ਕਾਲਾ ਦਿਵਸ ਮਨਾਇਆ .
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਨੇ 17-07-2020 ਦੇ ਮੁਲਾਜ਼ਮ ਮਾਰੂ ਪੱਤਰ ਦੀਆਂ ਕਾਪੀਆਂ ਸਾੜ ਮਨਾਇਆ ਕਾਲਾ ਦਿਨ
ਆਗੂਆਂ ਨੇ 7 ਅਗਸਤ ਨੂੰ ਮੋਹਾਲੀ 'ਚ ਹੋਣ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਕਰਨ ਦੇ ਕੀਤੇ ਆਦੇਸ਼
ਲੁਧਿਆਣਾ, 17 ਜੁਲਾਈ (ਇੰਦਰਜੀਤ): ਸਾਂਝਾ ਮੁਲਾਜ਼ਮ ਮੰਚ ਦੇ ਸੂਬਾ ਸੂਬਾ ਪੱਧਰੀ ਸੱਦੇ 'ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਅੱਜ ਡਿਪਟੀ ਕਮਿਸਨਰ ਦਫਤਰਾਂ ਦੇ ਬਾਹਰ ਇਕੱਠੇ ਹੋ ਕੇ 17-07-2020 ਦੇ ਮੁਲਾਜ਼ਮ ਮਾਰੂ ਪਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਮੁਲਾਜ਼ਮਾਂ ਵਿੱਚ ਜਿੱਥੇ ਜੋਸ਼ ਦਿਖਾਈ ਦਿੱਤਾ ਉੱਥੇ ਹੀ ਉਹ ਖਫਾ ਵੀ ਨਜਰ ਆਏ। ਮੁਲਾਜਮ ਆਗੂਆਂ ਨੇ ਸਾਫ ਆਖ ਦਿੱਤਾ ਕਿ ਜੇਕਰ ਮੁਲਾਜਮਾਂ ਦੀਆਂ ਵੋਟਾਂ ਲੈਣੀਆਂ ਹਨ ਤਾਂ ਮੁਲਾਜਮਾਂ ਦੀਆਂ ਲਟਕਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰੋ ਨਹੀਂ ਤਾਂ 2027 ਚ ਆਪ ਨੂੰ ਦਫਾ ਕਰਨ ਦੀ ਮੁਲਾਜਮਾਂ ਵੱਲੋਂ ਪੱਕੀ ਗਾਰੰਟੀ ਹੈ।
ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ 18 ਫੀਸਦੀ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਏ.ਸੀ.ਪੀ. ਸਕੀਮ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 17 ਜੁਲਾਈ 2020 ਦੇ ਪੱਤਰ ਰਾਹੀਂ ਲਾਗੂ ਕੀਤੇ ਕੇਂਦਰੀ ਤਨਖਾਹ ਕਮਿਸ਼ਨ ਨੂੰ ਰੱਦ ਕਰਨ, 15 ਜਨਵਰੀ 2015 ਦੇ ਪ੍ਰੋਬੇਸ਼ਨ ਪੀਰੀਅਡ ਵਿੱਚ ਵਾਧੇ ਵਾਲੇ ਪੱਤਰ ਨੂੰ ਵਾਪਸ ਲੈਣ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇਣ, ਕੱਚੇ ਕਾਮਿਆਂ ਨੂੰ ਪੱਕਾ ਕਰਨ ਅਤੇ ਮਾਣ-ਭੱਤੇ ’ਤੇ ਕੰਮ ਕਰਦੀਆਂ ਬੀਬੀਆਂ ਨੂੰ ਘੱਟੋ-ਘੱਟ ਉਜਰਤਾਂ ਲਾਗੂ ਕਰਨ ਵਰਗੀਆਂ ਮੰਗਾਂ ਲੰਬੇ ਸਮੇਂ ਤੋਂ ਅਣਸੁਣੀਆਂ ਕੀਤੀਆਂ ਜਾ ਰਹੀਆਂ ਹਨ।
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 07 ਅਗਸਤ ਨੂੰ ਲੱਖਾਂ ਦੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਮੋਹਾਲੀ ਵੱਲ ਕੂਚ ਕਰਨਗੇ ਅਤੇ ਸਰਕਾਰ ਨੂੰ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਮਜਬੂਰ ਕਰਨਗੇ।
ਬੁਲਾਰਿਆਂ ਨੇ ਕਿਹਾ ਕਿ ਸੰਘਰਸ਼ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਤੱਕ ਨਾ ਸਿਰਫ਼ ਜਾਰੀ ਰਹੇਗਾ, ਸਗੋਂ ਹੋਰ ਵਧੇਰੇ ਵਿਸ਼ਾਲ ਅਤੇ ਤਿੱਖਾ ਰੂਪ ਧਾਰਨ ਕਰੇਗਾ।ਇਸ ਮੌਕੇ ਜਿਲ੍ਹੇ ਭਰ ਦੇ ਸਾਰੇ ਸਰਕਾਰੀ ਵਿਭਾਗਾਂ ਦੀਆਂ ਯੂਨੀਅਨਾਂ ਅਤੇ ਪੈਂਸ਼ਨਰਜ ਯੂਨੀਅਨਾਂ ਦੇ ਆਗੂ ਵੱਡੀ ਗਿਣਤੀ 'ਚ ਹਾਜਰ ਸਨ।
