ਪ੍ਰੋਜੈਕਟ ਅਰਥ ਕਰਾਂਤੀ .

*ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ 'ਪ੍ਰੋਜੈਕਟ ਅਰਥ ਕ੍ਰਾਂਤੀ' ਦੀ ਸ਼ੁਰੂਆਤ, ਸਰਕਾਰੀ ਸਕੂਲਾਂ ਵਿੱਚ ਵਿੱਤੀ ਸਾਖਰਤਾ ਨੂੰ ਮਿਲੇਗਾ ਨਵਾਂ ਉਤਸ਼ਾਹ*

*ਵਿਦਿਆਰਥੀਆਂ ਨੂੰ ਵਿੱਤੀ ਤੌਰ 'ਤੇ ਸਸ਼ਕਤ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਕੀਤਾ 'ਪ੍ਰੋਜੈਕਟ ਅਰਥ ਕ੍ਰਾਂਤੀ' ਦਾ ਆਗਾਜ਼*

*ਪਹਿਲੇ ਪੜਾਅ ਦੌਰਾਨ ਕਰੀਬ 50 ਹਜ਼ਾਰ ਸਰਕਾਰੀ ਸਕੂਲੀ ਵਿਦਿਆਰਥੀਆਂ ਨੂੰ ਵਿੱਤੀ ਸਿੱਖਿਆ ਦੇਣ ਦਾ ਟੀਚਾ: ਹਿਮਾਂਸ਼ੂ ਜੈਨ* 

