨੁਸ਼ਾਸਨ, ਟੀਮ ਵਰਕ, ਲੋਕਤੰਤਰ ਅਤੇ ਨੈਤਿਕਤਾ ਵੀ ਸਿੱਖਦੇ ਹਨ। ਇਹੀ ਸਿੱਖਿਆ ਦਾ ਅਸਲ ਮਕਸਦ ਹੈ।ਅੱਜ ਜਦੋਂ ਮੈਂ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਆਈ.ਆਈ.ਐੱਮ. ਅਹਿਮਦਾਬਾਦ ਤੋਂ ਸਿੱਖਿਆ ਸਭ ਤੋਂ ਵੱਡਾ ਪਾਠ ਕੋਈ ਪ੍ਰਬੰਧਕੀ ਸਿਧਾਂਤ ਨਹੀਂ ਸੀ, ਸਗੋਂ ਇਨਸਾਨ 'ਤੇ ਭਰੋਸਾ ਕਰਨ ਦੀ ਸੋਚ ਸੀ। ਉਸ ਸੋਚ ਨੇ ਸਾਡੇ ਸਕੂਲ ਵਿੱਚ ਸਿਰਫ਼ ਕਲਾਸਰੂਮਾਂ ਦੀ ਸਫ਼ਾਈ ਨਹੀਂ ਬਦਲੀ, ਸਗੋਂ ਬੱਚਿਆਂ ਦੀ ਸੋਚ, ਉਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਸਕੂਲ ਪ੍ਰਤੀ ਉਨ੍ਹਾਂ ਦੀ ਅਪਣੱਤ ਵੀ ਬਦਲ ਦਿੱਤੀ। ਮੇਰਾ ਪੂਰਾ ਵਿਸ਼ਵਾਸ ਹੈ ਕਿ ਜੇਕਰ ਦੇਸ਼ ਦੇ ਹਰ ਸਕੂਲ ਵਿੱਚ ਬੱਚਿਆਂ ਨੂੰ ਸਿਰਫ਼ ਪੜ੍ਹਨ ਵਾਲੇ ਨਹੀਂ, ਸਗੋਂ ਸਕੂਲ ਦੇ ਸਹਿ-ਨਿਰਮਾਤਾ ਵਜੋਂ ਦੇਖਿਆ ਜਾਵੇ, ਤਾਂ ਸਾਡੇ ਸਕੂਲਾਂ ਵਿੱਚ ਅਜਿਹੀਆਂ ਅਣਗਿਣਤ ਸਕਾਰਾਤਮਕ ਤਬਦੀਲੀਆਂ ਸੰਭਵ ਹਨ ਜਿਨ੍ਹਾਂ ਲਈ ਨਾ ਵੱਡੇ ਬਜਟ ਦੀ ਲੋੜ ਹੈ ਅਤੇ ਨਾ ਹੀ ਮਹਿੰਗੇ ਸਰੋਤਾਂ ਦੀ। ਲੋੜ ਸਿਰਫ਼ ਇੱਕ ਗੱਲ ਦੀ ਹੈ—ਬੱਚਿਆਂ 'ਤੇ ਭਰੋਸਾ ਕਰਨ ਦੀ। ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਜ਼ਿੰਮੇਵਾਰੀ ਦਿੰਦੇ ਹਾਂ, ਉਹ ਸਿਰਫ਼ ਆਪਣਾ ਫ਼ਰਜ਼ ਨਹੀਂ ਨਿਭਾਉਂਦੇ, ਸਗੋਂ ਆਪਣੇ ਸੁਪਨਿਆਂ ਅਤੇ ਆਪਣੇ ਸਕੂਲ—ਦੋਵਾਂ ਨੂੰ ਨਵੀਂ ਉਡਾਣ ਦੇਣ ਲੱਗ ਪੈਂਦੇ ਹਨ।

- ਬਲਵਿੰਦਰ ਸਿੰਘ ਹੈਡਮਾਸਟਰ ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ
9855100952