ਗੱਲ ਕੋਈ ਚੇਤੇ ਪੁਰਾਣੀ ਨਾ ਆਜੇ .
ਵਕਤਾਂ ਦੀ ਗੱਲ ਨਾ ਤੋਰਿਉ
ਅੱਜ ਨੂੰ ਛੱਡ ਕੱਲ੍ਹ ਨਾ ਤੋਰਿਉ
ਮੈਨੂੰ ਚੇਤੇ ਕੋਈ ਮੇਰਾ ਹਾਣੀ ਨਾ ਆਜੇ
ਗੱਲ ਯਾਦ ਕਿਤੇ ਕੋਈ ਪੁਰਾਣੀ ਨਾ ਆਜੇ।
ਇੱਕ ਨਾਲ ਸੀ ਮੇਰੇ ਇੱਕ ਨਾਲ ਜੋ ਖੇਲੇ
ਕੀ ਪਤਾ ਕੋਈ ਖੜ੍ਹਾ ਹੋਵੇ ਵਕਤ ਦੇ ਪਰਦੇ ਓਹਲੇ
ਵੇਖੀਂ ਕਿਤੇ ਮੇਰੀ ਅੱਖ ਨਾ ਰਵਾ ਜੇ
ਗੱਲ ਯਾਦ ਕਿਤੇ ਕੋਈ ਪੁਰਾਣੀ ਨਾ ਆਜੇ।
ਫਿਰ ਕਿਤੇ ਕੋਈ ਤਸਵੀਰ ਚੱਕ ਸੀਨੇ ਮੈਂ ਲਾਵਾਂ
ਕਿਸੇ ਬਾਰੇ ਸੋਚ ਕੋਈ ਕਵਿਤਾ ਬਣਾਵਾਂ
ਮੇਰੀ ਕਲਮ 'ਤੇ ਕੋਈ ਕਹਾਣੀ ਨਾ ਆਜੇ
ਗੱਲ ਯਾਦ ਕਿਤੇ ਕੋਈ ਪੁਰਾਣੀ ਨਾ ਆਜੇ।
ਵਕਤ ਬਣਕੇ ਸੱਪ ਮੇਰੀ ਹਿੱਕ 'ਤੇ ਲਹਿਰਾਵੇ
ਜ਼ਹਿਰ ਥੋੜ੍ਹਾ ਥੋੜ੍ਹਾ ਰਗਾਂ 'ਚ ਉੱਤਰੀ ਜਾਵੇ
ਕੋਈ ਹੁਣ ਬਣ ਕੇ ਦਵਾ ਹੀ ਤਾਂ ਆਜੇ
ਗੱਲ ਯਾਦ ਕਿਤੇ ਕੋਈ ਪੁਰਾਣੀ ਨਾ ਆਜੇ।
-ਗੁਰਦੀਪ ਸਿੰਘ