*ਬਜਟ, ਬੱਚਤ ਤੇ ਡਿਜੀਟਲ ਭੁਗਤਾਨ ਦੀ ਸਿੱਖਿਆ ਹੁਣ ਸਕੂਲਾਂ ਤੱਕ—ਲੁਧਿਆਣਾ 'ਚ ਨਵੀਂ ਪਹਿਲ* 

ਖੰਨਾ / ਲੁਧਿਆਣਾ, 15 ਜੁਲਾਈ ਮਨਜੀਤ ਸਿੰਘ ਧੀਮਾਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਵਿਦਿਆਰਥੀਆਂ ਵਿੱਚ ਵਿੱਤੀ ਸਾਖਰਤਾ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਪੱਧਰੀ ਵਿੱਤੀ ਸਾਖਰਤਾ ਪ੍ਰੋਗਰਾਮ 'ਪ੍ਰੋਜੈਕਟ ਅਰਥ ਕ੍ਰਾਂਤੀ' ਦੀ ਸ਼ੁਰੂਆਤ ਕੀਤੀ। ਇਸ ਪਹਿਲ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿੱਤੀ ਪ੍ਰਬੰਧਨ ਅਤੇ ਜ਼ਿੰਮੇਵਾਰ ਆਰਥਿਕ ਵਿਵਹਾਰ ਬਾਰੇ ਜਾਗਰੂਕ ਕਰਨਾ ਹੈ। ਇਸਦੇ ਨਾਲ ਹੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਇੱਕ ਢਾਂਚਾਗਤ ਇੰਟਰਨਸ਼ਿਪ ਪ੍ਰੋਗਰਾਮ ਰਾਹੀਂ ਸਮਾਜਿਕ ਸੇਵਾ ਅਤੇ ਵਿਹਾਰਕ ਸਿੱਖਣ ਦਾ ਵਿਲੱਖਣ ਮੌਕਾ ਵੀ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ  ਹਿਮਾਂਸ਼ੂ ਜੈਨ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਵਿੱਤੀ ਸਾਖਰਤਾ ਹਰ ਵਿਦਿਆਰਥੀ ਲਈ ਇੱਕ ਬੁਨਿਆਦੀ ਜੀਵਨ ਹੁਨਰ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਜਟ ਬਣਾਉਣਾ, ਬੱਚਤ ਦੀ ਮਹੱਤਤਾ, ਬੈਂਕਿੰਗ ਸੇਵਾਵਾਂ, ਡਿਜੀਟਲ ਭੁਗਤਾਨ, ਸਾਈਬਰ ਸੁਰੱਖਿਆ, ਵਿੱਤੀ ਯੋਜਨਾਬੰਦੀ, ਸਰਕਾਰੀ ਭਲਾਈ ਸਕੀਮਾਂ ਅਤੇ ਜ਼ਿੰਮੇਵਾਰ ਵਿੱਤੀ ਫ਼ੈਸਲੇ ਲੈਣ ਬਾਰੇ ਸਮੇਂ ਸਿਰ ਜਾਣਕਾਰੀ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਤਮਨਿਰਭਰ ਅਤੇ ਜਾਗਰੂਕ ਨਾਗਰਿਕ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਨੂੰ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ। ਪਹਿਲੇ ਪੜਾਅ ਦੌਰਾਨ ਲਗਭਗ 50 ਹਜ਼ਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਸੈਸ਼ਨਾਂ ਰਾਹੀਂ ਲਾਭ ਪਹੁੰਚਾਇਆ ਜਾਵੇਗਾ, ਜਿਸ ਤੋਂ ਬਾਅਦ ਇਸਦਾ ਵਿਸਥਾਰ ਜ਼ਿਲ੍ਹੇ ਦੇ ਹੋਰ ਸਕੂਲਾਂ ਤੱਕ ਕੀਤਾ ਜਾਵੇਗਾ। ਇਸ ਪ੍ਰੋਗਰਾਮ ਤਹਿਤ ਚੁਣੇ ਗਏ ਵਿਦਿਆਰਥੀ ਇੰਟਰਨਾਂ ਨੂੰ ਵਿੱਤੀ ਮਾਹਿਰਾਂ ਵੱਲੋਂ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਪੂਰੀ ਹੋਣ ਤੋਂ ਬਾਅਦ ਇਹ ਇੰਟਰਨ ਸਰਕਾਰੀ ਸਕੂਲਾਂ ਵਿੱਚ ਇੰਟਰਐਕਟਿਵ ਵਿੱਤੀ ਸਾਖਰਤਾ ਸੈਸ਼ਨ ਕਰਵਾਉਣਗੇ, ਜਿਸ ਨਾਲ ਸਕੂਲੀ ਵਿਦਿਆਰਥੀਆਂ ਨੂੰ ਵਿਹਾਰਕ ਅਤੇ ਆਸਾਨ ਢੰਗ ਨਾਲ ਵਿੱਤੀ ਜਾਣਕਾਰੀ ਪ੍ਰਾਪਤ ਹੋਵੇਗੀ। ਸਮਾਗਮ ਵਿੱਚ ਸੀ.ਟੀ. ਯੂਨੀਵਰਸਿਟੀ ਦੇ ਕਰੀਅਰ ਰਿਸੋਰਸ ਸੈਂਟਰ ਦੇ ਡਾਇਰੈਕਟਰ ਡਾ. ਪੰਕਜ ਜੈਨ, ਲੁਧਿਆਣਾ ਦੇ ਲੀਡ ਜ਼ਿਲ੍ਹਾ ਮੈਨੇਜਰ  ਗੁਰਦੀਪ ਸਿੰਘ, ਹੈਡ ਗਵਰਨੈਂਸ ਸੈੱਲ  ਅੰਬਰ ਬੰਦੋਪਾਧਿਆਏ, ਗਵਰਨੈਂਸ ਸੈੱਲ ਦੀ ਮੈਂਬਰ ਗੁਰਮੇਹਰ ਕੌਰ,  ਉਦੈਵੀਰ ਸਿੰਘ,  ਉਦਭਵ ਗੋਇਲ ਅਤੇ  ਭਾਵਨਾ ਗਹਿਲੋਤ ਵੀ ਹਾਜ਼ਰ ਸਨ।
ਸੀ.ਟੀ. ਯੂਨੀਵਰਸਿਟੀ ਨੇ ਵਿਦਿਆਰਥੀ ਇੰਟਰਨਾਂ ਨੂੰ ਨਾਮਜ਼ਦ ਕਰਨ ਦੀ ਵਚਨਬੱਧਤਾ ਜਤਾਈ, ਜਦਕਿ ਲੀਡ ਬੈਂਕ ਦਫ਼ਤਰ ਨੇ ਵਿੱਤੀ ਮਾਹਿਰਾਂ ਅਤੇ ਮਾਸਟਰ ਟ੍ਰੇਨਰਾਂ ਰਾਹੀਂ ਵਿਆਪਕ ਸਿਖਲਾਈ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਗਵਰਨੈਂਸ ਸੈੱਲ ਵੱਲੋਂ ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਬੈਂਕਿੰਗ ਭਾਈਵਾਲਾਂ ਦੇ ਸਹਿਯੋਗ ਨਾਲ ਪੂਰੇ ਪ੍ਰੋਗਰਾਮ ਦਾ ਤਾਲਮੇਲ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਪ੍ਰੋਜੈਕਟ ਅਰਥ ਕ੍ਰਾਂਤੀ ਵਿੱਚ ਵਲੰਟੀਅਰ ਇੰਟਰਨਾਂ ਵਜੋਂ ਰਜਿਸਟਰ ਹੋਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਇਸ ਪਹਿਲ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮਾਹਰ ਸਿਖਲਾਈ, ਵਿਹਾਰਕ ਖੇਤਰੀ ਤਜਰਬਾ ਅਤੇ ਇੰਟਰਨਸ਼ਿਪ ਸਰਟੀਫਿਕੇਟ ਪ੍ਰਦਾਨ ਕੀਤਾ ਜਾਵੇਗਾ, ਜੋ ਉਨ੍ਹਾਂ ਦੇ ਭਵਿੱਖੀ ਕਰੀਅਰ ਲਈ ਵੀ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਪਹਿਲ ਜ਼ਿਲ੍ਹੇ ਵਿੱਚ ਵਿੱਤੀ ਤੌਰ 'ਤੇ ਜਾਗਰੂਕ ਅਤੇ ਜ਼ਿੰਮੇਵਾਰ ਨੌਜਵਾਨ ਪੀੜ੍ਹੀ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।