ਡਾਕੂਮੈਂਟਰੀ ਮੁਹਿੰਮ.
*ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾ ਰਹੀ ਪੰਜਾਬ ਸਰਕਾਰ ਦੀ ਡਾਕੂਮੈਂਟਰੀ ਮੁਹਿੰਮ*
*ਬਲਾਕ ਮਾਛੀਵਾੜਾ ਅਤੇ ਰਾਏਕੋਟ ਦੇ ਪਿੰਡਾਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਡਾਕੂਮੈਂਟਰੀ ਦਾ ਪ੍ਰਦਰਸ਼ਨ*
*ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਫਲਸਫੇ ਨਾਲ ਜਾਣੂ ਹੋਏ ਪਿੰਡ ਵਾਸੀ*
ਲੁਧਿਆਣਾ, 15 ਜੁਲਾਈ (ਧੀਮਾਨ): ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਏ ਜਾ ਰਹੇ ਵਿਸ਼ੇਸ਼ ਡਾਕੂਮੈਂਟਰੀ ਪ੍ਰੋਗਰਾਮ ਤਹਿਤ ਬੀਤੀ ਸ਼ਾਮ ਨੂੰ ਬਲਾਕ ਮਾਛੀਵਾੜਾ ਸਾਹਿਬ ਦੇ ਪਿੰਡ ਖੀਰਨੀਆਂ, ਪਿੰਡ ਸਿਹਾਲਾ ਅਤੇ ਬਲਾਕ ਰਾਏਕੋਟ ਦੇ ਪਿੰਡ ਕਾਲਸਾਂ ਅਤੇ ਪਿੰਡ ਦੱਧਾਹੂਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਫਲਸਫੇ, ਬਾਣੀ ਅਤੇ ਮਹਾਨ ਸਿੱਖਿਆਵਾਂ 'ਤੇ ਆਧਾਰਿਤ ਦਸਤਾਵੇਜ਼ੀ ਫਿਲਮ ਦਾ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪਿੰਡਾਂ ਦੀਆਂ ਪੰਚਾਇਤਾਂ, ਪਿੰਡ ਵਾਸੀਆਂ, ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਡਾਕੂਮੈਂਟਰੀ ਨੂੰ ਬੜੇ ਧਿਆਨ ਨਾਲ ਦੇਖਿਆ। ਹਾਜ਼ਰੀਨ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਿੱਤੇ ਸਮਾਨਤਾ, ਭਾਈਚਾਰੇ, ਮਾਨਵਤਾ, ਮਿਹਨਤ, ਸੱਚਾਈ ਅਤੇ ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਵੀ ਲਿਆ।
ਡਾਕੂਮੈਂਟਰੀ ਰਾਹੀਂ ਗੁਰੂ ਜੀ ਦੇ ਜੀਵਨ ਦੇ ਮਹੱਤਵਪੂਰਨ ਪਹਿਲੂਆਂ, ਉਨ੍ਹਾਂ ਦੀ ਬਾਣੀ, ਸਮਾਜ ਸੁਧਾਰ ਲਈ ਕੀਤੇ ਕਾਰਜਾਂ ਅਤੇ ਜਾਤ-ਪਾਤ, ਭੇਦਭਾਵ ਅਤੇ ਅੰਧਵਿਸ਼ਵਾਸ ਖ਼ਿਲਾਫ਼ ਦਿੱਤੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ। ਇਸ ਮੌਕੇ ਮੌਜੂਦ ਲੋਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਸੰਤਾਂ, ਗੁਰੂਆਂ ਅਤੇ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਸਮਾਜ ਵਿੱਚ ਆਪਸੀ ਸਾਂਝ, ਸਦਭਾਵਨਾ ਅਤੇ ਬਰਾਬਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।
ਪਿੰਡਾਂ ਦੀਆਂ ਪੰਚਾਇਤਾਂ ਅਤੇ ਪਤਵੰਤਿਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਡਾਕੂਮੈਂਟਰੀ ਪ੍ਰੋਗਰਾਮ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਦੇ ਨਾਲ ਲੋਕਾਂ ਨੂੰ ਸਮਾਜਿਕ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਵੀ ਦਿੰਦੇ ਹਨ।
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਡਾਕੂਮੈਂਟਰੀ ਪ੍ਰੋਗਰਾਮ ਸੂਬੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਕਰਵਾਏ ਜਾ ਰਹੇ ਹਨ ਤਾਂ ਜੋ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਸਮਾਜ ਵਿੱਚ ਸਮਾਨਤਾ, ਸਦਭਾਵਨਾ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
*ਡੱਬੀ ਲਈ ਪ੍ਰਸਤਾਵਿਤ*
ਜ਼ਿਕਰਯੋਗ ਹੈ ਕਿ 16 ਜੁਲਾਈ ਨੂੰ ਬਲਾਕ ਮਾਛੀਵਾੜਾ ਸਾਹਿਬ ਦੇ ਪਿੰਡ ਹੇਰਿਆ ਵਿਖੇ ਸ਼ਾਮ 6:00 ਵਜੇ ਅਤੇ ਪਿੰਡ ਚੂਹੜਪੁਰ ਵਿਖੇ ਸ਼ਾਮ 7:00 ਅਤੇ ਬਲਾਕ ਰਾਏਕੋਟ ਦੇ ਪਿੰਡ ਰਾਮਗੜ੍ਹ ਸਿਵੀਆਂ ਵਿਖੇ ਸ਼ਾਮ 6:00 ਵਜੇ ਅਤੇ ਪਿੰਡ ਸ਼ਾਹਜਹਾਂਪੁਰ ਵਿਖੇ ਸ਼ਾਮ 7:00 ਵਜੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਿਤ ਡਾਕੂਮੈਂਟਰੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
