ਸਕੂਲ ਵਿੱਚ ਚੋਰੀ.
ਆਕਸਫੋਰਡ ਸੀਨੀਅਰ ਸਕੂਲ ਵਿੱਚ ਚੋਰੀ, ਸਕੂਲ ਦੇ ਸਾਮਾਨ ਦੀ ਭਾਰੀ ਤੋੜਫੋੜ
ਖੰਨਾ 13 ਜੁਲਾਈ ਮਨਜੀਤ ਸਿੰਘ ਧੀਮਾਨ)-- ਪਾਇਲ, ਲੁਧਿਆਣਾ ਇਲਾਕੇ ਦੀ ਮੰਨੀ ਪ੍ਰਮੰਨੀ ਸਿੱਖਿਆ ਸੰਸਥਾ ਆਕਸਫੋਰਡ ਸੀਨੀਅਰ ਸਕੂਲ ਵਿੱਚ ਬੀਤੀ ਰਾਤ ਕਰੀਬਨ 3 ਕੁ ਵਜੇ ਚੋਰਾਂ ਵੱਲੋਂ ਚੋਰੀ ਕਰਨ ਦੇ ਨਾਲ-ਨਾਲ ਸਕੂਲ ਦੇ ਕਈ ਕਮਰਿਆਂ ਅਤੇ ਸਾਮਾਨ ਦੀ ਭਾਰੀ ਤੋੜਫੋੜ ਕੀਤੀ ਗਈ। ਸਕੂਲ ਪ੍ਰਬੰਧਕਾਂ ਅਨੁਸਾਰ ਚੋਰਾਂ ਨੇ ਕਈ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਬਿਨਾਂ ਕਿਸੇ ਕਾਰਨ ਸਕੂਲ ਦੀ ਸੰਪਤੀ ਨੂੰ ਨਸ਼ਟ ਕੀਤਾ। ਚੋਰਾਂ ਨੇ ਜਿੱਥੇ ਸਕੂਲ ਦੇ ਖਿੜਕੀਆ, ਦਰਵਾਜੇ ਅਤੇ ਹੋਰ ਫਰਨੀਚਰ ਦੇ ਸਮਾਨ ਦੀ ਭੰਨਤੋੜ ਕੀਤੀ ਓਥੇ ਕਈ ਬਿਜਲੀ ਦੇ ਸਮਾਨ ਵੀ ਨੁਕਸਾਨੇ । ਘਟਨਾ ਦਰਸਾਉਂਦੀ ਹੈ ਕਿ ਚੋਰਾਂ ਦੇ ਹੌਸਲੇ ਏਨੇ ਵੱਧ ਚੁੱਕੇ ਹਨ ਕਿ ਉਹ ਏਹੋ ਜਿਹੀਆਂ ਮਾੜ੍ਹੀਆਂ ਹਰਕਤਾਂ ਕਰਨ ਲੱਗੇ ਬਿਲਕੁਲ ਨਹੀਂ ਡਰਦੇ।
ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਸਕੂਲ ਇੱਕ ਸਿੱਖਿਆ ਦਾ ਮੰਦਰ ਹੁੰਦਾ ਹੈ, ਜਿੱਥੇ ਨਾ ਕੋਈ ਨਕਦੀ ਰਕਮ ਹੁੰਦੀ ਹੈ ਅਤੇ ਨਾ ਹੀ ਗਹਿਣੇ ਜਾਂ ਹੋਰ ਕੀਮਤੀ ਨਿੱਜੀ ਸਮਾਨ। ਇਸ ਦੇ ਬਾਵਜੂਦ ਅਜਿਹੀ ਹਰਕਤ ਕਰਨਾ ਬਹੁਤ ਹੀ ਮੰਦਭਾਗਾ ਹੈ ਅਤੇ ਚੋਰਾਂ ਦੀ ਬੀਮਾਰ ਸੋਚ ਨੂੰ ਦਰਸਾਉਂਦਾ ਹੈ। ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ। ਸਕੂਲ ਪ੍ਰਬੰਧਨ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਸਿੱਖਿਆ ਸੰਸਥਾ ਨਾਲ ਅਜਿਹੀ ਘਟਨਾ ਨਾ ਵਾਪਰੇ।
